'ਚੋਰ ਮਚਾਵੇ ਸ਼ੋਰ ਦਾ ਪਰਦਾਫਾਸ਼'; ਭਵਾਨੀਗੜ੍ਹ ’ਚ ਪੁਲਸ ਨੇ ਆੜ੍ਹਤੀਏ ਦਾ ਡਰਾਈਵਰ ਹੀ ਚੋਰੀ ਦੀ ਰਕਮ ਸਮੇਤ ਕੀਤਾ ਕਾਬੂ (ਵੀਡੀਓ ਵੀ ਦੇਖੋ)
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 27 ਮਈ, 2022: ਬੀਤੇ ਕੱਲ੍ਹ ਦਿਨ ਦਿਹਾੜੇ ਭਵਾਨੀਗੜ੍ਹ ਸ਼ਹਿਰ ਦੀ ਅਨਾਜ ਮੰਡੀ 'ਚੋਂ ਇੱਕ ਆੜ੍ਹਤੀਏ ਦੀ ਦੁਕਾਨ ਤੋਂ ਲੱਖਾਂ ਰੁਪਏ ਦੀ ਨਗਦੀ ਚੋਰੀ ਹੋ ਜਾਣ ਦੀ ਘਟਨਾ ਨੂੰ ਸੁਲਝਾਉਂਦਿਆਂ ਪੁਲਸ ਨੇ ਆੜ੍ਹਤੀਏ ਦੇ ਡਰਾਇਵਰ ਨੂੰ ਚੋਰੀ ਦੀ ਰਕਮ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਈ.ਪੀ.ਐੱਸ ਮਨਦੀਪ ਸਿੰਘ ਸਿੱਧੂ ਐੱਸ.ਐੱਸ.ਪੀ. ਸੰਗਰੂਰ ਨੇ ਦੱਸਿਆ ਕਿ ਥਾਣਾ ਭਵਾਨੀਗੜ੍ਹ ਵਿਖੇ ਸੂਚਨਾ ਮਿਲੀ ਸੀ ਕਿ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਆੜ੍ਹਤੀ ਵਿਨੋਦ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਦਸਮੇਸ਼ ਨਗਰ ਭਵਾਨੀਗੜ੍ਹ ਦੀ ਦੁਕਾਨ 'ਚੋਂ ਵੀਰਵਾਰ ਕਰੀਬ 3 ਵਜੇ ਬਾਅਦ ਦੁਪਹਿਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ 6 ਲੱਖ ਰੁਪਏ ਚੋਰੀ ਕਰ ਲਏ ਗਏ। ਜਿਸ ਸਬੰਧੀ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਪੁਲਸ ਨੇ ਅਣਪਛਾਤੇ ਵਿਅਕਤੀ ਸਬੰਧੀ ਤਫਤੀਸ਼ ਸ਼ੁਰੂ ਕਰ ਦਿੱਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
'ਚੋਰ ਮਚਾਵੇ ਸ਼ੋਰ ਦਾ ਪਰਦਾਫਾਸ਼'; ਭਵਾਨੀਗੜ੍ਹ ’ਚ ਪੁਲਸ ਨੇ ਆੜ੍ਹਤੀਏ ਦਾ ਡਰਾਈਵਰ ਹੀ ਚੋਰੀ ਦੀ ਰਕਮ ਸਮੇਤ ਕੀਤਾ ਕਾਬੂ (ਵੀਡੀਓ ਵੀ ਦੇਖੋ)
ਐੱਸ.ਐੱਸ.ਪੀ. ਸਿੱਧੂ ਨੇ ਦੱਸਿਆ ਕਿ ਮਾਮਲੇ ਸਬੰਧੀ ਡੀ.ਐੱਸ.ਪੀ ਭਵਾਨੀਗੜ੍ਹ ਅਤੇ ਪ੍ਰਦੀਪ ਸਿੰਘ ਮੁੱਖ ਅਫ਼ਸਰ ਥਾਣਾ ਭਵਾਨੀਗੜ੍ਹ ਵੱਲੋਂ ਤੁਰੰਤ ਪੁਲਸ ਟੀਮਾਂ ਬਣਾ ਕੇ ਵੱਖ-ਵੱਖ ਥਾਵਾਂ 'ਚ ਭੇਜੀਆਂ ਗਈਆਂ ਤਾਂ ਇਸ ਦੌਰਾਨ ਟੈਕਨੀਕਲ ਸਰਵਿਲੈਂਸ ਦੇ ਆਧਾਰ 'ਤੇ ਇੱਕ ਮੋਟਰਸਾਈਕਲ ਨੰਬਰ ਪੀ.ਬੀ. 84-1229 ਮਾਰਕਾ ਸੀਡੀ ਡੀਲਕਸ ਵਾਰਦਾਤ 'ਚ ਵਰਤਿਆ ਪਾਇਆ ਗਿਆ, ਜਿਸ ਸਬੰਧੀ ਮੋਟਰਸਾਈਕਲ ਦੇ ਮਾਲਕ ਗੁਰਜੰਟ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਕਤ ਮੋਟਰਸਾਈਕਲ ਨੂੰ ਉਸਦਾ ਭਰਾ ਗਾਮਾ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਭਵਾਨੀਗੜ੍ਹ ਮੰਗ ਕੇ ਲੈ ਗਿਆ ਸੀ। ਗਾਮਾ ਸਿੰਘ ਜੋ ਉਕਤ ਆੜਤੀਏ ਵਿਨੋਦ ਕੁਮਾਰ ਕੋਲ ਬਤੌਰ ਡਰਾਇਵਰ ਨੌਕਰੀ ਕਰਦਾ ਸੀ ਨੂੰ ਮੁਕੱਦਮੇ 'ਚ ਨਾਮਜ਼ਦ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਕੇ 3 ਲੱਖ 26 ਹਜਾਰ 800 ਰੁਪਏ ਆਪਣੇ ਘਰ ਦੇ ਬੈੱਡ ਦੇ ਸਰ੍ਹਾਣੇ 'ਚੋਂ ਕੱਢ ਕੇ ਬਰਾਮਦ ਕਰਵਾਏ।
ਜ਼ਿਲ੍ਹਾ ਪੁਲਸ ਮੁੱਖੀ ਸਿੱਧੂ ਨੇ ਦੱਸਿਆ ਕਿ ਚੋਰੀ ਹੋਈ ਰਕਮ ਅਤੇ ਬਰਾਮਦ ਕੀਤੀ ਗਈ ਰਕਮ ਵਿੱਚ ਕਾਫ਼ੀ ਅੰਤਰ ਪਾਏ ਜਾਣ 'ਤੇ ਆੜ੍ਹਤੀਏ ਵਿਨੋਦ ਕੁਮਾਰ ਨੂੰ ਆਪਣਾ ਹਿਸਾਬ ਕਿਤਾਬ ਦੁਬਾਰਾ ਵਾਚਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਆੜ੍ਹਤੀ ਵਿਨੋਦ ਕੁਮਾਰ ਨੇ ਚੋਰੀ ਹੋਈ ਰਕਮ 6 ਲੱਖ ਦੱਸੀ ਸੀ ਪਰ ਮੁਲਜ਼ਮ ਨੇ ਚੋਰੀ ਦੀ ਰਕਮ 3 ਲੱਖ 37 ਹਜ਼ਾਰ ਦੱਸੀ ਹੈ। ਬਾਅਦ ਵਿੱਚ ਆੜ੍ਹਤੀ ਨੇ ਆਪਣੀ ਗਲਤੀ ਮੰਨੀ ਹੈ ਕਿ 6 ਲੱਖ ਗਲਤੀ ਨਾਲ ਦੱਸੇ ਗਏ ਸੀ। ਆੜ੍ਹਤੀਏ ਕਿਹਾ ਕਿ ਹਿਸਾਬ ਵਿੱਚ ਗ਼ਲਤੀ ਲੱਗ ਗਈ ਸੀ ਤੇ ਉਸਦੇ 3 ਲੱਖ 37 ਹਜ਼ਾਰ ਰੁਪਏ ਹੀ ਚੋਰੀ ਹੋਏ ਸਨ।
ਪੁਲਸ ਨੇ ਦੱਸਿਆ ਕਿ ਗਾਮਾ ਸਿੰਘ ਖਾਣਾ ਖਾਣ ਲਈ ਘਰ ਚਲਾ ਗਿਆ ਅਤੇ ਉਸ ਤੋਂ ਬਾਅਦ ਆੜ੍ਹਤੀਆ ਵਿਨੋਦ ਕੁਮਾਰ ਵੀ ਆਪਣੇ ਘਰ ਚਲਾ ਗਿਆ ਤਾਂ ਬਾਅਦ ਵਿੱਚ ਗਾਮਾ ਸਿੰਘ ਨੇ ਆੜ੍ਹਤੀਏ ਦੀ ਗੈਰ ਮੌਜੂਦਗੀ 'ਚ ਦੁਕਾਨ 'ਤੇ ਆ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਚੋਰੀ ਦੇ ਪੈਸੇ ਘਰ ਜਾ ਕੇ ਬੈੱਡ 'ਚ ਲੁਕੇ ਕੇ ਵਾਪਸ ਦੁਕਾਨ 'ਤੇ ਆ ਗਿਆ ਤੇ ਚੋਰੀ ਹੋਣ ਦਾ ਰੌਲਾ ਪਾ ਦਿੱਤਾ। ਪੁਲਸ ਨੇ ਦੱਸਿਆ ਕਿ ਉਕਤ ਗਾਮਾ ਸਿੰਘ ਖਿਲਾਫ਼ ਸਾਲ 1997 'ਚ ਥਾਣਾ ਭਵਾਨੀ (ਹਰਿਆਣਾ) ਵਿਖੇ ਐੱਨ.ਡੀ.ਪੀ.ਐੱਸ ਐਕਟ ਤਹਿਤ ਪਰਚਾ ਦਰਜ ਹੋਇਆ ਸੀ ਜਿਸ ਮਾਮਲੇ 'ਚ ਉਹ 10 ਸਾਲ ਦੀ ਕੈਦ ਕੱਟ ਚੁੱਕਾ ਹੈ।