ਵੀਡੀਓ: ਸੰਗਰੂਰ 'ਚ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ 7 ਲੜਕੀਆਂ ਪਾਣੀ ਦੀ ਟੈਂਕੀ 'ਤੇ ਚੜ੍ਹ ਗਈਆਂ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 1 ਜੂਨ 2022 -
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: ਸੰਗਰੂਰ 'ਚ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ 7 ਲੜਕੀਆਂ ਪਾਣੀ ਦੀ ਟੈਂਕੀ 'ਤੇ ਚੜ੍ਹ ਗਈਆਂ
ਸੰਗਰੂਰ, 1 ਜੂਨ, 2022: ਸਾਲ 2016 ਦੀ ਪੰਜਾਬ ਪੁਲਿਸ ਦੀ ਅਧੂਰੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਪੱਕੇ ਰੋਸ ਧਰਨੇ ’ਤੇ ਬੈਠੇ ਪੰਜਾਬ ਪੁਲੀਸ ਭਰਤੀ ਉਮੀਦਵਾਰਾਂ ਵਿਚੋਂ ਸੱਤ ਕੁੜੀਆਂ ਅੱਜ ਸਵੇਰੇ ਇੱਥੇ ਹਰੀਪੁਰਾ ਰੋਡ ਤੇ ਕਰੀਬ ਸੌ ਫੁੱਟ ਉੱਚੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਨਾਂ ਨਾਲ ਦੇ ਬੇਰੁਜ਼ਗਾਰ ਉਮੀਦਵਾਰਾਂ ਨੇ ਹੇਠਾਂ ਧਰਨਾ ਲਗਾ ਦਿੱਤਾ ਹੈ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਸਾਲ 2016 ਤੋਂ ਲਟਕ ਰਹੀ ਭਰਤੀ ਮੁਕੰਮਲ ਕਰਕੇ ਤੁਰੰਤ ਨਿਯੁਕਤੀ ਪੱਤਰ ਸੌਂਪੇ ਜਾਣ। ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਵੇਲੇ ਵੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਇਹ ਬੇਰੋਜ਼ਗਾਰ ਸੰਘਰਸ਼ ਕਰਦੇ ਰਹੇ ਹਨ।
ਸੂਬਾ ਆਗੂ ਜਗਦੀਪ ਸਿੰਘ ਨੇ ਕਿਹਾ ਕਿ ਭਰਤੀ ਲਈ ਮੈਡੀਕਲ ਤੇ ਵੈਰੀਫਿਕੇਸ਼ਨ ਹੋ ਚੁੱਕੀ ਹੈ ਪਰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ। ਮੁੱਖ ਮੰਤਰੀ ਨੇ ਮਹੀਨੇ ’ਚ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਤੇ 9 ਮਈ ਨੂੰ ਭਰੋਸੇ ਦੀ ਮਿਆਦ ਵੀ ਲੰਘ ਚੁੱਕੀ ਹੈ, ਜਿਸ ਤੋਂ ਖ਼ਫ਼ਾ ਉਮੀਦਵਾਰ 10 ਮਈ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕੇ ਮੋਰਚੇ ਤੇ ਬੈਠੇ ਹਨ।
ਬੇਰੁਜ਼ਗਾਰਾਂ ਨੇ ਦੱਸਿਆ ਕਿ 2016 ਵਿਚ 7416 ਅਸਾਮੀਆਂ ਦੀ ਭਰਤੀ ਕੀਤੀ ਗਈ ਸੀ। ਇਹ ਮਾਮਲਾ ਪਿਛਲੇ 6 ਸਾਲਾਂ ਤੋਂ ਲਟਕਿਆ ਹੋਇਆ ਹੈ। ਭਰਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਬਿਨੈਕਾਰਾਂ ਦੀ ਪਹਿਲਾਂ ਹੀ ਤਸਦੀਕ ਕੀਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਜੁਆਇਨ ਨਹੀਂ ਕਰਵਾਇਆ ਜਾ ਰਿਹਾ।
ਉਨ੍ਹਾਂ 2016 ਦੀ ਵੇਟਿੰਗ ਲਿਸਟ ਅਤੇ ਵੈਰੀਫਿਕੇਸ਼ਨ ਨੂੰ ਕਲੀਅਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਭਗਵੰਤ ਮਾਨ ਨੇ ਭਰੋਸਾ ਦਿੱਤਾ ਸੀ ਕਿ ਜੇਕਰ ਚੋਣਾਂ ਤੋਂ ਬਾਅਦ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਦੀ ਮੰਗ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ, ਪਰ ਹੁਣ ਸਰਕਾਰ ਬਣਨ ਤੋਂ ਬਾਅਦ ਉਹ ਉਨ੍ਹਾਂ ਨੂੰ ਮਿਲਣ ਤੋਂ ਵੀ ਮੂੰਹ ਮੋੜ ਰਹੇ ਹਨ।