ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿਚ ਜਾਨੋਂ ਮਾਰਨ ਦਾ ਖਦਸ਼ਾ ; ਅਕਾਲੀ ਦਲ ਨੇ ਰਾਜਪਾਲ ਕੋਲ ਪ੍ਰਗਟਾਇਆ ਖਦਸ਼ਾ
- ਹਰਪ੍ਰੀਤ ਸਿੱਧੂ ਦੇ ਏ ਡੀ ਜੀ ਪੀ ਜੇਲ੍ਹਾਂ ਰਹਿੰਦਿਆਂ ਮੇਰੇ ਭਰਾ ਦੀ ਜਾਨ ਸੁਰੱਖਿਅਤ ਨਹੀਂ : ਹਰਸਿਮਰਤ ਕੌਰ ਬਾਦਲ
- ਗਨੀਵ ਕੌਰ ਮਜੀਠੀਆ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਕਿਹਾ ਕਿ ਏ ਡੀ ਜੀ ਪੀ ਜੇਲ੍ਹਾਂ ਹਰਪ੍ਰੀਤ ਸਿੱਧੂ ਦੇ ਰਹਿੰਦਿਆਂ ਉਹਨਾਂ ਦੇ ਪਤੀ ’ਤੇ ਹੋਰ ਵੀ ਝੂਠਾ ਕੇਸ ਪਾਇਆ ਜਾ ਸਕਦਾ ਹੈ ਜਾਂ ਕੋਈ ਵੀ ਬਰਾਮਦਗੀ ਪਾਈ ਜਾ ਸਕਦੀ ਹੈ
ਚੰਡੀਗੜ੍ਹ, 8 ਜੂਨ 2022 - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੁੰ ਦੱਸਿਆ ਕਿ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੁੰ ਜੇਲ੍ਹ ਵਿਚ ਖ਼ਤਰਾ ਹੈ ਤੇ ਇਸਦੇ ਨਾਲ ਹੀ ਉਹਨਾਂ ’ਤੇ ਕੋਈ ਵੀ ਬਰਾਮਦਗੀ ਪਾ ਕੇ ਉਹਨਾਂ ਨੁੰ ਇਕ ਹੋਰ ਝੂਠੇ ਮੁਕੱਦਮੇ ਵਿਚ ਫਸਾਇਆ ਜਾ ਸਕਦਾ ਹੈ।
ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਇਯਾਲੀ ਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਤੇ ਮਜੀਠਾ ਹਲਕੇ ਤੋਂ ਵਿਧਾਇਕ ਸਰਦਾਰਨੀ ਗਨੀਵ ਕੌਰ ਮਜੀਠੀਆ ਸਮੇਤ ਅਕਾਲੀ ਦਲ ਦੇ ਇਕ ਵਫਦ ਨੇ ਅੱਜ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਆਖਿਆ ਕਿ ਉਹ ਹਰਪ੍ਰੀਤ ਸਿੱਧੂ ਨੁੰ ਏ ਡੀ ਜੀ ਪੀ ਜੇਲ੍ਹਾਂ ਦੇ ਦਿੱਤੇ ਐਡੀਸ਼ਨ ਚਾਰਜ ਨੂੰ ਵਾਪਸ ਲੈਣ ਲਈ ਤੁਰੰਤ ਹਦਾਇਤਾਂ ਜਾਰੀ ਕਰਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
ਜਾਣੋ ਕਿਉਂ Harsimrat Kaur Badal and Ganieve Kaur Majithia (MLA) ਮਿਲੇ ਗਵਰਨਰ ਪੰਜਾਬ ਨੂੰ (ਵੀਡੀਓ ਵੀ ਦੇਖੋ)
ਵਫਦ ਨੇ ਰਾਜਪਾਲ ਦੇ ਧਿਆਨ ਵਿਚ ਲਿਆਂਦਾ ਕਿ ਪਿਛਲੀ ਸਰਕਾਰ ਵਾਂਗੂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੀ ਸ੍ਰੀ ਹਰਪ੍ਰੀਤ ਸਿੱਧੂ ਦੇ ਹੱਥਾਂ ਵਿਚ ਖੇਡ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਅਫਸਰ ਜੋ ਨਸ਼ਿਆਂ ਨੁੰ ਖ਼ਤਮ ਕਰਨ ਲਈ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਵਜੋਂ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ, ਨੂੰ ਏ ਡੀ ਜੀ ਪੀ ਜੇਲ੍ਹਾਂ ਦਾ ਐਡੀਸ਼ਨਲ ਚਾਰਜ ਸਿਰਫ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਨਿੱਜੀ ਕਿੜਾਂ ਕੱਢਣ ਵਾਸਤੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਆਮ ਆਦਮੀ ਪਾਰਟੀ ਵਾਸਤੇ ਸਿਆਸੀ ਤੌਰ ’ਤੇ ਲਾਹੇਵੰਦ ਹੈ ਕਿਉਂਕਿ ਇਸਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਸਰਦਾਰ ਮਜੀਠੀਆ ਨਾਲ ਲੱਗਦੇ ਹਨ ਕਿਉਂਕਿ ਉਹਨਾਂ ਨੂੰ ਨਸ਼ਿਆਂ ਦੇ ਮਾਮਲੇ ਵਿਚ ਉਹਨਾਂ ਖਿਲਾਫ ਲਾਏ ਦੋਸ਼ਾਂ ਲਈ ਉਹਨਾਂ ਤੋਂ ਮੁਆਫੀ ਮੰਗਣੀ ਪਈ ਹੈ।
ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਤੱਕ ਹਰਪ੍ਰੀਤ ਸਿੰਘ ਸਿੱਧੂ ਏ ਡੀ ਜੀ ਪੀ ਜੇਲ੍ਹਾਂ ਰਹੇਗਾ, ਮੇਰੇ ਭਰਾ ਦੀ ਜੇਲ੍ਹ ਵਿਚ ਜਾਨ ਸੁਰੱਖਿਅਤ ਨਹੀਂ ਹੈ। ਉਹਨਾਂ ਕਿਹਾ ਕਿ ਪੁਲਿਸ ਅਫਸਰ ਉਹਨਾਂ ਦੇ ਭਰਾ ਦਾ ਨੁਕਸਾਨ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਲ੍ਹ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੁੰ ਖ਼ਤਮ ਕੀਤਾ ਜਾ ਸਕਦਾ ਹੈ ਜਾਂ ਫਿਰ ਉਹਨਾਂ ਨੁੰ ਇਕ ਹੋਰ ਝੂਠੇ ਕੇਸ ਵਿਚ ਸਫਾਇਆ ਜਾ ਸਕਦਾ ਹੈ।
ਵੇਰਵੇ ਸਾਂਝੇ ਕਰਦਿਆਂ ਸਰਦਾਰਨੀ ਗਨੀਵ ਕੌਰ ਮਜੀਠੀਆ ਨੇ ਮੀਡੀਆ ਨੂੰ ਦੱਸਿਆ ਕਿ ਪਰਿਵਾਰ ਨੁੰ ਡਰ ਹੈ ਕਿ ਹਰਪ੍ਰੀਤ ਸਿੱਧੂ ਉਹਨਾਂ ਦੇ ਪਤੀ ਖਿਲਾਫ ਇਕ ਹੋਰ ਝੁਠੀ ਐਫ ਆਈ ਆਰ ਦਰਜ ਕਰ ਦੇਵੇਗਾ। ਉਹਨਾਂ ਦੱਸਿਆ ਕਿ ਉਹਨਾਂ ਨੇ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਮਾਮਲੇ ਵਿਚ ਦਖਲ ਦੇਣ ਅਤੇ ਉਹਨਾਂ ਦੇ ਪਰਿਵਾਰ ਨੁੰ ਨਿਆਂ ਦੇਣ ਕਿਉਂਕਿ ਪਰਿਵਾਰ ਬਦਲਾਖੋਰੀ ਤੋਂ ਪੀੜਤ ਹੈ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਫਦ ਨੇ ਰਾਜਪਾਲ ਨੁੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਸਿੱਧੂ ਜਿਸਦੀ ਮਜੀਠੀਆ ਪਰਿਵਾਰ ਨਾਲ ਦੁਸ਼ਮਣੀ ਹੈ, ਨੁੰ ਸੁਪਰ ਡੀ ਜੀ ਪੀ ਵਜੋਂ ਕੰਮ ਨਹੀਂ ਕਰਨ ਦੇਣਾ ਚਾਹੀਦਾ। ਵਫਦ ਨੇ ਦੱਸਿਆ ਕਿ ਪੁਲਿਸ ਅਫਸਰ ਨਾ ਸਿਰਫ ਐਸ ਟੀ ਐਫ ਦੇ ਮੁਖੀ ਵਜੋਂ ਸਰਦਾਰ ਮਜੀਠੀਆ ਦੇ ਖਿਲਾਫ ਦੋਸ਼ਾਂ ਦੀ ਜਾਂਚ ਲਈ ਐਸ ਟੀ ਐਫ ਗਠਿਤ ਕਰਵਾਉਣ ਲਈ ਜ਼ਿੰਮੇਵਾਰ ਹਨ ਬਲਕਿ ਉਹ ਇਸ ਨੁੰ ਕੰਟਰੋਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਸ੍ਰੀ ਸਿੱਧੂ ਨੁੰ ਜੇਲ੍ਹ ਵਿਭਾਗ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ ਤਾਂ ਜੋ ਉਹ ਸਰਦਾਰ ਮਜੀਠੀਆ ਦੇ ਖਿਲਾਫ ਹੋਰ ਝੂਠੇ ਸਬੂਤ ਜੁਟਾ ਸਕਣ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਸ੍ਰੀ ਸਿੱਧੂ ਦੀ ਮਜੀਠੀਆ ਪਰਿਵਾਰ ਨਾਲ ਦੁਸ਼ਮਣੀ ਚਲੀ ਆ ਰਹੀ ਹੈ। ਉਹਨਾਂ ਕਿਹਾ ਕਿ ਕਿ ਪੁਲਿਸ ਅਫਸਰ ਦੀ ਸਰਦਾਰ ਮਜੀਠੀਆ ਨਾਲ ਰਿਸ਼ਤੇਦਾਰੀ ਹੈ ਤੇ ਦੋਹਾਂ ਪਰਿਵਾਰਾਂ ਵਿਚਕਾਰ ਪੀੜੀਆਂ ਤੋਂ ਦੁਸ਼ਮਣੀ ਹੈ ਕਿਉਂਕਿ ਸ੍ਰੀ ਸਿੱਧੂ ਦਾ ਪਰਿਵਾਰ ਉਹਨਾਂ ਦੀ ਮਾਸੀ ਦੀ ਮੌਤ ਲਈ ਸਰਦਾਰ ਮਜੀਠੀਆ ਦੇ ਪਰਿਵਾਰ ਨੁੰ ਜ਼ਿੰਮੇਵਾਰ ਮੰਨਦਾ ਹੈ। ਉਹਨਾਂ ਕਿਹਾ ਕਿ ਇਸ ਪਿਛੋਕੜ ਦੇ ਬਾਵਜੂਦ ਸ੍ਰੀ ਸਿੱਧੂ ਨੇ ਸਰਦਾਰ ਮਜੀਠੀਆ ਦੇ ਨਸ਼ਿਆਂ ਦੇ ਮਾਮਲੇ ਵਿਚ ਭੂਮਿਕਾ ਦੀ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੁਸ਼ਮਣੀ ਬਾਰੇ ਹਾਈ ਕੋਰਟ ਵਿਚ ਪਰਦਾ ਬਣਾ ਕੇ ਰੱਖਿਆ। ਉਹਨਾਂ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪਟਿਆਲਾ ਕੇਂਦਰੀ ਜੇਲ੍ਹ ਦੇ ਤਿੰਨ ਸੁਪਰਡੈਂਟ ਬਦਲ ਦਿੱਤੇ ਤਾਂ ਜੋ ਸਰਦਾਰ ਮਜੀਠੀਆ ਨੁੰ ਨਿਸ਼ਾਨਾ ਬਣਾਇਆ ਜਾ ਸਕੇ।
ਅਕਾਲੀ ਦਲ ਦੇ ਵਫਦ ਨੇ ਇਹ ਵੀ ਦੱਸਿਆ ਕਿ ਕਿਵੇਂ ਸਰਦਾਰ ਮਜੀਠੀਆ ਨਾਲ ਜੇਲ੍ਹ ਵਿਚ ਅਣਮਨੁੱਖੀ ਸਲੂਕ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਕਿ ਹਾਲ ਵਿਚ ਜੇਲ੍ਹ ਮੰਤਰੀ ਦੇ ਜੇਲ੍ਹ ਦੌਰੇ ਦੌਰਾਨ ਸਾਬਕਾ ਮੰਤਰੀ ਨੁੰ ਉਸ ਚੱਕੀ ਵਿਚ ਬੰਦ ਕਰ ਦਿੱਤਾ ਗਿਆ ਜੋ ਮਨੁੱਖਾਂ ਦੇ ਰਹਿਣ ਲਈ ਅਣਫਿੱਟ ਤੇ ਅਸੁਰੱਖਿਅਤ ਹੈ। ਉਹਨਾਂ ਇਹ ਵੀ ਦੱਸਿਆ ਕਿ ਸਰਦਾਰ ਮਜੀਠੀਆ ਨੂੰ 8 ਬਾਈ 8 ਸਾਈਜ਼ ਦੀ ਜੇਲ੍ਹ ਵਿਚ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ ਸਰਦਾਰ ਮਜੀਠੀਆ ਨੂੰ ਇਸ ਸੈਲ ਵਿਚ ਤਬਦੀਲ ਕਰਨ ਦਾ ਮਕਸਦ ਸਿਰਫ ਉਹਨਾ ਨੁੰ ਜ਼ਲੀਲ ਕਰਨਾ ਤੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨਾ ਹੈ।