ਕਿਸਾਨ ਜਥੇਬੰਦੀ ਵੱਲੋਂ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਵਾਉਣ ਲਈ ਪੰਚਾਇਤ ਮੰਤਰੀ ਦੇ ਘਰ ਬਾਹਰ ਇਕੱਠ
- ਝੋਨੇ ਦੇ ਭਾਅ ਵਿੱਚ ਨਿਗੂਣੇ ਵਾਧੇ ਖਿਲਾਫ ਮੋਦੀ ਸਰਕਾਰ ਦੀ ਅਰਥੀ ਸਾੜ ਕੀਤਾ ਪ੍ਰਦਰਸ਼ਨ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 9 ਜੂਨ 2022 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਪਿੰਡ ਜਗਦੇਵ ਕਲਾਂ ਅੰਮ੍ਰਿਤਸਰ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਘਰ ਮੂਹਰੇ ਵਿਸ਼ਾਲ ਇਕੱਠ ਕੀਤਾ ਗਿਆ ਅਤੇ ਕਹਿਰ ਦੀ ਗਰਮੀ ਦੇ ਬਾਵਜੂਦ ਹਜ਼ਾਰਾਂ ਕਿਸਾਨ, ਮਜ਼ਦੂਰ,ਬੀਬੀਆਂ ਇਸ ਰੈਲੀ ਵਿਚ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ, ਜਰਮਨਜੀਤ ਸਿੰਘ ਬੰਡਾਲਾ,ਸਕੱਤਰ ਸਿੰਘ ਕੋਟਲਾ ਨੇ ਕਿਹਾ ਕਿ 1947 ਅਤੇ ਉਸਤੋਂ ਬਾਅਦ ਜੰਗਲ ਬੇਲੇ ਪੁੱਟ ਕੇ ਆਬਾਦ ਕੀਤੀਆਂ ਜ਼ਮੀਨਾਂ ਨੂੰ ਪੱਧਰਾ ਕੀਤਾ ਅਤੇ ਫਿਰ ਦੇਸ਼ ਦੇ ਅੰਨ ਭੰਡਾਰ ਅਨਾਜ ਪੈਦਾ ਕਰਕੇ ਭਰੇ। ਪਰ ਅਜੇ ਤੱਕ ਉਨ੍ਹਾਂ ਆਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਨਹੀਂ ਮਿਲੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਕਿਸਾਨ ਜਥੇਬੰਦੀ ਵੱਲੋਂ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਵਾਉਣ ਲਈ ਪੰਚਾਇਤ ਮੰਤਰੀ ਦੇ ਘਰ ਬਾਹਰ ਇਕੱਠ (ਵੀਡੀਓ ਵੀ ਦੇਖੋ)
ਆਗੂਆਂ ਨੇ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਦਾ ਕਾਨੂੰਨ ਪਾਸ ਕਰਕੇ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਵੇ,ਧਰਤੀ ਹੇਠਲਾ ਪਾਣੀ ਬਚਾਉਣ ਲਈ ਨਹਿਰੀ ਪਾਣੀ ਹੇਠ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ, ਨਹਿਰਾਂ ਵਿੱਚ ਤੁਰੰਤ ਪਾਣੀ ਛੱਡਿਆ ਜਾਵੇ ਤੇ ਟੈਲਾਂ ਤੱਕ ਪਹੁੰਚਾਇਆ ਜਾਵੇ, ਘੱਟ ਪਾਣੀ ਵਾਲੀਆਂ ਫ਼ਸਲਾਂ ਦੇ ਭਾਅ ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਐਲਾਨੇ ਜਾਣ,ਦਰਿਆਵਾਂ,ਨਹਿਰਾਂ ਵਿੱਚ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਸੁੱਟਣਾ ਬੰਦ ਕੀਤਾ ਜਾਵੇ, ਛੱਪੜਾਂ ਦੀ ਸਫਾਈ ਕਰਵਾ ਕੇ ਪਿੰਡਾ ਵਿੱਚ ਬਰਸਾਤ ਦਾ ਪਾਣੀ ਜ਼ਮੀਨ ਹੇਠ ਭੇਜਿਆ ਜਾਵੇ,ਪੂਰਨ ਨਸ਼ਾਬੰਦੀ ਕੀਤੀ ਜਾਵੇ।ਜਥੇਬੰਦੀ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਭਾਅ ਵਿੱਚ 100 ਰੁਪਏ ਦਾ ਕੀਤਾ ਨਿਗੂਣਾ ਵਾਧਾ ਰੱਦ ਕਰਕੇ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਘਰ ਅੱਗੇ ਲੱਖਾਂ ਕਿਸਾਨਾਂ ਮਜ਼ਦੂਰਾਂ ਦਾ ਇਕੱਠ ਕੀਤਾ ਗਿਆ ਹੈ ਉਨ੍ਹਾਂ ਕਿਹਾ ਸਾਡੀ ਮੁੱਖ ਮੰਗ ਅਬਾਦਕਾਰਾਂ ਕਿਸਾਨਾਂ ਨੂੰ ਉਨ੍ਹਾਂ ਦੇ ਮਾਲਕੀ ਹੱਕ ਲੈ ਕੇ ਦੇਣਾ ਸਾਡੀ ਮੁੱਖ ਮੰਗ ਹੈ ਉਨ੍ਹਾਂ ਕਿਹਾ ਇਸ ਦੇ ਨਾਲ ਜੋ ਸਾਢੇ ਸਤਾਰਾਂ ਏਕੜ ਤੋਂ ਵੱਧ ਜ਼ਮੀਨਾਂ ਨੇ ਉਹ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਵਾਉਣਾ ਹੈ ਉਨ੍ਹਾਂ ਅੱਗੇ ਕਿਹਾ ਕਿ ਜ਼ਮੀਨ ਦੀ ਹੇਠਲਾ ਪਾਣੀ ਦਾ ਪੱਧਰ ਘੱਟ ਹੋਣ ਕਰ ਕੇ ਝੋਨੇ ਤੋਂ ਇਲਾਵਾ ਜੋ ਫਸਲਾਂ ਹਨ।
ਉਨ੍ਹਾਂ ਫ਼ਸਲਾਂ ਤੇ ਐੱਮਐੱਸਪੀ ਗਾਰੰਟੀ ਕਾਨੂੰਨ ਮੁਤਾਬਿਕ ਭਾਅ ਮੰਗਦੇ ਹਾਂ ਤਾਂ ਜੋ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ ਅਤੇ ਇਸ ਤੋਂ ਅੱਗੇ ਜੋ ਨਹਿਰੀ ਪਾਣੀ ਹੈ ਉਸ ਦੀ ਵੱਧ ਤੋਂ ਵੱਧ ਵਰਤੋਂ ਸਿੰਚਾਈ ਲਈ ਕੀਤੀ ਜਾਵੇ ਉਨ੍ਹਾਂ ਅੱਗੇ ਕਿਹਾ ਕਿ ਨਸ਼ਾ ਵੀ ਇੱਕ ਵੱਡਾ ਮੁੱਦਾ ਹੈ ਜਿਸ ਨਾਲ ਰੋਜ਼ਾਨਾ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਅਸੀਂ ਚਾਹੁੰਦੇ ਹਾਂ ਕਿ ਇਸ ਤੇ ਸਰਕਾਰ ਪੂਰਨ ਤੌਰ ਤੇ ਪਾਬੰਦੀ ਲਗਾਵੇ ਅੱਜ ਸਾਡਾ ਇਕ ਦਿਨ ਦਾ ਪ੍ਰੋਗਰਾਮ ਹੈ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਧਰਨਾ ਲੰਬਾ ਵੀ ਚੱਲ ਸਕਦਾ ਹੈ।