ਮੰਡਿਆਣੀ 'ਚ ਆਈ ਜੀ ਦੀ ਅਗਵਾਈ ਹੇਠ ਪੁਲਿਸ ਦੀ ਵੱਡੀ ਨਕਲ ਓ ਹਰਕਤ
- ਐਸ ਐਸ ਪੀ ਸਣੇ ਸੈਂਕੜੇ ਪੁਲਿਸ ਮੁਲਾਜ਼ਮਾਂ ਨੇ ਕੀਤੀ ਵੱਡੀ ਛਾਪੇਮਾਰੀ
- ਪਿੰਡ ਦੀ ਲੇਡੀ ਸਰਪੰਚ ਨੇ ਵਿੱਢੀ ਸੀ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ
- ਨਸ਼ਾ ਵਿਰੋਧੀ ਕਾਨੂੰਨ ਤਹਿਤ ਕੀਤੀ ਐਫ ਆਈ ਆਰ ਦਾਇਰ
- ਇੱਕ ਔਰਤ , ਉਹਦੇ ਧੀ ਤੇ ਜਵਾਈ ਖ਼ਿਲਾਫ਼ ਕਲੰਦਰੇ ਕੱਟੇ
- ਪਿੰਡ ਚ ਨਸ਼ੇ ਦੀ ਸ਼ਰੇਆਮ ਵਿਕਰੀ ਦੇ ਖ਼ਿਲਾਫ਼ ਪਿੰਡ ਵਾਸੀ ਕੱਲ ਤੋਂ ਹਨ ਗ਼ੁੱਸੇ ਚ
ਗੁਰਪ੍ਰੀਤ ਸਿੰਘ ਮੰਡਿਆਣੀ -
ਲੁਧਿਆਣਾ 20 ਜੁਲਾਈ 2022 - ਜਗਰਾਓਂ ਪੁਲਿਸ ਜਿਲੇ ਦੇ ਥਾਣਾ ਦਾਖਾ ਅਧੀਨ ਆਉਂਦੇ ਪਿੰਡ ਮੰਡਿਆਣੀ ਚ ਨਸ਼ਿਆਂ ਦੀ ਹੋ ਰਹੀ ਖੁੱਲੇਆਮ ਹੋ ਰਹੀ ਵਿਕਰੀ ਦੇ ਖ਼ਿਲਾਫ਼ ਪੰਚਾਇਤ ਵੱਲੋਂ ਪ੍ਰਸ਼ਾਸਨ ਨੂੰ ਅੱਜ ਸਵੇਰੇ ਦਿੱਤੇ ਗਏ ਦੋ ਦਿਨਾ ਦੇ ਮੱਦੇਨਜਰ ਪੁਲਿਸ ਨੇ ਅੱਜ ਇੱਕ ਉੱਚ ਪੱਧਰੀ ਕਾਰਵਾਈ ਕੀਤੀ।ਅੱਜ ਦੁਪਹਿਰ ਤਕਰੀਬਨ ਇੱਕ ਵਜੇ ਲੁਧਿਆਣਾ ਰੇਂਜ ਦੇ ਆਈ ਜੀ ਐਸ ਪੀ ਐਸ ਪਰਮਾਰ ਦੀ ਅਗਵਾਈ ਚ ਐਸ ਐਸ ਪੀ ਦੀਪਕ ਹਿਲੋਰੀ ਸਮੇਤ ਇੱਕ ਸੌ ਤੋਂ ਵੱਧ ਪੁਲਿਸ ਨਫਰੀ ਨੇ ਨਸ਼ਾ ਵੇਚਣ ਦੇ ਸ਼ੱਕ ਚ ਤਕਰੀਬਨ 10 ਘਰਾਂ ਤੇ ਛਾਪੇਮਾਰੀ ਕੀਤੀ ਪਰ ਕੋਈ ਨਸ਼ਾ ਹੱਥ ਨਹੀਂ ਲੱਗਿਆ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਮੰਡਿਆਣੀ 'ਚ ਆਈ ਜੀ ਦੀ ਅਗਵਾਈ ਹੇਠ ਪੁਲਿਸ ਦੀ ਵੱਡੀ ਨਕਲ ਓ ਹਰਕਤ (ਵੀਡੀਓ ਵੀ ਦੇਖੋ)
ਜਿਕਰਯੋਗ ਹੈ ਕਿ ਕੱਲ 19 ਜੁਲਾਈ ਨੂੰ ਪਿੰਡ ਚ ਨਸ਼ੇ ਦੀ ਸ਼ਰੇਆਮ ਹੋ ਰਹੀ ਚਿੱਟੇ ਦੀ ਵਿਕਰੀ ਤੋਂ ਅੱਕੇ ਹੋਏ ਮੰਡਿਆਣੀ ਵਾਸੀਆਂ ਨੇ ਮੁਲਾਂਪੁਰ ਦਾਖਾ ਕੋਲ ਲੁਧਿਆਣਾ-ਫ਼ਿਰੋਜ਼ਪੁਰ ਰੋਡ ਤੇ ਪੰਚਾਇਤ ਦੀ ਅਗਵਾਈ ਧਰਨਾ ਮਾਰਿਆ ਸੀ।ਮੌਕੇ ਤੇ ਐਸ ਐਚ ਓ ਦਾਖਾ ਅਜੀਤਪਾਲ ਸਿੰਘ ਕੋਲ ਪੰਚਾਇਤ ਨੇ ਪਿੰਡ ਦੇ ਦੋ ਘਰਾਂ ਦੀ ਤਲਾਸ਼ੀ ਲੈਣ ਦੀ ਮੰਗ ਰੱਖੀ ਸੀ।ਪੰਚਾਇਤ ਅਤੇ ਪੁਲਿਸ ਵੱਲੋਂ ਸਾਂਝੇ ਤੌਰ ਲਈ ਗਈ ਤਲਾਸ਼ੀ ਦੌਰਾਨ ਭਾਵੇਂ ਕੋਈ ਨਸ਼ਾ ਤਾਂ ਨਹੀਂ ਮਿਲਿਆ ਪਰ
ਤਲਾਸ਼ੀ ਦੌਰਾਨ ਬਰਾਮਦ ਹੋਏ ਸਮਾਨ ਚ ਲੱਖਾਂ ਰੁਪੱਈਏ ਦੀ ਨਗਦੀ, ਸੋਨੇ ਦੇ ਗਹਿਣੇ ਗੱਟੇ, ਮਹਿੰਗੇ ਮੋਬਾਈਲ ਫ਼ੋਨ,ਥੋੜਾ ਵਜ਼ਨ ਕਰਨ ਵਾਲਾ ਇਲੈਕਟਰੌਨਿਕ ਕੰਡਾ ਅਤੇ ਟੀਕੇ ਲਾਉਣ ਵਾਲੀਆਂ ਸਰਿੰਜਾਂ ਸ਼ਾਮਲ ਸਨ।ਗਹਿਣਿਆਂ ਦੀਆਂ ਪੁੜੀਆਂ ਬਣਾ ਕੇ ਵਿੱਚ ਵੱਖ ਵੱਖ ਨਾਵਾਂ ਦੀਆਂ ਪਰਚੀਆਂ ਰੱਖੀਆਂ ਹੋਈਆਂ ਮਿਲੀਆਂ ।ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਵੱਲੋਂ ਪੱਤਰਕਾਰਾਂ ਅਤੇ ਪਿੰਡ ਵਾਸੀਆਂ ਨੂੰ ਦਿਖਾਏ ਇਸ ਸਮਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਛਾਈ ਸੀ।ਪਰ ਨਸ਼ਾ ਨਾ ਮਿਲਣਾ ਕਹਿ ਕੇ ਪੁਲਿਸ ਨੇ ਕਿਸੇ ਦੇ ਕਾਰਵਾਈ ਕਰਨੋਂ ਬੇਬਸੀ ਜਾਹਿਰ ਕੀਤੀ ਸੀ।
ਪਿੰਡ ਵਾਸੀਆਂ ਸਾਹਮਣੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਈ ਜੀ ਨੇ ਦੱਸਿਆ ਕਿ ਐਨ ਡੀ ਪੀ ਐਸ ਐਕਟ ਦੇ ਤਹਿਤ 128 ਨੰਬਰ ਐਫ ਆਈ ਆਰ ਦਾਖਾ ਚ ਦਰਜ ਕਰ ਲਈ ਗਈ ਹੈ।ਪਿੰਡ ਦੀ ਇੱਕ ਔਰਤ ਮੁਖ਼ਤਿਆਰ ਕੌਰ ਉਰਫ ਗੁੱਡੀ, ਉਹਦੀ ਧੀ ਜਸਵਿੰਦਰ ਕੌਰ ਉਰਫ ਬੰਟੀ ਤੇ ਬੰਟੀ ਦੇ ਪਤੀ ਕਸ਼ਮੀਰ ਸਿੰਘ ਉਰਫ ਗੋਲੂ ਦੇ ਖ਼ਿਲਾਫ਼ ਕਰੀਮੀਨਲ ਪਰੋਸੀਜ਼ਰ ਕੋਡ ਦੀ ਦਫ਼ਾ 110 ਤਹਿਤ ਕਲੰਦਰਾ ਕੱਟਿਆ ਗਿਆ ਹੈ ਜੀਹਦੇ ਚ ਮੈਜਿਸਟ੍ਰੇਟ ਵੱਲੋਂ ਨੇਕਚਲਣੀ ਦੀ ਜ਼ਮਾਨਤ ਭਰਨ ਦਾ ਹੁਕਮ ਸੁਣਾਇਆ ਜਾ ਸਕਦਾ ਹੈ ਸੱਤ ਇਕਵੰਜਾ ਦੇ ਕੇਸ ਵਾਂਗੂੰ।ਆਈ ਜੀ ਪਰਮਾਰ ਨੇ ਪੰਚਾਇਤ ਨੂੰ ਭਰੋਸਾ ਦਿਵਾਇਆ ਕੇ ਇਸ ਕੇਸ ਦੀ ਡੁੰਘਾਈ ਨਾਲ ਹੋਰ ਪੜਤਾਲ ਕੀਤੀ ਜਾਵੇਗੀ।ਅੱਗੇ ਤੋਂ ਜਦੋਂ ਵੀ ਨਸ਼ਿਆਂ ਦੀ ਵਿਕਰੀ ਦੇ ਖ਼ਿਲਾਫ਼ ਪੁਲਿਸ ਨੂੰ ਸੂਹ ਦਿੱਤੀ ਜਾਏਗੀ ਤਾਂ ਪੁਲਿਸ ਫ਼ੌਰਨ ਹਰਕਤ ਵਿੱਚ ਆਵੇਗੀ।ਉਧਰ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉੱਨਾਂ ਦੀ ਸੰਤੁਸ਼ਟੀ ਪੁਲਿਸ ਦੀ ਅਗਲੇਰੀ ਕਾਰਵਾਈ ਤੇ ਹੀ ਮੁਨੱਸਰ ਹੋਵੇਗੀ ।