'ਆਪ' ਦੀ ਗੈਂਗਸਟਰਾਂ ਨੂੰ ਅਪੀਲ: ਹਿੰਸਾ ਛੱਡ, ਮੁੱਖ ਧਾਰਾ ਵਿੱਚ ਵਾਪਸ ਆਓ
- ਜਿਹੜੇ ਗੈਂਗਸਟਰ ਆਤਮ ਸਮਰਪਣ ਲਈ ਤਿਆਰ, 'ਆਪ' ਸਰਕਾਰ ਉਨ੍ਹਾਂ ਪ੍ਰਤੀ ਅਪਣਾਏਗੀ ਨਰਮ ਰੁਖ਼: ਮੀਤ ਹੇਅਰ
- ਮੀਤ ਹੇਅਰ ਅਨੁਸਾਰ ਪਹਿਲਾਂ ਰਾਜਨੀਤਿਕ ਲੋਕਾਂ ਅਤੇ ਪੁਲਿਸ ਨੇ ਦਿੱਤੀ ਅਪਰਾਧੀਆਂ ਨੂੰ ਸਰਪ੍ਰਸਤੀ, ਮਾਨ ਸਰਕਾਰ ਕਿਸੇ ਨੂੰ ਸੂਬੇ ਦੀ ਸ਼ਾਂਤੀ ਭੰਗ ਕਰਨ ਨਹੀਂ ਦੇਵੇਗੀ
ਚੰਡੀਗੜ੍ਹ, 21 ਜੁਲਾਈ 2022 - ਪੰਜਾਬ ਸਰਕਾਰ ਦੀ ਗੈਂਗਸਟਰ ਕਲਚਰ ਵਿਰੁੱਧ ਜ਼ੀਰੋ ਟੋਲਰੈਂਸ (ਬਿਲਕੁਲ ਬਰਦਾਸ਼ਤ ਨਾ ਕਰਨ) ਦੀ ਨੀਤੀ 'ਤੇ ਜ਼ੋਰ ਦਿੰਦਿਆਂ ਉਚੇਰੀ ਸਿੱਖਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀਰਵਾਰ ਨੂੰ ਪੰਜਾਬ ਵਿੱਚ ਅਜੇ ਵੀ ਸਰਗਰਮ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਹਿੰਸਾ ਦਾ ਰਾਹ ਛੱਡ ਕੇ ਮੁੱਖ ਧਾਰਾ ਵਿੱਚ ਪਰਤਣ ਦੀ ਅਪੀਲ ਕੀਤੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
'ਆਪ' ਦੀ ਗੈਂਗਸਟਰਾਂ ਨੂੰ ਅਪੀਲ: ਹਿੰਸਾ ਛੱਡ, ਮੁੱਖ ਧਾਰਾ ਵਿੱਚ ਵਾਪਸ ਆਓ (ਵੀਡੀਓ ਵੀ ਦੇਖੋ)
ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਸੂਬੇ ਵਿੱਚ ਕੁਰਾਹੇ ਪਏ ਸਾਰੇ ਗੈਂਗਸਟਰਾਂ ਅਤੇ ਨੌਜਵਾਨ ਅਪਰਾਧੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਮੀਤ ਹੇਅਰ ਨੇ ਕਿਹਾ, “ਮੈਂ ਪੰਜਾਬ 'ਚ ਅਜੇ ਵੀ ਸਰਗਰਮ ਸਾਰੇ ਗੈਂਗਸਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਪਰਾਧ ਦਾ ਰਾਹ ਛੱਡ ਕੇ ਸਮਾਜਿਕ ਮੁੱਖ ਧਾਰਾ ਵਿੱਚ ਵਾਪਸ ਆਉਣ। ਸਾਡੀ ਸਰਕਾਰ ਉਨ੍ਹਾਂ ਪ੍ਰਤੀ ਨਰਮ ਰੁਖ ਰੱਖੇਗੀ, ਪਰ ਉਹਨਾਂ 'ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।"
ਉਹਨਾਂ ਕਿਹਾ ਕਿ ਪਹਿਲਾਂ ਅਪਰਾਧੀਆਂ ਨੂੰ ਸਿਆਸਤਦਾਨਾਂ ਅਤੇ ਪੁਲਿਸ ਦੀ ਸਰਪ੍ਰਸਤੀ ਮਿਲਦੀ ਸੀ ਪਰ ਮਾਨ ਸਰਕਾਰ ਵਿੱਚ ਕਿਸੇ ਨੂੰ ਵੀ ਸੂਬੇ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਪੁਲਿਸ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਵਚਨਬੱਧ ਹੈ।
ਉਨ੍ਹਾਂ ਸਪੱਸ਼ਟ ਕਿਹਾ ਕਿ ਇਨ੍ਹਾਂ ਅਪਰਾਧੀਆਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਉਹ ਕਾਨੂੰਨ ਤੋਂ ਬਚ ਨਹੀਂ ਸਕਦੇ ਅਤੇ ਹਿੰਸਾ ਤੇ ਅਪਰਾਧ ਦਾ ਰਸਤਾ ਸਿਰਫ਼ ਤਬਾਹੀ ਵੱਲ ਜਾਂਦਾ ਹੈ।
ਬੀਤੇ ਦਿਨ ਅੰਮ੍ਰਿਤਸਰ ਵਿੱਚ ਹੋਏ ਇੱਕ ਮੁਕਾਬਲੇ ਵਿੱਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਬੇਰਹਿਮੀ ਨਾਲ ਹੋਈ ਹੱਤਿਆ ਵਿੱਚ ਸ਼ਾਮਲ ਦੋ ਗੈਂਗਸਟਰਾਂ ਨੂੰ ਢੇਰ ਕਰਨ ਵਿੱਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੌਜਵਾਨਾਂ ਨੂੰ ਗੁੰਮਰਾਹ ਨਾ ਹੋਣ ਅਪੀਲ ਕੀਤੀ ਅਤੇ ਕਿਹਾ ਕਿ ਉਹ ਗੰਨ (ਬੰਦੂਕ) ਕਲਚਰ ਦੇ ਲਾਲਚ ਵਿੱਚ ਨਾ ਆਉਣ। ਮੰਤਰੀ ਮੀਤ ਹੇਅਰ ਨੇ ਕਿਹਾ, "ਸਿੱਧੂ ਮੂਸੇਵਾਲਾ ਦੀ ਮਾਂ ਆਪਣੇ ਇਕਲੌਤੇ ਪੁੱਤਰ ਦੇ ਕਤਲ ਤੋਂ ਬਾਅਦ ਦੁਖੀ ਹੈ ਅਤੇ ਬਿਨਾਂ ਸ਼ੱਕ ਮ੍ਰਿਤਕ ਗੈਂਗਸਟਰਾਂ ਦੇ ਰਿਸ਼ਤੇਦਾਰ ਵੀ ਉਹਨਾਂ ਦੀ ਮੌਤ 'ਤੇ ਦੁਖੀ ਹੋਣਗੇ। ਇਸ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਦੇ ਨੌਜਵਾਨ ਗੈਂਗਸਟਰਵਾਦ ਨੂੰ ਤਿਆਗ ਕੇ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਖੁਸ਼ਹਾਲ ਸੂਬਾ ਬਣਾਉਣ ਲਈ ਕੰਮ ਕਰਨ।"