ਫਰੀਦਕੋਟ ਦੇ ਹਸਪਤਾਲ 'ਚ ਫਟੇ ਹੋਏ ਗੱਦੇ ਨੂੰ ਦੇਖ ਕੇ ਪੰਜਾਬ ਦੇ ਸਿਹਤ ਮੰਤਰੀ ਨੂੰ ਆਇਆ ਗੁੱਸਾ
- ਵਾਈਸ ਚਾਂਸਲਰ ਨੂੰ ਉਸੇ 'ਤੇ ਲਿਟਾਇਆ
ਦੀਪਕ ਗਰਗ
ਫਰੀਦਕੋਟ 29 ਜੁਲਾਈ 2022 - ਪੰਜਾਬ ਦੇ ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਸ਼ੁੱਕਰਵਾਰ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਚੈਕਿੰਗ ਲਈ ਪੁੱਜੇ। ਇਸ ਦੌਰਾਨ ਉਹ ਸਕਿਨ ਵਾਰਡ ਵਿੱਚ ਚੈਕਿੰਗ ਲਈ ਗਏ। ਉਥੇ ਉਨ੍ਹਾਂ ਨੂੰ ਫਟੇ ਹੋਏ ਗੱਦੇ ਨੂੰ ਦੇਖ ਕੇ ਗੁੱਸਾ ਆ ਗਿਆ। ਇਹ ਦੇਖ ਕੇ ਕਾਲਜ ਮੈਨੇਜਮੈਂਟ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਮੰਤਰੀ ਦਾ ਪਾਰਾ ਵਧ ਗਿਆ। ਉਨ੍ਹਾਂ ਨੇ ਉਥੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਦੇ ਵਾਈਸ ਚਾਂਸਲਰ (ਵੀ.ਸੀ.) ਨੂੰ ਫਟੇ ਹੋਏ ਚਟਾਈ ਵਾਲੇ ਗੰਦੇ ਮੰਜੇ 'ਤੇ ਲੇਟਣ ਲਈ ਕਿਹਾ। ਵੀਸੀ ਮੰਜੇ 'ਤੇ ਲੇਟ ਗਏ। ਇਸ ਤੋਂ ਬਾਅਦ ਸਿਹਤ ਮੰਤਰੀ ਨੇ ਸਟੋਰ ਰੂਮ ਦਾ ਜਾਇਜ਼ਾ ਵੀ ਲਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਫਰੀਦਕੋਟ ਦੇ ਹਸਪਤਾਲ 'ਚ ਫਟੇ ਹੋਏ ਗੱਦੇ ਨੂੰ ਦੇਖ ਕੇ ਪੰਜਾਬ ਦੇ ਸਿਹਤ ਮੰਤਰੀ ਨੂੰ ਆਇਆ ਗੁੱਸਾ, VC ਨੂੰ ਉਸੇ 'ਤੇ ਲਿਟਾਇਆ (ਵੀਡੀਓ ਵੀ ਦੇਖੋ)
ਸਿਹਤ ਮੰਤਰੀ ਦਾ ਅਹੁਦਾ ਮਿਲਦਿਆਂ ਹੀ ਫੀਲਡ ਵਿੱਚ
ਸਿਹਤ ਮੰਤਰੀ ਜੋੜੇਮਾਜਰਾ ਨੂੰ ਇਸੇ ਮਹੀਨੇ ਸਿਹਤ ਮੰਤਰੀ ਬਣਾਇਆ ਗਿਆ ਹੈ। ਉਦੋਂ ਤੋਂ ਉਹ ਲਗਾਤਾਰ ਫੀਲਡ 'ਚ ਘੁੰਮ ਰਹੇ ਹਨ। ਸਵੇਰੇ ਉਨ੍ਹਾਂ ਬਠਿੰਡਾ ਦੇ ਹਸਪਤਾਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਜਾਂਚ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪੁੱਜੇ। ਸਿਹਤ ਮੰਤਰੀ ਨੇ ਕਿਹਾ ਕਿ ਉਹ ਖੁਦ ਦੇਖਣਾ ਚਾਹੁੰਦੇ ਹਨ ਕਿ ਪੰਜਾਬ ਦੇ ਹਸਪਤਾਲਾਂ ਦੀ ਹਾਲਤ ਕਿਵੇਂ ਹੈ। ਇਸ ਦੇ ਲਈ ਉਹ ਅਧਿਕਾਰੀਆਂ ਦੀਆਂ ਕਾਗਜ਼ੀ ਰਿਪੋਰਟਾਂ 'ਤੇ ਨਿਰਭਰ ਨਹੀਂ ਹੋਣਗੇ। ਇਸ ਲਈ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਸਥਿਤੀ ਨੂੰ ਸੁਧਾਰਨਾ ਹੋਵੇਗਾ।
ਪਿਛਲੇ ਸਿਹਤ ਮੰਤਰੀ ਦੀ ਬਰਖਾਸਤਗੀ
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਡਾਕਟਰ ਵਿਜੇ ਸਿੰਗਲਾ ਨੂੰ ਸਿਹਤ ਮੰਤਰੀ ਬਣਾਇਆ ਸੀ। ਹਾਲਾਂਕਿ, ਉਹ 52 ਦਿਨਾਂ ਦੇ ਅੰਦਰ ਆਪਣੀ ਕੁਰਸੀ ਗੁਆ ਬੈਠੇ। ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ। ਫਿਰ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੀਐਮ ਮਾਨ ਨੇ ਦਾਅਵਾ ਕੀਤਾ ਕਿ ਸਿੰਗਲਾ ਨੇ ਸਿਹਤ ਵਿਭਾਗ ਦੇ ਹਰ ਕੰਮ ਵਿੱਚ 1 ਫੀਸਦੀ ਕਮਿਸ਼ਨ ਮੰਗਿਆ ਸੀ।