ਆਪ MLA ਨੇ ਟੋਲ ਪਲਾਜ਼ਾ 'ਤੇ ਗੱਡੀਆਂ ਰੋਕਣ ਲਈ ਲੱਗੇ ਬੂਮ ਤੋੜ 5 ਤੋਂ 6 ਮਿੰਟਾਂ ਤੱਕ ਸ਼ਰੇਆਮ ਫ਼ਰੀ ਵਹੀਕਲ ਲੰਘਾਏ
ਰਾਕੇਸ਼ ਭੱਟੀ
ਦਸੂਹਾ, 7 ਅਗਸਤ 2022 - ਆਪ ਵਿਧਾਇਕ ਸਰਕਾਰੀ ਦਫ਼ਤਰਾਂ ਚ ਕੰਮ ਕਰਦੇ ਮੁਲਾਜ਼ਮਾਂ ਨਾਲ ਬਦਸਲੂਕੀ ਕਰਨ ਕਰਕੇ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸ਼ਨੀਵਾਰ ਸ਼ਾਮ ਹਲਕਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਉਸ ਵੇਲੇ ਵੱਡੇ ਵਿਵਾਦ 'ਚ ਘਿਰਦੇ ਨਜ਼ਰ ਆਏ ਜਦੋਂ ਆਪਣੇ ਗੰਨਮੈਨਾਂ ਤੇ ਸਾਥੀਆਂ ਸਮੇਤ ਚੌਲਾਂਗ ਟੋਲ ਪਲਾਜ਼ਾ ਤੇ ਧੱਕੇਸ਼ਾਹੀਆਂ ਕਰਦਿਆਂ ਟੋਲ ਪਲਾਜ਼ਾ 'ਤੇ ਗੱਡੀਆਂ ਰੋਕਣ ਲਈ ਲੱਗੇ ਬੂਮ ਤੋੜ ਦਿੱਤੇ ਤੇ ਕਰੀਬ 5 ਤੋਂ 6 ਮਿੰਟਾਂ ਤੱਕ ਸ਼ਰੇਆਮ ਫ਼ਰੀ ਵਹੀਕਲ ਲੰਘਾਏ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਹੁਣ ਆਪ ਵਿਧਾਇਕ ਕਰਮਵੀਰ ਸਿੰਘ ਘੁੰਮਣ ਫਸੇ ਨਵੇਂ ਰੇੜਕੇ 'ਚ, ਟੋਲ ਪਲਾਜਾ ਤੇ ਕੀਤੀ ਧੱਕੇਸ਼ਾਹੀ - ਘਟਨਾ CCTV ਵਿੱਚ ਕੈਦ (ਵੀਡੀਓ ਵੀ ਦੇਖੋ)
ਰੌਲਾ ਪੈਂਦਾ ਵੇਖ ਟੋਲ ਪਲਾਜ਼ਾ ਮੈਨੇਜਰ ਮੁਬਾਰਕ ਅਲੀ ਤੇ ਟੋਲ ਮੁਲਜ਼ਮਾਂ ਦੇ ਮੈਨੇਜਰ ਹਰਵਿੰਦਰ ਪਾਲ ਸਿੰਘ ਸੋਨੂੰੰ ਨੇ ਮੌਕੇ 'ਤੇ ਪਹੁੰਚ ਵਿਧਾਇਕ ਨੂੰ ਸ਼ਾਂਤ ਕੀਤਾ, ਜਿਸ ਤੋਂ ਬਾਅਦ ਕਰਮਵੀਰ ਘੁੰਮਣ ਆਪਣੇ ਗੰਨਮੈਨਾਂ ਤੇ ਸਾਥੀਆਂ ਸਮੇਤ ਗੱਡੀ ਚ ਬੈਠ ਟੋਲ ਪਲਾਜ਼ਾ ਤੋਂ ਚਲੇ ਗਏ। ਵਿਧਾਇਕ ਘੁੰਮਣ ,ਉਸਦੇ ਸਾਥੀਆਂ ਤੇ ਗੰਨਮੈਨਾਂ ਦੀ ਇਹ ਸਾਰੀ ਘਟਨਾ ਚੌਲਾਂਗ ਟੋਲ ਪਲਾਜ਼ਾ ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ।
ਸ਼ਾਮ ਵਕਤ ਕਰੀਬ 5 - 15 ਵਜੇ ਵਿਧਾਇਕ ਦਸੂਹਾ ਕਰਮਵੀਰ ਘੁੰਮਣ ਆਪਣੇ ਸਾਥੀਆਂ ਤੇ ਗੰਨਮੈਨਾਂ ਸਮੇਤ ਜਲੰਧਰ ਵਾਲੇ ਪਾਸੇ ਤੋਂ ਚੌਲਾਂਗ ਟੋਲ ਪਲਾਜ਼ਾ ਤੇ ਆਉਂਦੇ ਹਨ ਤੇ ਟੋਲ ਪਲਾਜ਼ਾ ਮੁਲਜ਼ਮਾਂ ਵੱਲੋਂ ਕੁੱਝ ਸਕਿੰਟ ਬੈਰੀਕੇਡ ਨਾ ਚੁੱਕਣ ਤੇ ਗੁੱਸੇ 'ਚ ਆ ਜਾਂਦੇ ਹਨ ਤੇ ਗੱਡੀ 'ਚੋਂ ਉੱਤਰ ਮੁਲਾਜ਼ਮਾਂ ਨੂੰ ਬੁਰਾ ਭਲਾ ਬੋਲ ਕਹਿੰਦੇ ਹੋਏ ਆਪਣੇ ਸਾਥੀਆਂ ਤੇ ਗੰਨਮੈਨਾਂ ਸਮੇਤ ਸਾਰੀਆਂ ਲਾਈਨਾਂ ਤੇ ਕਬਜ਼ਾ ਕਰਕੇ ਫ਼ਰੀ ਵਹੀਕਲ ਲੰਘਾਉਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਟੋਲ ਪਲਾਜ਼ਾ ਮੁਲਾਜ਼ਮ ਗੱਡੀਆਂ ਰੋਕਣ ਲਈ ਬੂਮ ਹੇਠਾਂ ਸੁੱਟਦੇ ਹਨ ਤਾਂ ਵਿਧਾਇਕ ਦੇ ਸਾਥੀ ਤੇ ਗੰਨਮੈਨ ਉਸਦੀ ਮੌਜੂਦਗੀ 'ਚ ਬੂਮ ਤੋੜ ਦਿੰਦੇ ਹਨ। ਵਿਧਾਇਕ ਵੱਲੋਂ ਕੀਤੀ ਚੋਲਾਂਗ ਟੋਲ ਪਲਾਜ਼ਾ ਤੇ ਕੀਤੀ ਇਸ ਕਾਰਵਾਈ ਦੀ ਹਰ ਪਾਸੇ ਚਰਚਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ ।
ਜਦੋਂ ਇਸ ਸਬੰਧੀ ਟੋਲ ਪਲਾਜ਼ਾ ਮੈਨੇਜਰ ਮੁਬਾਰਕ ਅਲੀ ਤੇ ਹਰਵਿੰਦਰ ਪਾਲ ਸੋਨੂੰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਟੋਲ ਦੀ 9 ਨੰਬਰ ਐਮਰਜੈਂਸੀ ਲਾਇਨ 'ਤੇ ਵਿਧਾਇਕ ਕਰਮਵੀਰ ਘੁੰਮਣ ਦੀ ਜਦੋਂ ਗੱਡੀ ਪਹੁੰਚੀ ਤਾਂ ਸਿਰਫ਼ ਕੁਝ ਸਕਿੰਟ ਬੈਰੀਕੇਡ ਨਾ ਚੁੱਕਣ ਤੇ ਉਹ ਭੜਕ ਗਏ। ਵਿਧਾਇਕ ਦੇ ਸਾਥੀਆਂ ਤੇ ਗੰਨਮੈਨਾਂ ਵੱਲੋਂ ਕੀਤੀ ਜਾ ਗੁੰਡਾਗਰਦੀ ਤੇ ਧੱਕੇਸ਼ਾਹੀ ਸੀਸੀਟੀਵੀ ਚ ਵੇਖਣ ਤੇ ਉਹ ਮੌਕੇ ਤੇ ਪਹੁੰਚੇ ਤੇ ਵਿਧਾਇਕ ਨੂੰ ਸ਼ਾਂਤ ਕੀਤਾ।
ਜਦੋਂ ਪੂਰੇ ਮਾਮਲੇ ਨੂੰ ਲੈ ਕੇ ਵਿਧਾਇਕ ਕਰਮਵੀਰ ਸਿੰਘ ਘੁਮਾਣ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਤੱਕ ਨਹੀਂ ਚੁੱਕਿਆ ਤੇ ਨਾ ਨਹੀਂ ਉਨ੍ਹਾਂ ਨਾਲ ਕੋਈ ਸੰਪਰਕ ਹੋ ਪਾ ਰਿਹਾ ਹੈ ਕਿ ਉਹ ਕਿੱਥੇ ਨੇ।