ਪੈਸੇ ਦੇ ਲੈਣ ਦੇਣ ਨੂੰ ਲੈਕੇ ਹੋਏ ਝਗੜੇ ਦੌਰਾਨ ਇਕ ਧਿਰ ਨੇ ਕੀਤੀ ਫਾਇਰਿੰਗ, ਜਾਨੀ ਨੁਕਸਾਨ ਤੋਂ ਬਚਾਅ
- ਪੁਲਿਸ ਕਰ ਰਹੀ ਜਾਂਚ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 8 ਅਗਸਤ 2022 - ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿੱਚ ਮਾਹੌਲ ਓਦੋਂ ਦਹਿਸ਼ਤ ਭਰਿਆ ਹੋ ਗਿਆ ਜਦੋਂ ਸੁਬਹਾਂ ਸਵੇਰੇ ਮਹਿਜ਼ 17 ਹਜਾਰ ਰੁਪਏ ਦੇ ਲੈਣ ਦੇਣ ਨੂੰ ਲੈਕੇ ਦੋ ਲੱਕੜ ਆਰਾ ਮਾਲਿਕਾਂ ਵਿੱਚ ਝਗੜਾ ਹੋ ਗਿਆ ਅਤੇ ਇਕ ਧਿਰ ਨੇ ਦੂਸਰੇ ਧਿਰ ਦੇ ਪੈਰਾਂ ਵਿੱਚ ਗੋਲੀ ਚਲਾ ਦਿੱਤੀ ।ਜਾਨੀ ਨੁਕਸਾਨ ਹੋਣੋ ਬਚ ਗਿਆ ਜਦ ਕਿ ਚਲਾਉਣ ਵਾਲੇ ਮੌਕੇ ਤੋਂ ਫਰਾਰ ਹੋ ਗਏ।ਇਤਲਾਹ ਮਿਲਦੇ ਹੀ ਮੌਕੇ ਤੇ ਪੁਹੰਚੀ ਪੁਲਿਸ ਟੀਮ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਪੈਸੇ ਦੇ ਲੈਣ ਦੇਣ ਨੂੰ ਲੈਕੇ ਹੋਏ ਝਗੜੇ ਦੌਰਾਨ ਇਕ ਧਿਰ ਨੇ ਕੀਤੀ ਫਾਇਰਿੰਗ, ਜਾਨੀ ਨੁਕਸਾਨ ਤੋਂ ਬਚਾਅ (ਵੀਡੀਓ ਵੀ ਦੇਖੋ)
ਪੀੜਤ ਆਰਾ ਮਾਲਿਕ ਹਰੀਸ਼ ਚੰਦਰ ਉਸਦੇ ਭਰਾ ਲਵਲੀ ਕਮਲ ਅਰੋੜਾ ਅਤੇ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਪੀੜਤ ਹਰੀਸ਼ ਚੰਦਰ ਦੇ ਕੋਲ ਆਰੇ ਉੱਤੇ ਕੰਮ ਕਰਨ ਵਾਲਾ ਇਕ ਮਜਦੂਰ ਉਸਦੇ ਕੋਲੋ ਕੰਮ ਛੱਡ ਕੇ ਗੋਲੀ ਚਲਾਉਣ ਵਾਲੇ ਆਰੇ ਵਾਲਿਆਂ ਕੋਲ ਕੰਮ ਕਰਨ ਲਗ ਪਿਆ ਸੀ ਅਤੇ ਹਰੀਸ਼ ਚੰਦਰ ਨੇ ਉਸ ਮਜਦੂਰ ਕੋਲੋ 17ਹਜਾਰ ਰੁਪਏ ਬਕਾਇਆ ਲੈਣਾ ਸੀ। ਹਰੀਸ਼ ਚੰਦਰ ਅਨੁਸਾਰ ਜਦੋਂ ਕੋਈ ਮਜਦੂਰ ਕੰਮ ਛੱਡ ਕੇ ਦੂਸਰੀ ਜਗ੍ਹਾ ਕੰਮ ਕਰਨ ਲੱਗ ਜਾਵੇ ਤਾਂ ਉਸਦੇ ਵੱਲ ਬਣਦਾ ਬਕਾਇਆ ਦੂਸਰੇ ਮਾਲਿਕ ਨੇ ਜਾਂ ਫਿਰ ਮਜਦੂਰ ਨੇ ਦੇਣਾ ਹੁੰਦਾ ਹੈ।
ਇਸੇ ਬਕਾਏ ਨੂੰ ਲੈਕੇ ਉਸਨੇ ਕਈ ਵਾਰ ਕਿਹਾ ਸੀ ਅਤੇ ਅੱਜ ਜਦ ਬਜ਼ਾਰ ਵਿਚ ਵਿਕਣ ਆਈ ਲੱਕੜ ਦੀ ਬੋਲੀ ਹੋ ਰਹੀ ਸੀ ਤਾਂ ਉਦੋਂ ਹੀ ਦੂਸਰੀ ਧਿਰ ਦੇ ਲੋਕ ਉਸ ਨੂੰ ਧੱਕੇ ਮਾਰਦੇ ਹੋਏ ਝਗੜਾ ਕਰਨ ਲਗ ਪਏ ਇਸੇ ਦੌਰਾਨ ਦੂਸਰੀ ਧਿਰ ਵਲੋਂ ਓਹਨਾ ਦੇ ਪੈਰਾਂ ਵਿਚ ਗੋਲੀ ਮਾਰੀ, ਪਰ ਕਿਸਮਤ ਨਾਲ ਉਹਨਾਂ ਦੀ ਜਾਨ ਬਚ ਗਈ ਅਤੇ ਗੋਲੀ ਸੜਕ ਵਿੱਚ ਵੱਜ ਗਈ। ਪੀੜਤ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਹੈ ਅਤੇ ਗੋਲੀ ਚਲਾਉਣ ਵਾਲੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਓਧਰ ਮੌਕੇ ਤੇ ਪਹੁੰਚੇ ਬਟਾਲਾ ਪੁਲਿਸ ਦੇ ਏ ਐਸ ਆਈ ਨਾਲ ਜਦ ਘਟਨਾ ਨੂੰ ਲੈਕੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਸ ਬਾਬਤ ਉਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇ। ਦੂਸਰੇ ਪਾਸੇ ਜਦ ਪੱਤਰਕਾਰ ਐਸ ਐਸ ਪੀ ਬਟਾਲਾ ਦੇ ਦਫਤਰ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਘਟਨਾ ਨੂੰ ਲੈਕੇ ਗੱਲਬਾਤ ਕਰਨ ਲਈ ਗਏ ਤਾਂ ਕੁਝ ਅਧਿਕਾਰੀ ਦਫਤਰ ਮਿਲੇ ਹੀ ਨਹੀਂ ਅਤੇ ਜੋ ਇੱਕਾ ਦੁੱਕਾ ਅਧਿਕਾਰੀ ਮਿਲੇ ਉਹ ਇਸ ਘਟਨਾ ਨੂੰ ਲੈਕੇ ਕੈਮਰੇ ਸਾਹਮਣੇ ਬੋਲਣ ਤੋਂ ਟਾਲ ਮਟੋਲ ਕਰਦੇ ਨਜ਼ਰ ਆਏ। ਇਸ ਸਭ ਤੋਂ ਸਾਫ ਲਗਦਾ ਸੀ ਕਿ ਬਟਾਲਾ ਅੰਦਰ ਲਗਤਾਰ ਹੋ ਰਹੀਆਂ ਵਾਰਦਾਤਾਂ ਤੇ ਬਟਾਲਾ ਪੁਲਿਸ ਪਰਦੇ ਪਾਉਣ ਵਿੱਚ ਲਗੀ ਹੋਈ ਹੈ ।