ਵੀਡੀਓ: Chandigarh ਚ ਬਣਿਆ world record: ਬੱਚਿਆਂ ਨੇ ਬਣਾਇਆ ਸਭ ਤੋਂ ਵੱਡਾ waving Human Flag, ਦੇਖੋ ਖੂਬਸੂਰਤ ਨਜ਼ਾਰਾ
ਚੰਡੀਗੜ੍ਹ, 13 ਅਗਸਤ 2022 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: Chandigarh ਚ ਬਣਿਆ world record: ਬੱਚਿਆਂ ਨੇ ਬਣਾਇਆ ਸਭ ਤੋਂ ਵੱਡਾ waving Human Flag, ਦੇਖੋ ਖੂਬਸੂਰਤ ਨਜ਼ਾਰਾ
- 'ਹਰ ਘਰ ਤਿਰੰਗਾ ਮੁਹਿੰਮ': ਐਨ.ਡੀ.ਆਈ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਸੱਭ ਤੋਂ ਵੱਡੇ ਲਹਿਰਾਉਂਦੇ ਤਿਰੰਗੇ ਦਾ ਦ੍ਰਿਸ਼ ਬਣਾਕੇ ਬਣਾਇਆ ਵਿਸ਼ਵ ਰਿਕਾਰਡ
- 5885 ਤੋਂ ਵੱਧ ਵਿਦਿਆਰਥੀਆਂ ਨੇ ਰਚਿਆ ਇਤਿਹਾਸ: 'ਹਰ ਘਰ ਤਿਰੰਗਾ ਮੁਹਿੰਮ' ਨੂੰ ਅੰਤਰਰਾਸ਼ਟਰੀ ਪੱਧਰ 'ਤੇ ਜਾਣੂ ਕਰਵਾ ਕੇ ਕੀਤਾ ਮੀਲ ਪੱਥਰ ਸਥਾਪਿਤ
- ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਚੰਡੀਗੜ੍ਹ ਦਾ ਕ੍ਰਿਕਟ ਸਟੇਡੀਅਮ
75ਵੇਂ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦਿਆਂ 'ਹਰ ਘਰ ਤਿਰੰਗਾ ਮੁਹਿੰਮ' ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣ ਦੇ ਉਦੇਸ਼ ਨਾਲ ਐਨ.ਡੀ.ਆਈ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਅੱਜ ਚੰਡੀਗੜ੍ਹ ਵਿਖੇ ਵਿਲੱਖਣ ਸਮਾਗਮ ਦੌਰਾਨ ਮਾਨਵੀ ਲੜੀ ਦੀ ਸਹਾਇਤਾ ਨਾਲ ਸੱਭ ਤੋਂ ਵੱਡੇ ਲਹਿਰਾਉਂਦੇ ਤਿਰੰਗੇ ਦਾ ਦ੍ਰਿਸ਼ ਬਣਾ ਕੇ ਗਿੰਨੀਜ਼ ਵਿਸ਼ਵ ਰਿਕਾਰਡ ਬਣਾਇਆ ਗਿਆ।ਸਮਾਗਮ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਅਤੇ ਹੋਰ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਐਨ.ਆਈ.ਡੀ ਫਾਊਂਡੇਸ਼ਨ ਦੇ ਵਲੰਟੀਅਰਾਂ ਸਮੇਤ 5885 ਤੋਂ ਵੱਧ ਵਿਦਿਆਰਥੀਆਂ ਦੇ ਸਾਂਝੇ ਇਕੱਠ ਨੇ ਇਹ ਵਕਾਰੀ ਇਤਿਹਾਸ ਰਚਿਆ।ਜ਼ਿਕਰਯੋਗ ਹੈ ਕਿ ਚੰਡੀਗੜ ਕ੍ਰਿਕਟ ਸਟੇਡੀਅਮ ਵਿਖੇ ਇਹ ਵਿਲੱਖਣ ਸਮਾਗਮ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅਤੇ ਐਨ.ਆਈ.ਡੀ. ਫਾਊਂਡੇਸ਼ਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੀ 'ਹਰ ਘਰ ਤਿਰੰਗਾ' ਮੁਹਿੰਮ ਨੂੰ ਸਫ਼ਲ ਬਣਾਉਣ ਦੇ ਉਦੇਸ਼ ਨਾਲ ਕਰਵਾਇਆ ਗਿਆ।ਵਿਦਿਆਰਥੀਆਂ ਸਮੇਤ 25 ਹਜ਼ਾਰ ਤੋਂ ਵੱਧ ਸ਼ਹਿਰ ਵਾਸੀਆਂ ਦੀ ਸ਼ਮੂਲੀਅਤ ਨਾਲ ਇਹ ਸਮਾਗਮ ਦੇਸ਼ ਭਰ 'ਚ ਆਪਣੇ ਕਿਸਮ ਦਾ ਪਹਿਲਾ ਸਮਾਗਮ ਸਿੱਧ ਹੋਇਆ।
ਸਮਾਗਮ ਦੌਰਾਨ ਪੰਜਾਬ, ਚੰਡੀਗੜ੍ਹ ਦੇ ਰਾਜਪਾਲ ਅਤੇ ਪ੍ਰਸ਼ਾਸਕ ਸ਼੍ਰੀ ਬਨਵਾਰੀਲਾਲ ਪੁਰੋਹਿਤ ਮੁੱਖ ਮਹਿਮਾਨ ਵਜੋਂ ਅਤੇ ਭਾਰਤ ਸਰਕਾਰ ਦੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਤੋਂ ਇਲਾਵਾ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਅਤੇ ਐਨ.ਆਈ.ਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸ. ਸਤਨਾਮ ਸਿੰਘ ਸੰਧੂ, ਚੰਡੀਗੜ੍ਹ ਪ੍ਰਸ਼ਾਸ਼ਕ ਲਈ ਸਲਾਹਕਾਰ ਸ਼੍ਰੀ ਧਰਮਪਾਲ, ਡਿਪਟੀ ਕਮਿਸ਼ਨਰ ਚੰਡੀਗੜ ਵਿਨੈ ਪ੍ਰਤਾਪ ਸਿੰਘ, ਨਗਰ ਨਿਗਮ ਦੇ ਮੇਅਰ ਸਰਬਜੀਤ ਕੌਰ ਅਤੇ ਐਨ.ਆਈ.ਡੀ ਫਾਊਂਡੇਸ਼ਨ ਦੀ ਸੰਸਥਾਪਕ ਪ੍ਰੋ. ਹਿਮਾਨੀ ਸੂਦ ਉਚੇਚੇ ਤੌਰ 'ਤੇ ਹਾਜ਼ਰ ਸਨ।
ਦੇਸ਼ ਵਾਸੀਆਂ ਵਿੱਚ ਦੇਸ਼ ਭਗਤੀ, ਏਕਤਾ ਅਤੇ ਆਖੰਡਤਾ ਦੀ ਭਾਵਨਾ ਜਗਾਉਣ ਦੇ ਨਾਲ-ਨਾਲ ਇਹ ਸਮਾਗਮ ਭਾਰਤ ਸਰਕਾਰ ਦੇ 20 ਕਰੋੜ ਘਰਾਂ ਉਪਰ ਤਿਰੰਗਾ ਲਹਿਰਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵੱਡਾ ਮੀਲ ਪੱਥਰ ਸਾਬਤ ਹੋਵੇਗਾ।ਚੰਡੀਗੜ੍ਹ ਕ੍ਰਿਕਟ ਸਟੇਡੀਅਮ 'ਚ ਦੇਸ਼ ਭਗਤੀ ਦਾ ਜਜ਼ਬਾ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ, ਜਿੱਥੇ 25 ਹਜ਼ਾਰ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨਾਲ 5885 ਲੜਕੇ-ਲੜਕੀਆਂ ਨੇ ਮਨੁੱਖੀ ਲੜੀ ਦੇ ਅਧੀਨ ਦੁਨੀਆਂ ਦੇ ਸੱਭ ਤੋਂ ਵੱਡੇ ਲਹਿਰਾਉਂਦੇ ਰਾਸ਼ਟਰੀ ਝੰਡੇ ਦਾ ਦ੍ਰਿਸ਼ ਬਣਾ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ।ਇਤਿਹਾਸਕ ਪਹਿਲਕਦਮੀ ਦੌਰਾਨ ਸਮੁੱਚਾ ਸਟੇਡੀਅਮ ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੂੰਜ ਉਠਿਆ।ਇਸ ਨਿਵੇਕਲੇ ਵਿਸ਼ਵ ਰਿਕਾਰਡ ਦੀ ਪੁਸ਼ਟੀ ਗਿੰਨੀਜ਼ ਵਰਲਡ ਰਿਕਾਰਡ ਦੇ ਅਧਿਕਾਰਤ ਨਿਰਣਾਇਕ ਵੱਲੋਂ ਕੀਤੀ ਗਈ।
ਇਸ ਮੌਕੇ 6 ਗੈਰ-ਸਰਕਾਰੀ ਸੰਗਠਨਾਂ (ਐਨ.ਜੀ.ਓ) ਨੂੰ ਉਨਾਂ ਦੇ ਸਬੰਧਤ ਖੇਤਰਾਂ ਵਿੱਚ ਵਿਲੱਖਣ ਸਮਾਜ ਸੇਵਾ ਲਈ 'ਕਰਮ ਯੋਧਾ' ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।ਇਨਾਂ ਵਿੱਚ ਤੇਰਾ ਹੀ ਤੇਰਾ ਮਿਸ਼ਨ ਹਸਪਤਾਲ ਲਈ ਹਰਜੀਤ ਸਿੰਘ ਸੱਭਰਵਾਲ, ਸਰਬੱਤ ਦਾ ਭਲਾ ਐਨ.ਜੀ.ਓ ਲਈ ਪ੍ਰੋਫੈਸਰ (ਡਾ.) ਸੁਰਿੰਦਰਪਾਲ ਸਿੰਘ ਓਬਰਾਏ, ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋਂ ਮਾਜਰਾ ਵਾਲੇ ਲਈ ਗੁਰਮੀਤ ਸਿੰਘ ਸੋਡੀ, ਆਸ਼ਾ ਕਟੋਚ, ਡਿਵੈਲਪਿੰਗ ਇੰਡੀਜੀਨਸ ਰਿਸੋਰਸਜ਼ ਇੰਡੀਆ ਲਈ ਐਮ.ਡੀ ਅਤੇ ਸੀ.ਈ.ਓ, ਜੋਸ਼ੀ ਫਾਊਂਡੇਸ਼ਨ ਲਈ ਵਿਨੀਤ ਜੋਸ਼ੀ, ਅਤੇ ਵੂਮੈਨ ਐਂਡ ਚਾਈਲਡ ਵੈਲਫ਼ੇਅਰ ਸੁਸਾਇਟੀ ਲਈ ਪੂਜਾ ਬਖਸ਼ੀ ਦੇ ਨਾਮ ਸ਼ਾਮਲ ਹੈ। ਇਸ ਤੋਂ ਇਲਾਵਾ ਕਲਾ ਦੇ ਖੇਤਰ 'ਚ ਬੁਲੰਦੀਆਂ ਛੂਹਣ ਵਾਲੀ ਉੱਘੀ ਭਾਰਤੀ ਅਭਿਨੇਤਰੀ ਈਸ਼ਾ ਰਿਖੀ ਅਤੇ ਭਾਰਤੀ ਉਲੰਪੀਅਨ ਪਹਿਲਵਾਨ ਯੋਗੇਸ਼ਵਰ ਦੱਤ ਨੂੰ ਯੂਥ ਆਈਕਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਹਾਜ਼ਰੀਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਕਿ ਚੰਡੀਗੜ ਯੂਨੀਵਰਸਿਟੀ ਅਤੇ ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਬਣਾਏ ਵਿਸ਼ਵ ਰਿਕਾਰਡ ਦੀ ਸਫ਼ਲਤਾ ਨਾਲ ਚੰਡੀਗੜ੍ਹ ਨੇ ਭਾਰਤ ਦੇ ਸੁਤੰਤਰਤਾ ਦਿਵਸ ਦੀ 75ਵੀਂ ਵਰੇਗੰਢ ਮੌਕੇ ਸਮੁੱਚੇ ਵਿਸ਼ਵ ਨੂੰ ਇੱਕ ਮਹਾਨ ਸੁਨੇਹਾ ਦਿੱਤਾ ਹੈ।ਉਨਾਂ ਇਸ ਸਮਾਗਮ ਨੂੰ ਕਲਪਨਾ ਤੋਂ ਵੀ ਵੱਡੀ ਪਹਿਲਕਦਮੀ ਕਰਾਰ ਦਿੱਤਾ।ਸ. ਸਤਨਾਮ ਸਿੰਘ ਸੰਧੂ ਨੇ ਵਧਾਈ ਦਿੰਦਿਆਂ ਉਨਾਂ ਕਿਹਾ ਕਿ ਨਾ ਸਿਰਫ਼ ਉਨਾਂ ਦੀਆਂ ਸੰਸਥਾਵਾਂ ਸਗੋਂ ਉਨਾਂ ਨੇ ਪੂਰੇ ਚੰਡੀਗੜ੍ਹ ਸਮੇਤ ਸਮੁੱਚੇ ਦੇਸ਼ ਦਾ ਮਾਣ ਵਧਾਇਆ ਹੈ।
ਉਨਾਂ ਕਿਹਾ ਕਿ ਐਨ.ਆਈ.ਡੀ ਫਾਊਂਡੇਸ਼ਨ ਅਤੇ ਸੀਯੂ ਨੇ ਜਿਸ ਤਰੀਕੇ ਨਾਲ ਲੋਕਾਂ ਦਾ ਭਰਵਾਂ ਇਕੱਠ ਕਰਕੇ ਉਨਾਂ ਨੂੰ ਦੇਸ਼ ਦੀ ਆਜ਼ਾਦੀ ਲਈ ਮਹਾਨ ਕੁਰਬਾਨੀਆਂ ਦੇਣ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਯੋਗ ਬਣਾਇਆ ਹੈ।ਉਨਾਂ 25 ਹਜ਼ਾਰ ਦੇ ਭਰਵੇਂ ਇਕੱਠ ਨੂੰ ਆਜ਼ਾਦੀ ਦਿਵਸ ਮੌਕੇ ਦੇਸ਼ ਅਤੇ ਰਾਸ਼ਟਰ ਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਪ੍ਰਣ ਲੈਣ ਦੀ ਅਪੀਲ ਕੀਤੀ।ਚੰਡੀਗੜ ਯੂਨੀਵਰਸਿਟੀ ਅਤੇ ਐਨ.ਆਈ.ਡੀ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਦੇਸ਼ ਭਗਤੀ ਅਤੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵੱਲ ਉਨਾਂ ਦਾ ਇਹ ਕਦਮ ਸ਼ਲਾਘਾਯੋਗ ਹੈ।ਉਨਾਂ ਇਸ ਸਮੁੱਚੇ ਪ੍ਰੋਗਰਾਮ ਨੂੰ ਆਪਣੀ ਕਿਸਮ ਦਾ ਪਹਿਲਾ ਅਤੇ ਵਿਲੱਖਣ ਸਮਾਗਮ ਕਰਾਰ ਦਿੰਦਿਆਂ ਇਸ ਦੀ ਸਫ਼ਲਤਾ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ।
ਇਸ ਮੌਕੇ ਸੰਬੋਧਨ ਕਰਦਿਆਂ ਮੀਨਾਕਸ਼ੀ ਲੇਖੀ ਨੇ ਕਿਹਾ ਸਾਡੇ ਹਜ਼ਾਰਾਂ ਨੌਜਵਾਨ ਇਸ ਵਿਸ਼ਵ ਰਿਕਾਰਡ ਨੂੰ ਕਾਇਮ ਕਰਨ ਲਈ ਇਕੱਤਰ ਹੋਏ ਸਨ, ਇਸ ਤਰਾਂ ਦਾ ਸੁਨਿਹਰਾ ਦ੍ਰਿਸ਼ ਕੋਈ ਹੋਰ ਨਹੀਂ ਹੋ ਸਕਦਾ।ਉਨਾਂ ਐਨ.ਆਈ.ਡੀ ਫਾਊਂਡੇਸ਼ਨ ਅਤੇ ਚੰਡੀਗੜ ਯੂਨੀਵਰਸਿਟੀ ਨੂੰ ਵਧਾਈ ਦਿੰਦਿਆ ਕਿਹਾ ਕਿ ਉਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਮੇਰਾ ਸੁਪਨਾ ਸਾਕਾਰ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਲੋਕਾਂ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਦੀ ਇਜਾਜ਼ਤ ਦੇਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਦਾ ਧੰਨਵਾਦ ਕਰਦੇ ਹੋਏ ਲੇਖੀ ਨੇ ਕਿਹਾ ਕਿ ਤਿਰੰਗੇ ਪ੍ਰਤੀ ਲੋਕਾਂ ਦੇ ਦਿਲਾਂ 'ਚ ਸਤਿਕਾਰ ਦੇਖ ਕੇ ਉਹ ਬਹੁਤ ਖੁਸ਼ ਹਨ।ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਰਤ ਨੂੰ ਅਗਲੇ 25 ਸਾਲਾਂ ਦੌਰਾਨ ਵਿਸ਼ਵ ਗੁਰੂ ਬਣਾਉਣ 'ਚ ਸਮੂਹ ਦੇਸ਼ ਵਾਸੀ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਬੋਲਦਿਆਂ ਗਿੰਨੀਜ਼ ਰਿਕਾਰਡਜ਼ ਦੇ ਅਧਿਕਾਰਤ ਜੱਜ ਸਵਪਨਿਲ ਡਾਂਗਰੀਕਰ ਨੇ ਐਨ.ਆਈ.ਡੀ ਫਾਊਂਡੇਸ਼ਨ ਅਤੇ ਚੰਡੀਗੜ ਯੂਨੀਵਰਸਿਟੀ ਦੇ ਰਿਕਾਰਡ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਮਾਗਮ ਦੌਰਾਨ ਬਣਾਏ ਸੱਭ ਤੋਂ ਵੱਡੇ ਲਹਿਰਾਉਂਦੇ ਤਿਰੰਗੇ ਦੇ ਦ੍ਰਿਸ਼ ਨਾਲ ਭਾਰਤ ਨੇ ਸੰਯੁਕਤ ਅਰਬ ਅਮੀਰਾਤ ਨੂੰ ਪਿੱਛੇ ਛੱਡਦੇ ਹੋਏ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ।ਇਸ ਦੌਰਾਨ ਜੱਜ ਸਵਪਨਿਲ ਡਾਂਗਰੀਕਰ ਨੇ ਵਿਸ਼ਵ ਰਿਕਾਰਡ ਦੇ ਸਰਟੀਫਿਕੇਟ ਦੀ ਕਾਪੀ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਅਤੇ ਸ. ਸਤਨਾਮ ਸਿੰਘ ਸੰਧੂ ਨੂੰ ਸੌਂਪਦਿਆਂ ਸ਼ੁਭਕਾਮਨਾਵਾਂ ਦਿੱਤੀਆਂ।ਉਨਾਂ ਕਿਹਾ ਕਿ ਸੰਯੁਕਤ ਅਰਬ ਅਮੀਰਾਤ (ਦੁਬਈ) ਨੇ ਸਾਲ 2017 ਵਿੱਚ 4130 ਲੋਕਾਂ ਨਾਲ ਲਹਿਰਾਉਂਦੇ ਰਾਸ਼ਟਰੀ ਝੰਡੇ ਦੀ ਸਭ ਤੋਂ ਵੱਡੀ ਮਨੁੱਖੀ ਤਸਵੀਰ ਦਾ ਰਿਕਾਰਡ ਹਾਸਲ ਕੀਤਾ ਸੀ।ਹਾਲਾਂਕਿ ਭਾਰਤ ਨੇ ਇਸ ਰਿਕਾਰਡ ਨੂੰ ਅਸਾਨੀ ਨਾਲ ਤੋੜ ਦਿੱਤਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਸਮੁੱਚੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਮਨਾਉਣ ਅਤੇ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਉਣ ਲਈ 'ਹਰ ਘਰ ਤਿਰੰਗਾ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।ਉਨਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਐਨ.ਆਈ.ਡੀ ਫ਼ਾਊਂਡੇਸ਼ਨ ਅਤੇ ਚੰਡੀਗੜ ਯੂਨੀਵਰਸਿਟੀ ਦੁਆਰਾ ਕੀਤੇ ਇਸ ਨਿਮਾਣੇ ਯਤਨ ਅਧੀਨ ਭਾਰਤ ਦੀ ਆਜ਼ਾਦੀ ਦਾ ਜਸ਼ਨ ਮਨਾਉਣ ਲਈ ਵੱਡੇ ਪੱਧਰ 'ਤੇ ਲੋਕ ਇੱਕ ਮੰਚ 'ਤੇ ਇਕੱਤਰ ਹੋਏ ਹਨ।ਉਨਾਂ ਕਿਹਾ ਕਿ ਸਾਡਾ ਰਾਸ਼ਟਰੀ ਝੰਡਾ ਤਿੰਨ ਰੰਗਾਂ ਤੋਂ ਵੀ ਉਪਰ ਉਠ ਕੇ ਹੈ, ਇਹ ਸਾਡੀ ਅਤੀਤ ਦੀ ਸ਼ਾਨ, ਵਰਤਮਾਨ ਪ੍ਰਤੀ ਸਾਡੀ ਵਚਨਬੱਧਤਾ ਅਤੇ ਭਵਿੱਖ ਦੇ ਸਾਡੇ ਸੁਪਨਿਆਂ ਦਾ ਪ੍ਰਤੀਬਿੰਬ ਵੀ ਹੈ।ਸਾਡਾ ਤਿਰੰਗਾ ਭਾਰਤ ਦੀ ਏਕਤਾ, ਅਖੰਡਤਾ ਅਤੇ ਵਿਭਿੰਨਤਾ ਦਾ ਪ੍ਰਤੀਕ ਹੈ।ਇਸ ਇਤਿਹਾਸਕ ਪ੍ਰਾਪਤੀ ਲਈ ਉਨਾਂ ਚੰਡੀਗੜ ਪ੍ਰਸ਼ਾਸਨ ਦੇ ਮਹੱਤਵਪੂਰਨ ਸਹਿਯੋਗ ਦਾ ਧੰਨਵਾਦ ਕੀਤਾ।
ਉਨਾਂ ਦੱਸਿਆ ਕਿ ਸਮਾਗਮ ਦੌਰਾਨ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਆਜ਼ਾਦੀ ਘੁਲਾਟੀਆਂ ਅਤੇ ਹਥਿਆਰਬੰਦ ਸੈਨਾਵਾਂ ਦੇ ਜਵਾਨਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਅਤੇ ਕੁਰਬਾਨੀਆਂ ਨੂੰ ਮਾਨਤਾ ਦੇਣ ਅਤੇ ਉਨਾਂ ਦਾ ਸਨਮਾਨ ਕਰਨ ਲਈ ਇੱਕ ਵਿਸ਼ੇਸ਼ ਸਮਾਰੋਹ ਵੀ ਹੋਇਆ। ਕਲਾ, ਸਿੱਖਿਆ, ਸਮਾਜ ਸੇਵਾ, ਮੈਡੀਸਨ, ਸਾਹਿਤ ਅਤੇ ਖੇਡਾਂ ਦੇ ਖੇਤਰ ਵਿੱਚ ਬੇਮਿਸਾਲ ਪ੍ਰਾਪਤੀਆਂ ਕਰਨ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਕਰਕੇ ਅਸੀਂ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਾਂ।
ਝੰਡਾ ਲਹਿਰਾਉਣ ਦੀ ਰਸਮ ਅਤੇ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਹੋਈ।ਜ਼ਿਕਰਯੋਗ ਹੈ ਕਿ ਜਿੱਥੇ ਐਨ.ਆਈ.ਡੀ. ਫਾਊਂਡੇਸ਼ਨ ਅਤੇ ਚੰਡੀਗੜ ਯੂਨੀਵਰਸਿਟੀ ਚੰਡੀਗੜ ਦੇ 1 ਲੱਖ ਨਾਗਰਿਕਾਂ ਤੱਕ ਪਹੁੰਚ ਕਰਕੇ ਉਨਾਂ ਨੂੰ 'ਹਰ ਘਰ ਤਿਰੰਗਾ' ਮੁਹਿੰਮ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰ ਰਹੀ ਹੈ, ਉੱਥੇ ਇੱਕ ਵੱਡੀ ਡਿਜੀਟਲ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਮੁਹਿੰਮ ਨੂੰ ਹੁਲਾਰਾ ਦੇਣ ਲਈ ਚੰਡੀਗੜ ਦੇ 50 ਹਜ਼ਾਰ ਨੌਜਵਾਨਾਂ ਨੂੰ ਦੇਸ਼ ਭਗਤੀ ਦੇ ਸੰਦੇਸ਼ ਵੀ ਭੇਜੇ ਜਾ ਰਹੇ ਹਨ।
ਐਨ.ਆਈ.ਡੀ ਫਾਊਂਡੇਸ਼ਨ ਅਤੇ ਚੰਡੀਗੜ ਯੂਨੀਵਰਸਿਟੀ ਦੀ ਪਹਿਲਕਦਮੀ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਸੁਨੀਲ ਸ਼ਰਮਾ ਨੇ ਕਿਹਾ ਕਿ ਮੈਂ 'ਵਰਸਿਟੀ ਦੇ ਨਿਵੇਕਲੇ ਸਮਾਗਮ ਦੇ ਮਾਧਿਅਮ ਰਾਹੀਂ ਆਜ਼ਾਦੀ ਦੇ ਜਸ਼ਨਾਂ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਿਹਾ ਹਾਂ।ਉਸ ਨੇ ਕਿਹਾ ਕਿ ਭਾਰਤ ਸਾਡੀ ਅਜਿਹੀ ਸਰਜ਼ਮੀਨ ਹੈ ਜਿਸ ਨੇ ਸਾਨੂੰ ਨਿਵੇਕਲੀ ਪਛਾਣ ਦਿੰਦਿਆਂ ਮਾਣਮੱਤੀ ਵਿਰਾਸਤ ਅਤੇ ਕਦਰਾਂ ਕੀਮਤਾਂ ਨਾਲ ਜੋੜਿਆ ਹੈ।ਸਕੂਲੀ ਵਿਦਿਆਰਥੀ ਸ਼ਾਇਦ ਨੇ ਗੱਲਬਾਤ ਕਰਦਿਆਂ ਕਿਹਾ ਕਿ 75ਵੇਂ ਆਜ਼ਾਦੀ ਦਿਵਸ ਨੂੰ ਮੁੱਖ ਰੱਖਦਿਆਂ ਸਿਟੀ ਬਿਊਟੀਫੁੱਲ 'ਚ ਕਰਵਾਏ ਸਮਾਗਮ ਦਾ ਹਿੱਸਾ ਬਣਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ, ਜਿਸ ਦੌਰਾਨ ਇੱਕ ਅਜਿਹਾ ਵਿਸ਼ਵ ਰਿਕਾਰਡ ਬਣਿਆ ਹੈ ਜਿਸ ਨੇ 'ਹਰ ਘਰ ਤਿਰੰਗਾ' ਮੁਹਿੰਮ ਨੂੰ ਨਾ ਕੇਵਲ ਦੇਸ਼ ਬਲਕਿ ਦੁਨੀਆਂ ਪੱਧਰ 'ਤੇ ਜਾਣੂ ਕਰਵਾਇਆ ਹੈ।ਉਸ ਨੇ ਐਨ.ਆਈ.ਡੀ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਨੂੰ ਵਧਾਈ ਦਿੱਤੀ, ਜਿਨਾਂ ਦੇ ਸਹਿਯੋਗ ਰਾਹੀਂ ਇਹ ਨਿਵੇਕਲਾ ਵਿਸ਼ਵ ਰਿਕਾਰਡ ਮੇਰੇ ਸ਼ਹਿਰ ਚੰਡੀਗੜ ਦੀ ਧਰਤੀ 'ਤੇ ਸਿਰਜਿਆ ਗਿਆ ਹੈ।