ਵੀਡੀਓ: ਪਾਕਿ-ਆਈਐਸਆਈ ਦਹਿਸ਼ਤੀ ਮਾਡਿਊਲ ਦਾ ਪੰਜਾਬ ਪੁਲਿਸ ਵੱਲੋਂ ਪਰਦਾਫਾਸ਼
ਚੰਡੀਗੜ੍ਹ, 14 ਅਗਸਤ 2022 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਵੀਡੀਓ: ਪਾਕਿ-ਆਈਐਸਆਈ ਦਹਿਸ਼ਤੀ ਮਾਡਿਊਲ ਦਾ ਪੰਜਾਬ ਪੁਲਿਸ ਵੱਲੋਂ ਪਰਦਾਫਾਸ਼
ਪੰਜਾਬ ਪੁਲਿਸ ਵੱਲੋਂ ਆਜ਼ਾਦੀ ਦਿਹਾੜੇ 'ਤੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਉਣ ਵਾਲੇ ਪਾਕਿ-ਆਈਐਸਆਈ ਤੋਂ ਸ਼ਹਿ ਪ੍ਰਾਪਤ ਮਾਡਿਊਲ ਦਾ ਪਰਦਾਫਾਸ਼
- ਕੈਨੇਡਾ ਅਧਾਰਤ ਗੈਂਗਸਟਰ ਅਰਸ਼ ਡੱਲਾ ਅਤੇ ਆਸਟ੍ਰੇਲੀਆ ਅਧਾਰਤ ਗੈਂਗਸਟਰ ਗੁਰਜੰਟ ਸਿੰਘ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਮਡਿਊਲ ਦੇ ਚਾਰ ਮੈਂਬਰ ਦਿੱਲੀ ਤੋਂ ਆਈਈਡੀ, 3 ਹੈਂਡ ਗਰਨੇਡ, ਹਥਿਆਰਆਂ ਅਤੇ ਗੋਲਾ-ਬਾਰੂਦ ਸਮੇਤ ਕਾਬੂ
- ਪੰਜਾਬ ਪੁਲਿਸ ਵੱਲੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦੀ ਸਰਹੱਦ ਪਾਰੋਂ ਤਸਕਰੀ 'ਚ ਸ਼ਾਮਲ ਅਜਿਹੇ ਤੀਜੇ ਮਾਡਿਊਲ ਦਾ ਪਰਦਾਫਾਸ਼
ਚੰਡੀਗੜ੍ਹ, 14 ਅਗਸਤ 2022 - ਆਜ਼ਾਦੀ ਦਿਹਾੜੇ ਦੇ ਨੇੜੇ ਪੰਜਾਬ ਪੁਲਿਸ ਨੇ ਪਾਕਿ-ਆਈਐਸਆਈ ਤੋਂ ਸਮਰਥਨ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਕੈਨੇਡਾ-ਅਧਾਰਤ ਗੈਂਗਸਟਰਾਂ ਨਾਲ ਸਬੰਧਤ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦਾ ਸਬੰਧ ਕੈਨੇਡਾ ਅਧਾਰਤ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਆਸਟ੍ਰੇਲੀਆ ਅਧਾਰਤ ਗੈਂਗਸਟਰ ਗੁਰਜੰਟ ਸਿੰਘ ਉਰਫ ਜੰਟਾ ਨਾਲ ਹੈ। ਉਕਤ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਦੀ ਕਾਊਂਟਰ-ਇੰਟੈਲੀਜੈਂਸ ਯੂਨਿਟ ਵੱਲੋਂ ਦਿੱਲੀ ਪੁਲਿਸ ਦੀ ਮਦਦ ਨਾਲ ਚਲਾਏ ਗਏ ਖੁਫੀਆ ਆਪਰੇਸ਼ਨ ਦੌਰਾਨ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਕਬਜ਼ੇ ਵਿੱਚੋਂ ਤਿੰਨ ਹੈਂਡ ਗਰੇਨੇਡ (ਪੀ-86), ਇੱਕ ਆਈਈਡੀ ਅਤੇ ਦੋ 9 ਐਮਐਮ ਦੇ ਪਿਸਤੌਲ ਸਮੇਤ 40 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਇਹ ਪੰਜਾਬ ਪੁਲਿਸ ਵੱਲੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਬੇਨਕਾਬ ਕੀਤਾ ਗਿਆ ਅਜਿਹਾ ਤੀਜਾ ਮਡਿਊਲ ਹੈ ਜੋ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦੀ ਸਰਹੱਦ ਪਾਰੋਂ ਤਸਕਰੀ ਵਿੱਚ ਸ਼ਾਮਲ ਸੀ ।
ਫੜੇ ਗਏ ਵਿਅਕਤੀਆਂ ਦੀ ਪਛਾਣ ਪ੍ਰੀਤ ਨਗਰ ਮੋਗਾ ਦੇ ਦੀਪਕ ਸ਼ਰਮਾ; ਫਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਕਲਾਂ ਦੇ ਸੰਦੀਪ ਸਿੰਘ; ਦਿੱਲੀ ਦੇ ਨਜਫਗੜ੍ਹ ਦੇ ਪਿੰਡ ਈਸ਼ਾਪੁਰ ਦੇ ਸੰਨੀ ਡਾਗਰ ਅਤੇ ਨਵੀਂ ਦਿੱਲੀ ਦੇ ਗੋਇਲਾ ਖੁਰਦ ਦੇ ਵਸਨੀਕ ਵਿਪਨ ਜਾਖੜ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਇਹ ਸਾਰੇ ਮੁਲਜ਼ਮ ਵਿਪਨ ਜਾਖੜ ਦੇ ਘਰ ਵਿੱਚ ਲੁਕੇ ਹੋਏ ਸਨ।
ਤਤਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਸੂਚਨਾ ਮਿਲਣ ਕਿ ਵਿਪਿਨ ਜਾਖੜ ਨੇ ਨਵੀਂ ਦਿੱਲੀ ਦੇ ਪਿੰਡ ਗੋਇਲਾ ਖੁਰਦ ਵਿਖੇ ਆਪਣੇ ਘਰ 'ਚ ਅਰਸ਼ ਡੱਲਾ ਦੇ ਸਾਥੀਆਂ ਨੂੰ ਪਨਾਹ ਦਿੱਤੀ ਹੋਈ ਹੈ, ਤੋਂ ਬਾਅਦ ਪੰਜਾਬ ਪੁਲਿਸ ਐਸਐਸਓਸੀ ਮੋਹਾਲੀ ਦੀਆਂ ਟੀਮਾਂ ਨੇ ਦਵਾਰਕਾ ਪੁਲਿਸ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 40 ਜਿੰਦਾ ਕਾਰਤੂਸ ਸਮੇਤ ਦੋ 9 ਐਮ.ਐਮ. ਦੇ ਪਿਸਤੌਲ (ਵਿਦੇਸ਼ੀ) ਬਰਾਮਦ ਕੀਤੇ।
ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਮਿਲੇ ਸੁਰਾਗਾਂ ਜ਼ਰੀਏ ਪੁਲਿਸ ਟੀਮਾਂ ਨੇ ਸ਼ਨੀਵਾਰ ਨੂੰ ਉਨ੍ਹਾਂ ਵੱਲੋਂ ਦੱਸੇ ਗਏ ਪੰਜਾਬ 'ਚ ਸਥਿਤ ਟਿਕਾਣਿਆਂ ਤੋਂ ਇੱਕ ਆਈਈਡੀ ਅਤੇ ਤਿੰਨ ਹੈਂਡ ਗ੍ਰਨੇਡ ਵੀ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਅਰਸ਼ ਡੱਲਾ ਵੱਲੋਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਅਤੇ ਪੰਜਾਬ ਦੇ ਇਲਾਕਿਆਂ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ।
ਡੀ.ਜੀ.ਪੀ. ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਦੀਪਕ ਸ਼ਰਮਾ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜੋ ਪੰਜਾਬ ਪੁਲਿਸ ਨੂੰ ਦੋ ਮਾਮਲਿਆਂ, ਮੋਗਾ ਦੇ ਜਸਵਿੰਦਰ ਸਿੰਘ ਉਰਫ਼ ਜੱਸੀ, ਜੋ ਮਾਰਚ 2022 ਵਿੱਚ ਮਾਰਿਆ ਗਿਆ ਸੀ, ਦੇ ਕਤਲ ਅਤੇ ਜੂਨ 2022 ਵਿੱਚ ਪਿੰਡ ਡੱਲਾ, ਮੋਗਾ ਦੇ ਪੰਚਾਇਤ ਸਕੱਤਰ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਸ਼ਾਮਲ ਸੀ। ਜਦਕਿ ਮੁਲਜ਼ਮ ਸੰਦੀਪ, ਜੋ ਹਾਲ ਹੀ ਵਿੱਚ ਦੁਬਈ ਤੋਂ ਭਾਰਤ ਆਇਆ ਸੀ, ਨੇ ਪੰਚਾਇਤ ਸਕੱਤਰ ਦੇ ਘਰ ਗੋਲੀਬਾਰੀ ਕਰਨ ਲਈ ਦੀਪਕ ਨੂੰ ਲੌਜਿਸਟਿਕ ਸਹਾਇਤਾ ਮੁਹੱਈਆ ਕਰਵਾਈ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਸੰਨੀ ਡਾਗਰ ਜੋ ਕਿ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਹੈ, ਦਿੱਲੀ ਅਤੇ ਐਨਸੀਆਰ ਖੇਤਰ ਵਿੱਚ ਸਰਗਰਮ ਨੀਰਜ ਬਵਾਨਾ ਗੈਂਗ ਅਤੇ ਟਿੱਲੂ ਤਾਜਪੁਰੀਆ ਗੈਂਗ ਦਾ ਸਰਗਰਮ ਮੈਂਬਰ ਹੈ ਅਤੇ ਉਹ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਸਮੇਤ ਕਈ ਘਿਨਾਉਣੇ ਅਪਰਾਧਾਂ ਦੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਸੰਨੀ ਡਾਗਰ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਦੀਪਕ ਸ਼ਰਮਾ ਅਤੇ ਸੰਦੀਪ ਸਿੰਘ ਨੂੰ ਲੁਕਣ ਲਈ ਥਾਂ ਮੁਹੱਈਆ ਕਰਵਾ ਰਿਹਾ ਸੀ, ਜਦਕਿ ਦੋਸ਼ੀ ਵਿਪਨ ਜਾਖੜ ਗ੍ਰਿਫਤਾਰ ਕੀਤੇ ਗਏ ਦੂਜੇ ਦੋਸ਼ੀਆਂ ਨੂੰ ਮਾਲੀ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰ ਰਿਹਾ ਸੀ ਅਤੇ ਦੋਸ਼ੀਆਂ ਦੀ ਇੱਕ ਟਿਕਾਣੇ ਤੋਂ ਦੂਜੇ ਟਿਕਾਣੇ 'ਤੇ ਆਉਣ-ਜਾਣ 'ਚ ਮਦਦ ਕਰ ਵੀ ਰਿਹਾ ਸੀ।
ਡੀਜੀਪੀ ਗੌਰਵ ਯਾਦਵ ਨੇ ਪੰਜਾਬ ਨੂੰ ਅਪਰਾਧ ਮੁਕਤ ਅਤੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬੇ ਵਿੱਚ ਸਮਾਜ ਵਿਰੋਧੀ ਅਨਸਰਾਂ ਲਈ ਕੋਈ ਥਾਂ ਨਹੀਂ ਹੈ।
ਪੁਲੀਸ ਨੇ ਗ੍ਰਿਫ਼ਤਾਰ ਕੀਤੇ ਸਾਰੇ ਵਿਅਕਤੀਆਂ ਨੂੰ ਸ਼ਨੀਵਾਰ ਦੇ ਦਿਨ ਸਥਾਨਕ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਡੱਬੀ: ਗੈਂਗਸਟਰ ਅਰਸ਼ ਡੱਲਾ ਦੀ ਹਵਾਲਗੀ ਲਈ ਯਤਨ ਜਾਰੀ
ਮੋਗਾ ਦੇ ਪਿੰਡ ਡੱਲਾ ਦਾ ਰਹਿਣ ਵਾਲਾ ਕੈਨੇਡਾ ਅਧਾਰਤ ਅਰਸ਼ ਡੱਲਾ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਇੱਕ ਬਦਨਾਮ ਗੈਂਗਸਟਰ ਹੈ ਜਿਸਦੀ ਪੰਜਾਬ ਪੁਲਿਸ ਨੂੰ ਭਾਲ ਹੈ। ਉਸ ਦੀ ਸ਼ਮੂਲੀਅਤ ਸਰਹੱਦੀ ਰਾਜ ਪੰਜਾਬ ਵਿੱਚ ਮਿੱਥ ਕੇ ਕੀਤੀਆਂ ਗਈਆਂ ਵੱਖ-ਵੱਖ ਹੱਤਿਆਵਾਂ ਵਿੱਚ ਵੀ ਸਾਹਮਣੇ ਆਈ ਸੀ।ਇਸ ਤੋਂ ਇਲਾਵਾ ਉਹ ਪਾਕਿਸਤਾਨ ਤੋਂ ਆਰ.ਡੀ.ਐਕਸ, ਆਈ.ਈ.ਡੀ., ਏ.ਕੇ.-47 ਅਤੇ ਹੋਰ ਹਥਿਆਰ ਤੇ ਗੋਲਾ ਬਾਰੂਦ ਲਿਆ ਕੇ ਸੂਬੇ ਵਿੱਚ ਅੱਤਵਾਦੀ ਮਾਡਿਊਲਾਂ ਨੂੰ ਸਪਲਾਈ ਕਰਨ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਰਿਹਾ ਹੈ ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲੀਸ ਨੇ ਉਸ ਦੀ ਕੈਨੇਡਾ ਤੋਂ ਹਵਾਲਗੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਅਰਸ਼ ਡੱਲਾ ਖਿਲਾਫ ਰੈੱਡ ਕਾਰਨਰ ਨੋਟਿਸ ਮਈ 2022 'ਚ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।