ਵਿਧਾਨ ਸਭਾ ਸੈਸ਼ਨ ਦਾ ਮਕਸਦ ਅਤੇ ਮੁੱਦੇ ਪੁੱਛਣ ਲਈ ਆਪ ਵੱਲੋਂ ਰਾਜਪਾਲ 'ਤੇ ਤਿੱਖਾ ਹਮਲਾ: ਗਵਰਨਰ ਕੈਬਨਿਟ ਦੁਆਰਾ ਬੁਲਾਏ ਸੈਸ਼ਨ ਤੋਂ ਇਨਕਾਰ ਕਿਵੇਂ ਕਰ ਸਕਦਾ ਹੈ ?
-ਰਾਜਪਾਲ ਪੰਜਾਬ ਸਰਕਾਰ ਦੇ ਕੰਮ ਵਿੱਚ ਬੇਲੋੜੀ ਦਖਲਅੰਦਾਜ਼ੀ ਕਰ ਰਹੇ ਹਨ: ਵਿੱਤ ਮੰਤਰੀ ਹਰਪਾਲ ਚੀਮਾ
- ਗੁਜਰਾਤ ਅਤੇ ਹਿਮਾਚਲ ਵਿੱਚ ਆਪ ਦੀ ਲਹਿਰ, ਡਰੀ ਹੋਈ ਭਾਜਪਾ 'ਆਪ' ਨੂੰ ਰੋਕਣ ਲਈ ਕਰ ਰਹੀ ਸਰਕਾਰੀ ਏਜੇਂਸੀਆਂ ਅਤੇ ਰਾਜਪਾਲ ਦੇ ਆਹੁਦੇ ਦੀ ਦੁਰਵਰਤੋਂ: ਹਰਪਾਲ ਚੀਮਾ
-'ਆਪ' ਸਰਕਾਰ ਪੰਜਾਬ ਦੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੈ, ਪਰ ਰਾਜਪਾਲ ਨੂੰ ਭਾਜਪਾ ਸਰਕਾਰ ਵੱਲੋਂ ਆਪ ਦੀ ਤਰੱਕੀ ਰੋਕਣ ਲਈ ਕੀਤਾ ਗਿਆ ਨਿਯੁਕਤ: ਚੀਮਾ
ਚੰਡੀਗੜ੍ਹ, 24 ਸਤੰਬਰ 2022 - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਨਿੰਦਣਯੋਗ ਹੈ ਕਿ ਪੰਜਾਬ ਦੇ ਰਾਜਪਾਲ ਨੇ 27 ਸਤੰਬਰ ਨੂੰ ਪ੍ਰਸਤਾਵਿਤ ਵਿਧਾਨ ਸਭਾ ਸੈਸ਼ਨ ਦੌਰਾਨ ਹੋਣ ਵਾਲੇ ਵਿਧਾਨਿਕ ਕੰਮਾਂ ਦੇ ਵੇਰਵੇ ਮੰਗੇ ਹਨ।ਉਨ੍ਹਾਂ ਕਿਹਾ ਕਿ ਰਾਜਪਾਲ ਦਫਤਰ ਪੰਜਾਬ ਦੇ ਕੰਮਾਂ ਵਿੱਚ ਲਗਾਤਾਰ ਦਖਲਅੰਦਾਜ਼ੀ ਕਰ ਰਿਹਾ ਹੈ ਅਤੇ ਚੁਣੀ ਹੋਈ 'ਆਪ' ਸਰਕਾਰ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦੇ ਰਿਹਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਵਿਧਾਨ ਸਭਾ ਸੈਸ਼ਨ ਦਾ ਮਕਸਦ ਅਤੇ ਮੁੱਦੇ ਪੁੱਛਣ ਲਈ ਆਪ ਵੱਲੋਂ ਰਾਜਪਾਲ 'ਤੇ ਤਿੱਖਾ ਹਮਲਾ: ਗਵਰਨਰ ਕੈਬਨਿਟ ਦੁਆਰਾ ਬੁਲਾਏ ਸੈਸ਼ਨ ਤੋਂ ਇਨਕਾਰ ਕਿਵੇਂ ਕਰ ਸਕਦਾ ਹੈ ? (ਵੀਡੀਓ ਵੀ ਦੇਖੋ)
ਰਾਜਪਾਲ ਦੀ ਦਖ਼ਲਅੰਦਾਜ਼ੀ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਚੀਮਾ ਨੇ ਕਿਹਾ, "ਮੈਂ ਰਾਜਪਾਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ ਦਫ਼ਤਰ ਦਾ ਰਿਕਾਰਡ ਚੈੱਕ ਕਰਨ ਅਤੇ ਲੋਕਾਂ ਨੂੰ ਦੱਸਣ ਕਿ ਕਿੰਨੇ ਰਾਜਪਾਲਾਂ ਨੇ ਸੱਤਾਧਾਰੀ ਸਰਕਾਰ ਤੋਂ ਵਿਧਾਨ ਸਭਾ ਸੈਸ਼ਨ ਬੁਲਾਉਣ ਦੇ ਮਕਸਦ ਬਾਰੇ ਸਵਾਲ ਖੜ੍ਹੇ ਕੀਤੇ ਹਨ। ਅੱਜ ਤੱਕ ਕਿਸੇ ਰਾਜਪਾਲ ਨੇ ਅਜਿਹਾ ਨਹੀਂ ਕੀਤਾ, ਸਿਰਫ ਮੌਜੂਦਾ ਰਾਜਪਾਲ ਅਜਿਹਾ ਕਰ ਰਹੇ ਹਨ, ਕਿਉਂਕਿ ਉਹ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ।"
ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਰਾਜਪਾਲ ਦਫ਼ਤਰ ਰਾਹੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਨ ਲਈ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਭਾਜਪਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਸੂਬਿਆਂ ਵਿੱਚ ‘ਆਪ’ ਪਾਰਟੀ ਦੀ ਵਧ ਰਹੀ ਲੋਕਪ੍ਰਿਅਤਾ ਤੋਂ ਡਰ ਗਈ ਹੈ।
ਉਨ੍ਹਾਂ ਕਿਹਾ ਕਿ 'ਆਪ' ਪੂਰੀ ਤਨਦੇਹੀ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਦਿੱਲੀ ਅਤੇ ਪੰਜਾਬ ਤੋਂ ਬਾਅਦ ਹੁਣ ਹੋਰਨਾਂ ਸੂਬਿਆਂ 'ਚ ਵੀ ਬਦਲਾਅ ਦੀ ਲਹਿਰ ਹੈ। 'ਆਪ' ਆਗਾਮੀ ਚੋਣਾਂ 'ਚ ਭਾਜਪਾ ਲਈ ਵੱਡਾ ਖਤਰਾ ਬਣ ਰਹੀ ਹੈ, ਜਿਸ ਕਾਰਨ ਉਹ (ਭਾਜਪਾ) ਹੁਣ ਡਰੇ ਹੋਏ ਹਨ।
ਚੀਮਾ ਨੇ ਕਿਹਾ ਕਿ ਮਹਾਰਾਸ਼ਟਰ, ਗੋਆ, ਅਰੁਣਾਚਲ ਪ੍ਰਦੇਸ਼ ਵਰਗੇ ਕਈ ਰਾਜਾਂ ਵਿੱਚ ਭਾਜਪਾ ਨੇ ਸੱਤਾਧਾਰੀ ਵਿਧਾਇਕਾਂ ਨੂੰ ਆਪਣੇ ‘ਆਪ੍ਰੇਸ਼ਨ ਲੋਟਸ’ ਰਾਹੀਂ ਖਰੀਦ ਕੇ ਸਰਕਾਰਾਂ ਨੂੰ ਡੇਗ ਦਿੱਤਾ। ਉਹ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਸੀਬੀਆਈ, ਈਡੀ ਅਤੇ ਪੈਸਿਆਂ ਨਾਲ ਡਰਾ ਜਾਂ ਲਲਚਾ ਰਹੇ ਹਨ। ਭਾਜਪਾ ਲੋਕਤੰਤਰ ਦੀ ਹਤਿਆਰੀ ਹੈ।
ਪਰ ਇਸ ਆਪਰੇਸ਼ਨ ਨੂੰ 'ਆਪ' ਨੇ ਪਹਿਲਾਂ ਦਿੱਲੀ ਅਤੇ ਹੁਣ ਪੰਜਾਬ 'ਚ ਬੁਰੀ ਤਰ੍ਹਾਂ ਫ਼ੇਲ੍ਹ ਕਰ ਦਿੱਤਾ। ਇਸ ਕਾਰਨ ਭਾਜਪਾ ਆਪਣੀ ਘਟੀਆ ਰਾਜਨੀਤੀ ਤਹਿਤ 'ਆਪ' ਨੂੰ ਰੋਕਣ ਲਈ ਹੁਣ ਗਵਰਨਰ ਦੇ ਆਹੁਦੇ ਦੀ ਦੁਰਵਰਤੋਂ ਕਰ ਰਹੀ ਹੈ।
ਉਨ੍ਹਾਂ ਵਿਰੋਧੀ ਧਿਰ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਕੋਲ 'ਆਪ' ਦੇ ਖਿਲਾਫ ਕੋਈ ਮੁੱਦਾ ਨਹੀਂ ਹੈ, ਇਸ ਲਈ ਉਹ ਵਿਧਾਨ ਸਭਾ ਸੈਸ਼ਨ 'ਚ ਬਹਿਸ ਤੋਂ ਭੱਜ ਰਹੇ ਹਨ। ਇਹ ਰਿਵਾਇਤੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਚੁਣੀ ਹੋਈ ਸਰਕਾਰ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕਰੇ।
ਚੀਮਾ ਨੇ ਕਿਹਾ ਕਿ ਪਹਿਲੀਆਂ ਮਾੜੀਆਂ ਸਰਕਾਰਾਂ ਕਾਰਨ ਅੱਜ ਪੰਜਾਬ ਐਨਾ ਪਿਛੜ ਗਿਆ ਹੈ। ਪਹਿਲਾਂ ਪੰਜਾਬ ਦੇਸ਼ ਦਾ ਨੰਬਰ ਇਕ ਸੂਬਾ ਹੁੰਦਾ ਸੀ, ਅੱਜ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਜਾ ਰਿਹਾ ਹੈ ਅਤੇ ਡਰੱਗ ਮਾਫੀਆ ਨੇ ਪੰਜਾਬ ਦੇ ਭਵਿੱਖ ਨੂੰ ਤਬਾਹ ਕਰ ਦਿੱਤਾ ਹੈ।