ਮਾਨਸਾ ਦੇ ਪਿੰਡ ਆਹਲੂਪੁਰ ਵਿੱਚ ਨਿਊ ਢੰਡਾਲ ਨਹਿਰ ਵਿੱਚ ਪਿਆ ਪਾੜ, ਕਰੀਬ 50 ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬੀ
- ਖ਼ਰਾਬ ਹੋਈ ਫ਼ਸਲ ਲਈ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ।
ਮਾਨਸਾ, 6 ਅਕਤੂਬਰ 2022 - ਮਾਨਸਾ ਜਿਲੇ ਦੇ ਪਿੰਡ ਆਹਲੂਪੁਰ ਵਿਖੇ ਨਿਊ ਢੰਡਾਲ ਨਹਿਰ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ ਕਰੀਬ 50 ਏਕੜ ਝੋਨੇ ਦੀ ਫਸਲ ਪਾਣੀ ਚ ਡੁੱਬ ਚੁੱਕੀ ਹੈ। ਘਟਨਾ ਨੂੰ 5 ਘੰਟੇ ਬੀਤ ਜਾਣ ਤੇ ਵੀ ਨਹਿਰੀ ਵਿਭਾਗ ਦਾ ਕੋਈ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ, ਜਿਸ ਕਾਰਨ ਕਿਸਾਨਾਂ ਵਿੱਚ ਰੋਸ ਹੈ ਅਤੇ ਕਿਸਾਨ ਖੁਦ ਆਪਣੇ ਪੱਧਰ ਤੇ ਪਾੜ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਉੱਧਰ ਪੀੜਤ ਕਿਸਾਨਾਂ ਨੇ ਫ਼ਸਲਾਂ ਦੇ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਮਾਨਸਾ ਦੇ ਪਿੰਡ ਆਹਲੂਪੁਰ ਵਿੱਚ ਨਿਊ ਢੰਡਾਲ ਨਹਿਰ ਵਿੱਚ ਪਿਆ ਪਾੜ, ਕਰੀਬ 50 ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬੀ (ਵੀਡੀਓ ਵੀ ਦੇਖੋ)
ਬੀਤੀ ਰਾਤ ਕਸਬਾ ਸਰਦੂਲਗੜ੍ਹ ਦੇ ਪਿੰਡ ਆਹਲੂਪੁਰ ਵਿੱਚ ਨਿਊ ਢੰਡਾਲ ਨਹਿਰ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ ਪੱਕੀ ਹੋਈ ਝੋਨੇ ਦੀ ਫਸਲ ਪਾਣੀ ਚ ਡੁੱਬ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਇਹ ਨਹਿਰ ਹਰ 2-3 ਮਹੀਨੇ ਬਾਅਦ ਟੁੱਟ ਜਾਂਦੀ ਹੈ ਅਤੇ ਹੁਣ ਫਿਰ ਨਹਿਰ ਟੁੱਟ ਚੁੱਕੀ ਹੈ, ਜਿਸ ਕਾਰਨ ਕਿਸਾਨਾਂ ਦੀ 50 ਏਕੜ ਦੇ ਕਰੀਬ ਫਸਲ ਪਾਣੀ ਵਿਚ ਡੁੱਬੀ ਹੈ ਅਤੇ ਫ਼ਸਲਾਂ ਵਿਚ ਤਿੰਨ ਤੋਂ ਚਾਰ ਫੁੱਟ ਪਾਣੀ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਠੇਕੇ ਤੇ ਜ਼ਮੀਨ ਲੈ ਕੇ ਝੋਨੇ ਦੀ ਬਿਜਾਈ ਕੀਤੀ ਸੀ ਪਰ ਹੁਣ ਨਹਿਰ ਟੁੱਟਣ ਕਾਰਨ ਪੱਕਣ ਕਿਨਾਰੇ ਆਈਆਂ ਫਸਲਾਂ ਵਿੱਚ 3-4 ਫੁੱਟ ਪਾਣੀ ਭਰ ਗਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਵੇਰ ਤੋਂ ਹੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕਰ ਰਹੇ ਹਾਂ, ਪਰ ਕੋਈ ਵੀ ਜਵਾਬ ਨਹੀਂ ਮਿਲਿਆ ਅਤੇ ਨਾ ਹੀ ਕੋਈ ਇੱਥੇ ਆਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਨਹਿਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਦੋਂ ਕਿ ਇਹ ਨਹਿਰ ਨਵੀਂ ਬਣਨੀ ਚਾਹੀਦੀ ਹੈ ਕਿਉਂਕਿ ਇਸਦਾ ਬਹੁਤ ਹੀ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਵੇਰ ਤੋਂ ਖ਼ੁਦ ਹੀ ਇਸਨੂੰ ਬੰਦ ਕਰਨ ਵਿੱਚ ਲੱਗੇ ਹੋਏ ਹਨ, ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਥੇ ਨਹੀਂ ਆਇਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਨਹਿਰ ਵਿੱਚ ਪਾਣੀ ਬੰਦ ਕਰਵਾਇਆ ਜਾਵੇ ਅਤੇ ਉਨ੍ਹਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਤੁਰੰਤ ਮੁਆਵਜ਼ਾ ਦੇਵੇ ਅਤੇ ਇਸ ਨਹਿਰ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ।