ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਦਾ ਘਿਰਾਉ
- ਪੁਲਿਸ ਦੀਆਂ ਰੋਕਾਂ ਕਿਸਾਨ ਕਾਫ਼ਲਿਆਂ ਨੂੰ ਅੱਗੇ ਵਧਣ ਤੋਂ ਨਾਂ ਰੋਕ ਸਕੀਆਂ
- ਮਾਮਲਾ ਨਜਾਇਜ਼ ਲੱਗੇ ਪੱਖੋ ਕੈਂਚੀਆਂ ਟੋਲ ਪਲਾਜ਼ਾ ਨੂੰ ਚੁਕਵਾਉਣ ਦਾ
ਦਲਜੀਤ ਕੌਰ ਭਵਾਨੀਗੜ੍ਹ
ਬਰਨਾਲਾ, 8 ਅਕਤੂਬਰ, 2022: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੱਖੋ ਕੈਂਚੀਆਂ ਵਿੱਚ ਲੱਗਿਆ ਟੋਲ ਪਲਾਜੇ ਨੂੰ ਚੁਕਵਾਉਣ ਲਈ ਅੱਜ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਦਾ ਘਿਰਾਉ ਕੀਤਾ ਗਿਆ। ਕਿਸਾਨ ਜਥੇਬੰਦੀ ਦੇ ਆਗੂ ਅਤੇ ਵਰਕਰ ਟੋਲ ਪਲਾਜ਼ਾ ਤੋਂ ਇਕੱਠੇ ਹੋ ਕੇ ਜੋਸ਼ੀਲਾ ਮਾਰਚ ਕਰਦੇ ਹੋਏ, ਬੈਰੀਕੇਡ ਤੋੜ ਕੇ ਮੀਤ ਹੇਅਰ ਦੀ ਕੋਠੀ ਅੱਗੇ ਪਹੁੰਚੇ, ਜਿਸ ਵਿੱਚ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਬੀ.ਕੇ.ਯੂ ਡਕੌਂਦਾ ਵੱਲੋਂ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਦਾ ਘਿਰਾਉ, ਮਾਮਲਾ ਬਰਨਾਲਾ ਦੇ ਪਿੰਡ ਚੀਮਾ ਨੇੜੇ ਟੋਲ ਪਲਾਜ਼ਾ ਬੰਦ ਕਰਵਾਉਣ ਦਾ (ਵੀਡੀਓ ਵੀ ਦੇਖੋ)
ਦੱਸਣਯੋਗ ਹੈ ਕਿ ਇਹ ਟੋਲ ਪਲਾਜ਼ਾ ਨੂੰ ਚੁਕਵਾਉਣ ਲਈ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਲਗਭਗ ਡੇਢ ਮਹੀਨਾ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਚੱਲੀ ਗੱਲਬਾਤ ਕਰਕੇ ਮਸਲਾ ਹੱਲ ਕਰਨ ਦਾ ਸਮਾਂ ਨਹੀਂ ਦਿੱਤਾ ਗਿਆ। ਜਦੋਂ 2018 ਵਿੱਚ ਪੰਜਾਬ ਦਾ ਸੀ ਐੱਮ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੀ, ਉਸ ਸਮੇਂ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਟੋਲ ਪਲਾਜ਼ਾ ਨੂੰ ਚੁਕਵਾਉਣ ਲਈ ਤਿੰਨੇ ਹਲਕਾ ਵਿਧਾਇਕਾਂ ਨੂੰ ਨਾਲ ਲੈਕੇ ਧਰਨਾ ਲਾਇਆ ਗਿਆ ਸੀ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਨੂੰ ਇਹ ਟੋਲ ਪਲਾਜ਼ਾ ਗਲਤ ਨਹੀਂ ਲੱਗ ਰਿਹਾ। ਹੁਣ ਉਨ੍ਹਾਂ ਅਖੌਤੀ ਲੀਡਰਾਂ ਦੀ ਜ਼ਬਾਨ ਠਾਕੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਡੀ ਸੀ ਬਰਨਾਲਾ ਨੂੰ ਮੰਗ ਪੱਤਰ ਦੇ ਕੇ ਮੰਗ ਕਰ ਚੁੱਕੇ ਹਾਂ ਕਿ ਗਲਤ ਥਾਂ (ਸਟੇਟ ਹਾਈਵੇ) ਲੱਗਿਆ ਟੋਲ ਪਲਾਜ਼ਾ ਚੁਕਵਾਇਆ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਜੇ ਵੀ ਇਸ ਮਸਲੇ ਦਾ ਠੋਸ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਕਿਸੇ ਨੂੰ ਵੀ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਧਰਨੇ ਮੁਜ਼ਾਹਰੇ ਨਹੀਂ ਕਰਨੇ ਪੈਣਗੇ ਪਰ ਹੁਣ ਹਰੇਕ ਸੰਘਰਸ਼ਸ਼ੀਲ ਵਰਗ ਨੂੰ ਹਕੂਮਤ ਦੀਆਂ ਲੋਕ-ਮੁਲਾਜਮ ਵਿਰੋਧੀ ਨੀਤੀਆਂ ਖਿਲਾਫ਼ ਧਰਨੇ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆਗੂਆਂ ਕਿਹਾ ਕਿ ਇਹ ਸੰਘਰਸ਼ ਹੋਰ ਵਿਸ਼ਾਲ ਅਤੇ ਤਿੱਖਾ ਹੋਵੇਗਾ।
ਕਿਸਾਨ ਆਗੂਆਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਜੁਝਾਰੂ ਚੇਤੰਨ ਯੋਧਾ ਬੀਰੋਕੇ ਖੁਰਦ ਦੇ ਕਿਸਾਨ ਭੋਲਾ ਸਿੰਘ ਦੀ ਜਮੀਨ ਦੀ ਰਾਖੀ ਕਰਦੇ ਹੋਏ ਪਿਰਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਗੁੰਡੇ ਆੜਤੀਆਂ ਵੱਲੋਂ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਚੇਤੰਨ ਯੋਧੇ ਦਾ ਬਾਰਵਾਂ ਸ਼ਰਧਾਂਜਲੀ ਸਮਾਗਮਾਂ ਹਰ ਸਾਲ ਦੀ ਤਰ੍ਹਾਂ 11 ਅਕਤੂਬਰ ਦਿਨ ਮੰਗਲਵਾਰ ਨੂੰ ਪਿੰਡ ਚੱਕ ਅਲੀਸ਼ੇਰ ਵਿਖੇ ਮਨਾਇਆ ਜਾ ਰਿਹਾ ਹੈ, ਉਸ ਵਿੱਚ ਬੀ ਕੇ ਯੂ ਏਕਤਾ ਡਕੌਂਦਾ ਦੇ ਜੁਝਾਰੂ ਵਰਕਰਾਂ ਅਤੇ ਆਗੂਆਂ ਨੂੰ ਕਾਫ਼ਲੇ ਬੰਨ੍ਹ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆ।
ਅੱਜ ਦੇ ਮੁਜਾਹਰੇ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਐਡਵੋਕੇਟ ਬਲਬੀਰ ਕੌਰ, ਪ੍ਰੇਮਪਾਲ ਕੌਰ, ਸਿੰਦਰਪਾਲ ਕੌਰ, ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ,ਮਲਕੀਤ ਸਿੰਘ ਈਨਾ, ਗੁਰਦੇਵ ਸਿੰਘ ਮਾਂਗੇਵਾਲ, ਦਰਸ਼ਨ ਸਿੰਘ ਮਹਿਤਾ, ਸਾਹਿਬ ਸਿੰਘ ਬਡਬਰ, ਰਾਮ ਸਿੰਘ ਸ਼ਹਿਣਾ,ਹਰਚਰਨ ਸਿੰਘ ਸੁਖਪੁਰਾ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਹੰਡਿਆਇਆ, ਜਗਰਾਜ ਸਿੰਘ ਹਰਦਾਸਪੁਰਾ, ਭੋਲਾ ਸਿੰਘ ਛੰਨਾਂ ਆਦਿ ਆਗੂ ਹਾਜ਼ਰ ਸਨ।
ਸਟੇਜ ਸਕੱਤਰ ਦੀ ਕਾਰਵਾਈ ਕੁਲਵੰਤ ਸਿੰਘ ਭਦੌੜ ਅਤੇ ਕਾਲਾ ਜੈਦ ਨੇ ਬਾਖੂਬੀ ਨਿਭਾਈ। ਮੀਤ ਹੇਅਰ ਦੀ ਰਿਹਾਇਸ਼ ਦੇ ਘਿਰਾਉ ਨੂੰ ਇਨਕਲਾਬੀ ਕੇਂਦਰ, ਪੰਜਾਬ ਨੇ ਕਾਫ਼ਲੇ ਸਮੇਤ ਪਹੁੰਚ ਕੇ ਸਮਰਥਨ ਦਿੱਤਾ।