ਐਨ.ਆਈ.ਡੀ ਫਾਊਂਡੇਸ਼ਨ ਦੇ ਚੀਫ਼ ਪੈਟਰਨ ਸਤਨਾਮ ਸੰਧੂ ਨਿਊਜ਼ੀਲੈਂਡ ਵਿੱਚ ਆਕਲੈਂਡ ਦੀਵਾਲੀ ਫੈਸਟੀਵਲ ਦਾ ਬਣੇ ਹਿੱਸਾ
ਹਰਜਿੰਦਰ ਸਿੰਘ ਭੱਟੀ
- ਭਾਰਤੀ ਭਾਈਚਾਰੇ ਨਾਲ ਮਨਾਇਆ ਸਰਬ ਸਾਂਝਾ ਤਿਉਹਾਰ
- ਭਾਰਤ-ਨਿਊਜ਼ੀਲੈਂਡ ਸਬੰਧ ਲੰਬੇ ਸਮੇਂ ਤੋਂ ਚੱਲ ਰਹੇ ਹਨ; ਦੀਵਾਲੀ ਮੌਕੇ ਆਕਲੈਂਡ ਦੇ ਸਕਾਈ ਟਾਵਰ ਨੂੰ ਦੀਵੇ ਦੇ ਰੂਪ 'ਚ ਕੀਤਾ ਜਾਵੇਗਾ ਰੌਸ਼ਨ: ਪ੍ਰਿਅੰਕਾ ਰਾਧਾਕ੍ਰਿਸ਼ਨਨ ਨਿਊਜ਼ੀਲੈਂਡ ਮੰਤਰੀ
- ਨਿਊਜ਼ੀਲੈਂਡ ਦੇ ਹੋਰ ਭਾਈਚਾਰਿਆਂ ਨੂੰ ਭਾਰਤੀਆਂ ਤੋਂ ਸਿੱਖਣਾ ਚਾਹੀਦਾ ਹੈ ਕਿ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਕਿਵੇਂ ਯੋਗਦਾਨ ਪਾਉਣਾ ਹੈ: ਵਿਰੋਧੀ ਧਿਰ ਦੇ ਨੇਤਾ ਕ੍ਰਿਸਟੋਫਰ ਲਕਸਨ
- ਪ੍ਰਧਾਨ ਮੰਤਰੀ ਮੋਦੀ ਵਿਸ਼ਵ ਪੱਧਰ 'ਤੇ ਲੋਕਾਂ ਅਤੇ ਰਾਜਨੀਤਕ ਆਗੂਆਂ 'ਚ ਪ੍ਰਸਿੱਧ: ਸਤਨਾਮ ਸਿੰਘ ਸੰਧੂ
ਆਕਲੈਂਡ, 8 ਅਕਤੂਬਰ 2022 - ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ 'ਚ ਭਾਰਤ ਦਾ ਸਰਬ ਸਾਂਝਾ ਅਤੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਧੂਮਧਾਮ ਨਾਲ ਮਨਾਇਆ ਗਿਆ। ਐਨ.ਆਈ.ਡੀ ਫਾਊਂਡੇਸ਼ਨ ਦੇ ਚੀਫ਼ ਪੈਟਰਨ ਸਤਨਾਮ ਸਿੰਘ ਸੰਧੂ ਨੇ ਵੀ ਉਚੇਚੇ ਤੌਰ 'ਤੇ ਇਸ ਦੀਵਾਲੀ ਮੇਲੇ ਦਾ ਹਿੱਸਾ ਬਣਦਿਆਂ ਭਾਰਤੀ ਭਾਈਚਾਰੇ ਨਾਲ ਮਿਲ ਕੇ ਦੀਵਾਲੀ ਦਾ ਤਿਉਹਾਰ ਮਨਾਇਆ। ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ 'ਚ 1.5 ਲੱਖ ਦੇ ਕਰੀਬ ਭਾਰਤੀ ਡਾਇਸਪੋਰਾ ਦੀ ਮਜ਼ਬੂਤ ਮੌਜੂਦਗੀ ਹੈ, ਜੋ ਦੋ ਦਿਨਾਂ ਤੱਕ ਚੱਲਣ ਵਾਲੇ ਇਸ ਦੀਵਾਲੀ ਮੇਲੇ ਦਾ ਆਨੰਦ ਮਾਨਣ ਲਈ ਇਕੱਤਰ ਹੋਏ ਸਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਐਨ.ਆਈ.ਡੀ ਫਾਊਂਡੇਸ਼ਨ ਦੇ ਚੀਫ਼ ਪੈਟਰਨ ਸਤਨਾਮ ਸੰਧੂ ਨਿਊਜ਼ੀਲੈਂਡ ਵਿੱਚ ਆਕਲੈਂਡ ਦੀਵਾਲੀ ਫੈਸਟੀਵਲ ਦਾ ਬਣੇ ਹਿੱਸਾ (ਵੀਡੀਓ ਵੀ ਦੇਖੋ)
ਇਸ ਮੌਕੇ ਕਮਿਊਨਿਟੀ ਅਤੇ ਵਲੰਟਰੀ ਸੈਕਟਰ ਲਈ ਨਿਊਜ਼ੀਲੈਂਡ ਮੰਤਰੀ, ਵਿਭਿੰਨਤਾ, ਸਮਾਵੇਸ਼ ਅਤੇ ਨਸਲੀ ਭਾਈਚਾਰਿਆਂ ਲਈ ਮੰਤਰੀ, ਅਤੇ ਸਮਾਜਿਕ ਵਿਕਾਸ ਅਤੇ ਰੁਜ਼ਗਾਰ ਲਈ ਐਸੋਸੀਏਟ ਮੰਤਰੀ ਪ੍ਰਿਅੰਕਾ ਰਾਧਾਕ੍ਰਿਸ਼ਨਨ, ਵਿਰੋਧੀ ਧਿਰ ਦੇ ਨੇਤਾ ਕ੍ਰਿਸਟੋਫਰ ਲਕਸਨ, ਆਕਲੈਂਡ ਦੇ ਮੇਅਰ ਫਿਲ ਗੌਫ, ਡਾਇਰੈਕਟਰ, ਏਸ਼ੀਆ ਨਿਊਜ਼ੀਲੈਂਡ ਫਾਊਂਡੇਸ਼ਨ ਕਰੇਗ ਕੂਪਰ, ਭਾਰਤ ਦੇ ਆਨਰੇਰੀ ਕੌਂਸਲਰ ਸ੍ਰੀ ਭਵ ਢਿੱਲੋਂ, ਟਾਟਾਕੀ ਆਕਲੈਂਡ ਅਨਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹਿੱਲ ਅਤੇ ਐਨ.ਆਈ.ਡੀ ਫਾਊਂਡੇਸ਼ਨ ਦੀ ਸੰਸਥਾਪਕ ਪ੍ਰੋ. ਹਿਮਾਨੀ ਸੂਦ ਵੀ ਮੌਜੂਦ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਮੂਲ ਦੀ ਪਹਿਲੀ ਕੈਬਨਿਟ ਮੰਤਰੀ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੇ ਪੂਰੇ ਭਾਈਚਾਰੇ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਦੀਵਾਲੀ ਹਿੰਦੂ ਕੈਲੰਡਰ ਅਤੇ ਹੁਣ ਆਕਲੈਂਡ ਕੈਲੰਡਰ ਵਿੱਚ ਵੀ ਸਭ ਤੋਂ ਵੱਡਾ ਤਿਉਹਾਰ ਹੈ। ਇਥੇ ਇਸ ਸਰਬ ਸਾਂਝੇ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਣਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਭਾਰਤੀ ਭਾਈਚਾਰੇ ਲਈ ਇਸ ਤਿਉਹਾਰ ਨੂੰ ਮਨਾਉਣ ਅਤੇ ਇਸ ਨੂੰ ਨਿਊਜ਼ੀਲੈਂਡ ਦੇ ਹੋਰ ਭਾਈਚਾਰਿਆਂ ਨਾਲ ਸਾਂਝਾ ਕਰਨ ਦਾ ਇੱਕ ਵਧੀਆ ਮੌਕਾ ਹੈ, ਜੋ ਕਿ ਇੱਕ ਬਹੁਤ ਹੀ ਵਿਭਿੰਨਤਾ ਵਾਲਾ ਦੇਸ਼ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਹਨੇਰੇ 'ਤੇ ਰੋਸ਼ਨੀ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ-ਭਾਰਤ ਦੇ ਲੰਬੇ ਸਮੇਂ ਤੋਂ ਨਿੱਘੇ ਸਬੰਧ ਹਨ। ਉਨ੍ਹਾਂ ਕੀਵੀ ਭਾਰਤੀ ਭਾਈਚਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਈ ਦਹਾਕਿਆਂ ਤੋਂ ਅਤੇ ਵੱਖ-ਵੱਖ ਖੇਤਰਾਂ ਵਿੱਚ ਨਿਊਜ਼ੀਲੈਂਡ ਦੇ ਸਮਾਜਿਕ-ਸੱਭਿਆਚਾਰਕ ਤਾਣੇ-ਬਾਣੇ ਅਤੇ ਆਰਥਿਕਤਾ ਵਿੱਚ ਅਮੁੱਲ ਯੋਗਦਾਨ ਪਾਇਆ ਹੈ। ਭਾਰਤੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦੀ ਇਸ ਹਫ਼ਤੇ ਦੇ ਸ਼ੁਰੂ ਵਿੱਚ ਨਿਊਜ਼ੀਲੈਂਡ ਦੀ ਫੇਰੀ, 20 ਸਾਲਾਂ ਵਿੱਚ ਪਹਿਲੀ ਵਾਰ, ਮਹੱਤਵਪੂਰਨ ਹੈ ਅਤੇ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਦੀ ਗੱਲ ਕਰਦੀ ਹੈ। ਉਨ੍ਹਾਂ ਦੱਸਿਆ ਕਿ ਆਕਲੈਂਡ ਵਿੱਚ ਸਕਾਈ ਟਾਵਰ ਨੂੰ ਦੁਨੀਆਂ ਦੀ ਸਭ ਤੋਂ ਵੱਡਾ ਦੀਵਾ ਬਣਾਉਣ ਲਈ ਰੋਸ਼ਨ ਕੀਤਾ ਜਾਵੇਗਾ, ਜੋ ਹਨੇਰੇ 'ਤੇ ਰੌਸ਼ਨੀ ਦੀ ਜਿੱਤ ਦੇ ਸੰਦੇਸ਼ ਨੂੰ ਪ੍ਰਫੁਲਿਤ ਕਰੇਗੀ।
ਵਿਰੋਧੀ ਧਿਰ ਦੇ ਨੇਤਾ ਕ੍ਰਿਸਟੋਫਰ ਲਕਸਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੀਵਾਲੀ ਦੇ ਤਿਉਹਾਰ ਦਾ ਸੰਦੇਸ਼ ਅੱਜ ਦੀ ਦੁਨੀਆ ਲਈ ਕਿਸੇ ਵੀ ਸਮੇਂ ਨਾਲੋਂ ਵਧੇਰੇ ਪ੍ਰਸੰਗਿਕ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਇੱਕ ਬਹੁ-ਸੱਭਿਆਚਾਰਕ ਸਮਾਜ ਹੈ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਬਹੁਤ ਸਾਰੇ ਭਾਰਤੀਆਂ ਨੇ ਨਿਊਜ਼ੀਲੈਂਡ ਨੂੰ ਆਪਣੇ ਘਰ ਵਜੋਂ ਚੁਣਿਆ ਹੈ। ਇੱਥੇ ਨਿਊਜ਼ੀਲੈਂਡ ਵਿੱਚ ਡਾਇਸਪੋਰਾ ਵਧ ਰਿਹਾ ਹੈ, ਜੋ ਸਖ਼ਤ ਮਿਹਨਤੀ ਹੈ ਅਤੇ ਸਥਾਨਕ ਨਿਊਜ਼ੀਲੈਂਡ ਵਾਸੀਆਂ ਲਈ ਇੱਕ ਵਧੀਆ ਉਦਾਹਰਣ ਵਜੋਂ ਉਭਰੇ ਹਨ। ਭਾਰਤੀ ਬਹੁਤ ਭਾਵੁਕ, ਵਿਭਿੰਨ ਭਾਈਚਾਰਾ ਹੈ ਜਿਸ ਨੇ ਨਿਊਜ਼ੀਲੈਂਡ ਨੂੰ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਤੌਰ 'ਤੇ ਬਹੁਤ ਵਧੀਆ ਅਤੇ ਬਹੁਤ ਅਮੀਰ ਸਥਾਨ ਬਣਾਇਆ ਹੈ।
ਨਿਊਜ਼ੀਲੈਂਡ ਦੇ ਹੋਰ ਭਾਈਚਾਰਿਆਂ ਨੂੰ ਭਾਰਤੀਆਂ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਯੋਗਦਾਨ ਪਾਉਣਾ ਹੈ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ, ਲਕਸਨ ਨੇ ਕਿਹਾ ਮੈਂ ਮੋਦੀ ਦੀ ਲੀਡਰਸ਼ਿਪ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੀ ਅਗਵਾਈ ਕੀਤੀ ਹੈ, ਉਹ ਬਹੁਤ ਹੀ ਪ੍ਰਸ਼ੰਸਾਯੋਗ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਨਿਊਜ਼ੀਲੈਂਡ ਆਉਣ ਅਤੇ ਸਾਨੂੰ ਸਾਰਿਆਂ ਨੂੰ ਮਿਲਣ ਲਈ ਸੱਦਾ ਦਿੰਦਾ ਹਾਂ।
ਆਕਲੈਂਡ ਦੇ ਮੇਅਰ ਫਿਲ ਗੌਫ ਨੇ ਕਿਹਾ ਕਿ ਦੀਵਾਲੀ ਆਕਲੈਂਡ ਸ਼ਹਿਰ ਦੇ ਸਾਲਾਨਾ ਕੈਲੰਡਰ 'ਤੇ ਸਭ ਤੋਂ ਪ੍ਰਸਿੱਧ ਤਿਉਹਾਰਾਂ ਵਿੱਚੋਂ ਇੱਕ ਹੈ, ਜਿਸ ਵਿਚੋਂ ਭਾਰਤ ਦੇ ਅਮੀਰ ਸੱਭਿਆਚਾਰ ਦੀ ਝਲਕ ਵਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਮਹਾਂਮਾਰੀ ਦੇ ਕਾਰਨ ਦੋ ਸਾਲਾਂ ਬਾਅਦ ਮਨਾਇਆ ਜਾ ਰਿਹਾ ਹੈ, ਦੀਵਾਲੀ ਜੋ ਬੁਰਾਈ ਉੱਤੇ ਚੰਗਿਆਈ, ਨਫ਼ਰਤ ਉੱਤੇ ਪਿਆਰ, ਅਗਿਆਨਤਾ ਉੱਤੇ ਗਿਆਨ ਅਤੇ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਦਾ ਸੰਕੇਤ ਅਤੇ ਪ੍ਰਤੀਕ ਹੈ, ਪਹਿਲਾਂ ਨਾਲੋਂ ਵੀ ਵੱਧ ਮਹੱਤਵ ਰੱਖਦੀ ਹੈ। ਉਨ੍ਹਾਂ ਕਿਹਾ ਕਿ ਜਿਸ ਸੰਸਾਰ ਵਿੱਚ ਅਸੀਂ ਅੱਜ ਮਹਾਂਮਾਰੀ, ਯੁੱਧ ਅਤੇ ਪਰਮਾਣੂ ਹਥਿਆਰਾਂ ਦੀਆਂ ਧਮਕੀਆਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਘਟਨਾਵਾਂ ਵੇਖ ਰਹੇ ਹਾਂ, ਅਜਿਹੇ 'ਚ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਸੱਚ ਅਤੇ ਪਿਆਰ 'ਤੇ ਚੱਲ ਕੇ ਹਮੇਸ਼ਾ ਜਿੱਤ ਮਿਲਦੀ ਹੈ। ਇੱਥੇ ਜ਼ਾਲਮ ਅਤੇ ਕਾਤਲ ਰਹੇ ਹਨ ਅਤੇ ਉਹ ਇੱਕ ਸਮੇਂ ਵਿੱਚ ਅਜਿੱਤ ਜਾਪਦੇ ਸਨ, ਪਰ ਅੰਤ ਵਿੱਚ ਉਹ ਹਮੇਸ਼ਾਂ ਡਿੱਗਦੇ ਹਨ। ਉਨ੍ਹਾਂ ਸਭਨਾਂ ਨੂੰ ਮਹਾਤਮਾ ਗਾਂਧੀ ਦੇ ਵਿਚਾਰਾਂ ਅਨੁਸਾਰ ਸਚਾਈ ਅਤੇ ਪਿਆਰ 'ਤੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਐਨ.ਆਈ.ਡੀ ਫਾਊਂਡੇਸ਼ਨ ਦੇ ਚੀਫ਼ ਪੈਟਰਨ ਸਤਨਾਮ ਸਿੰਘ ਸੰਧੂ ਨੇ ਆਕਲੈਂਡ 'ਚ ਮਨਾਏ ਦਿਵਾਲੀ ਦੇ ਤਿਉਹਾਰ ਦਾ ਹਿੱਸਾ ਬਣਨ ਲਈ ਖੁ਼ਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਭਾਰਤੀ ਡਾਇਸਪੋਰਾ ਨੇ ਨਿਊਜ਼ੀਲੈਂਡ 'ਚ ਵੱਖ–ਵੱਖ ਖੇਤਰਾਂ 'ਚ ਆਪਣੀ ਮਿਹਨਤ ਅਤੇ ਲਗਨ ਨਾਲ ਨਿਵੇਕਲੀ ਪਛਾਣ ਹਾਸਲ ਕਰਦਿਆਂ ਰਾਸ਼ਟਰ ਵਿਕਾਸ 'ਚ ਵਢਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੀ ਸਰਕਾਰ ਅਤੇ ਸਥਾਨਕ ਲੋਕਾਂ ਵੱਲੋਂ ਭਾਰਤੀਆਂ ਨੂੰ ਵਿਸ਼ੇਸ਼ ਸਤਿਕਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ ਲੀਡਰਸ਼ਿਪ ਅਧੀਨ ਭਾਰਤ ਦਾ ਰੁਤਬਾ ਦੁਨੀਆਂ ਦੇ ਨਕਸ਼ੇ 'ਤੇ ਉਚਾ ਉਠਿਆ ਹੈ, ਜਿਸ ਸਦਕਾ ਭਾਰਤੀਆਂ ਨੂੰ ਹਰ ਮੁਲਕ 'ਚ ਵਿਸ਼ੇਸ਼ ਪਛਾਣ ਅਤੇ ਸਤਿਕਾਰ ਮਿਲਿਆ ਹੈ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਮੋਦੀ ਨੂੰ ਨਾ ਕੇਵਲ ਭਾਰਤ ਬਲਕਿ ਵਿਦੇਸ਼ ਰਹਿੰਦੇ ਪ੍ਰਵਾਸੀਆਂ, ਸਥਾਨਕ ਲੋਕਾਂ ਅਤੇ ਸਰਕਾਰਾਂ ਵੱਲੋਂ ਵੀ ਦੂਰਅੰਦੇਸ਼ ਲੀਡਰ ਵਜੋਂ ਵੇਖਿਆ ਜਾਂਦਾ ਹੈ। ਪੀ.ਐਮ ਮੋਦੀ ਦੀਆਂ ਸਾਰਥਿਕ ਨੀਤੀਆਂ ਅਤੇ ਲੀਡਰਸ਼ਿਪ ਨੂੰ ਵਿਦੇਸ਼ ਦੇ ਆਗੂਆਂ ਵੱਲੋਂ ਵੀ ਭਰਪੂਰ ਸਮਰਥਨ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਵਾਂਗ ਆਕਲੈਂਡ ਦਾ ਦੀਵਾਲੀ ਤਿਉਹਾਰ ਇਸ ਸਾਲ ਵੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ, ਜਿਸ ਵਿੱਚ ਮਨਮੋਹਕ ਡਾਂਸ ਪੇਸ਼ਕਾਰੀਆਂ, ਲਾਈਵ ਸੰਗੀਤ, ਵਭਿੰਨ ਭਾਰਤੀ ਭੋਜਨ, ਰੰਗੋਲੀ ਮੁਕਾਬਲੇ, ਜੀਵੰਤ ਕਲਾ ਅਤੇ ਸ਼ਿਲਪਕਾਰੀ ਅਤੇ ਮਨਮੋਹਕ ਆਤਿਸ਼ਬਾਜ਼ੀ ਸਬੰਧੀ ਗਤੀਵਿਧੀਆਂ ਉਲੀਕੀਆਂ ਗਈਆਂ। ਭਾਰਤੀ ਡਾਇਸਪੋਰਾ ਦੇ 25 ਹਜ਼ਾਰ ਤੋਂ ਵੱਧ ਇਸ ਮੇਲੇ ਦੀ ਰੌਣਕ ਬਣੇ, ਜਿਸ 'ਚ ਜ਼ਿਆਦਾਤਰ ਗੁਜਰਾਤੀ ਅਤੇ ਪੰਜਾਬੀ ਸਿੱਖ ਭਾਈਚਾਰਾ ਸ਼ਾਮਲ ਸੀ। ਫੈਸਟੀਵਲ ਦੌਰਾਨ ਮਿਸਟਰ ਐਂਡ ਮਿਸ ਆਕਲੈਂਡ 2022 ਮੁਕਾਬਲਾ ਵੀ ਕਰਵਾਇਆ ਗਿਆ।