ਪਹਿਲੀ ਵਾਰ ਮਾਝੇ ਦੀ ਧਰਤੀ 'ਤੇ ਲਾਇਆ ਸਿੱਧੂ ਮੂਸੇਵਾਲਾ ਦਾ ਬੁੱਤ
ਸਿੱਧੂ ਮੂਸੇਵਾਲੇ ਦੇ ਦੋਸ਼ੀਆਂ ਨੂੰ ਭਜਾਉਣਾ ਜੈਨੀ ਜੌਹਲ ਦੇ ਗੀਤ ਤੇ ਪਾਬੰਦੀ ਲਗਾਉਣਾ ਭਗਵੰਤ ਮਾਨ ਸਰਕਾਰ ਦਾ ਤਾਨਾਸ਼ਾਹੀ ਰਵੱਈਆ - ਪ੍ਰਤਾਪ ਸਿੰਘ ਬਾਜਵਾ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 10 ਅਕਤੂਬਰ 2022
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਦੇ ਪਿੰਡ ਕੁੱਟਾ ਵਿੱਚ ਰਾਏ ਢਾਬੇ 'ਤੇ ਸਿੱਧੂ ਮੂਸੇਵਾਲੇ ਦੇ ਬੁੱਤ ਦੇ ਉਦਘਾਟਨ ਸਮੇਂ ਭਗਵੰਤ ਮਾਨ ਸਰਕਾਰ ਅਤੇ ਉਸ ਦੀਆਂ ਨੀਤੀਆਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਮੋਦੀ ਸਰਕਾਰ ਉਤੇ ਜਮਹੂਰੀਅਤ ਦਾ ਗਲਾ ਘੁੱਟਣ ਦੇ ਦੋਸ਼ ਲਾਉਂਦੀ ਹੈ ਪਰ ਦੂਸਰੇ ਪਾਸੇ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੇ ਬੁਨਿਆਦੀ ਹੱਕਾਂ ਤੋਂ ਵਾਂਝਿਆਂ ਕਰ ਰਹੀ ਹੈ। ਜਿਸ ਦੀ ਮਿਸਾਲ ਇਕ ਨੌਜਵਾਨ ਲਡ਼ਕੀ ਜੈਨੀ ਜੌਹਲ ਵੱਲੋਂ ਗਾਏ ਹੋਏ ਗੀਤ ਉੱਪਰ ਪੰਜਾਬ ਸਰਕਾਰ ਵੱਲੋਂ ਅਣਐਲਾਨੀ ਪਾਬੰਦੀ ਲਗਵਾ ਦਿੱਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਉਹ ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਪਹਿਲੀ ਵਾਰ ਮਾਝੇ ਦੀ ਧਰਤੀ 'ਤੇ ਲਾਇਆ ਸਿੱਧੂ ਮੂਸੇਵਾਲਾ ਦਾ ਬੁੱਤ (ਵੀਡੀਓ ਵੀ ਦੇਖੋ)
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਵਿਚ ਉਹ ਖੁਦ ਅਤੇ ਉਨ੍ਹਾਂ ਦੀ ਪਾਰਟੀ ਪੰਜਾਬ ਦੀ ਨੌਜਵਾਨ ਗਾਇਕ ਜੈਨੀ ਜੌਹਲ ਦੇ ਨਾਲ ਖਡ਼੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਜੀਣਾ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ ਪਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਤੋਂ ਵਾਂਝੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੈਨੀ ਜੌਹਲ ਤੇ ਗੀਤ ਤੇ ਪਾਬੰਦੀ ਲਗਾਉਣਾ ਇਕ ਗੈਰ ਜਮਹੂਰੀਅਤ ਕਾਰਵਾਈ ਹੈ।ਸਾਡਾ ਸੰਵਿਧਾਨ ਸਾਨੂੰ ਬੋਲਣ ਲਿਖਣ ਅਤੇ ਖਾਣ ਪੀਣ ਦੀ ਆਜ਼ਾਦੀ ਦਿੰਦਾ ਹੈ ਪਰ ਭਗਵੰਤ ਮਾਨ ਸਰਕਾਰ ਦੀ ਇਹ ਕਾਰਵਾਈ ਬਹੁਤ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਦੂਸਰੇ ਪਾਸੇ ਭਗਵੰਤ ਮਾਨ ਸਰਕਾਰ ਮਰਹੂਮ ਸ਼ੁਭਦੀਪ ਸਿੰਘ ਮੂਸੇਵਾਲੇ ਦੇ ਕਥਿਤ ਦੋਸ਼ੀਆਂ ਨੂੰ ਵੀ ਹਿਰਾਸਤ ਵਿਚੋਂ ਲਾਂਭੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤਕ ਫਰਾਰ ਹੋ ਚੁੱਕੇ ਗੈਂਗਸਟਰ ਦੀਪਕ ਟੋਨੀ ਦਾ ਕੋਈ ਸੁਰਾਗ ਪੰਜਾਬ ਪੁਲਸ ਲਗਾਉਣ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਅਤੇ ਉਸ ਦੇ ਸ਼ੁਭਚਿੰਤਕਾਂ ਨੂੰ ਇਨਸਾਫ਼ ਨਹੀਂ ਮਿਲਦਾ, ਕਾਂਗਰਸ ਪਾਰਟੀ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਅਤੇ ਵਤੀਰੇ ਦੇ ਖਿਲਾਫ਼ ਸੰਘਰਸ਼ ਕਰਦੀ ਰਹੇਗੀ।