ਪਾਕਿਸਤਾਨ ਦੀ ਜੇਲ੍ਹ ਵਿੱਚ ਜਾਸੂਸੀ ਦੇ ਕੇਸ ਨੂੰ ਲੈ ਕੇ 13 ਸਾਲ ਸਜ਼ਾ ਕੱਟ ਕੇ ਵਾਪਿਸ ਭਾਰਤ ਆਇਆ ਮਹਿੰਦਰ, 3 ਸਾਲ ਝੱਲੇ ਤਸੀਹੇ
- ਜਿਉਂਦਾ ਵਾਪਿਸ ਪਰਤਣ ਦੀ ਛੱਡ ਚੁੱਕਿਆ ਸੀ ਉਮੀਦ
ਰਿਪੋਰਟਰ..... ਰੋਹਿਤ ਗੁਪਤਾ
ਗੁਰਦਾਸਪੁਰ, 13 ਅਕਤੂਬਰ 2022 - ਪਾਕਿਸਤਾਨ ਦੀ ਜੇਲ੍ਹ ਵਿੱਚ ਜਾਸੂਸੀ ਦੇ ਕੇਸ ਨੂੰ ਲੈਕੇ 13 ਸਾਲ ਦੀ ਸਜ਼ਾ ਕੱਟ ਕੇ ਮਹਿੰਦਰ ਉਰਫ ਰਾਜਾ ਵਾਪਿਸ ਆਪਣੇ ਪਰਿਵਾਰ ਵਿੱਚ ਪਹੁੰਚ ਚੁੱਕਿਆ ਹੈ। ਮਹਿੰਦਰ ਬਟਾਲਾ ਨਜਦੀਕੀ ਥਾਣਾ ਧਾਰੀਵਾਲ ਦੇ ਅਧੀਨ ਪੈਂਦੇ ਪਿੰਡ ਡਡਵਾਂ ਦਾ ਰਹਿਣ ਵਾਲਾ ਹੈ।ਮਹਿੰਦਰ ਪਹਿਲੀ ਹੀ ਨਜਰ ਵਿੱਚ ਦੇਖਣ ਨੂੰ ਮੁਸਲਮਾਨ ਲਗਦਾ ਹੈ ਕਿਉਂਕਿ 13 ਸਾਲ ਪਾਕਿਸਤਾਨ ਦੀ ਜੇਲ੍ਹਾਂ ਵਿਚ ਰਹਿਣ ਕਰਕੇ ਉਸਦੀ ਵੇਸ਼ ਭੂਸ਼ਾ ਵੀ ਪਕਿਸਤਾਨੀ ਹੋ ਚੁੱਕੀ ਹੈ। ਉਹ 14 ਅਕਤੂਬਰ ਨੂੰ ਪਕਿਸਤਾਨ ਤੋਂ ਵਾਹਗਾ ਸਰਹੱਦ ਰਾਹੀਂ ਅੰਮ੍ਰਿਤਸਰ ਪਹੁੰਚਿਆ ਅਤੇ 15 ਅਕਤੂਬਰ ਨੂੰ ਇਤਲਾਹ ਮਿਲਣ ਤੇ ਬੇਟਾ ਅਤੇ ਜਵਾਈ ਅਮ੍ਰਿਤਸਰ ਲੈਣ ਪਹੁੰਚੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪਾਕਿਸਤਾਨ ਦੀ ਜੇਲ੍ਹ ਵਿੱਚ ਜਾਸੂਸੀ ਦੇ ਕੇਸ ਨੂੰ ਲੈ ਕੇ 13 ਸਾਲ ਸਜ਼ਾ ਕੱਟ ਕੇ ਵਾਪਿਸ ਭਾਰਤ ਆਇਆ ਮਹਿੰਦਰ, 3 ਸਾਲ ਝੱਲੇ ਤਸੀਹੇ (ਵੀਡੀਓ ਵੀ ਦੇਖੋ)
ਮਹਿੰਦਰ ਨੇ ਦੱਸਿਆ ਕਿ 2008 ਦੇ ਵਿੱਚ ਭਾਰਤੀ ਖੁਫੀਆ ਏਜੇਂਸੀ ਦੇ ਕਹਿਣ ਤੇ ਚੱਕ ਅਮਰੂ ਜੰਮੂ ਦੇ ਰਸਤੇ ਸਰਹੱਦ ਪਾਰ ਕਰਕੇ ਪਾਕਿਸਤਾਨ ਗਿਆ ਪਰ ਸਰਹੱਦ ਪਾਰ ਕਰਦੇ ਹੀ ਉਹ ਪਾਕਿਸਤਾਨ ਆਰਮੀ ਦੇ ਕਾਬੂ ਆ ਗਿਆ। ਜਿਥੋਂ ਇਕ ਸਾਲ ਉਸ ਨਾਲ ਪੁੱਛਗਿੱਛ ਕਰਦੇ ਰਹੇ।ਉਸਤੋਂ ਬਾਅਦ ਤਿੰਨ ਸਾਲ ਲਈ ਸਿਆਲਕੋਟ ਜੇਲ ਵਿੱਚ ਰੱਖਿਆ ਗਿਆ। ਉੱਥੇ ਉਸ ਨਾਲ ਪੁੱਛਗਿੱਛ ਦੌਰਾਨ ਤਸੀਹੇ ਦਿੰਦੇ ਮਾਰਕੁਟਾਈ ਕਰਦੇ ਰਹੇ।ਉਸਤੋਂ ਬਾਅਦ ਉਸ ਉਤੇ ਕੇਸ ਚੱਲਿਆ ਅਤੇ ਉਸਨੂੰ 10 ਸਾਲ ਦੀ ਕੈਦ ਹੋ ਗਈ ਕੈਦ ਹੋਣ ਤੋਂ ਬਾਅਦ ਮਹਿੰਦਰ ਨੂੰ ਲਾਹੌਰ ਜੇਲ ਕੌਟ ਲੱਖਪਤ ਵਿੱਚ ਰੱਖਿਆ ਗਿਆ ।
ਓਥੇ ਪਕਿਸਤਾਨੀ ਕੈਦੀ ਭਾਰਤੀ ਕੈਦੀਆਂ ਨਾਲ ਵੈਰ ਵਿਰੋਧਤਾ ਰੱਖਦੇ ਹਨ ਪਰ ਜੇਲ ਦੇ ਚੰਗੇ ਅਫਸਰ ਪਕਿਸਤਾਨੀ ਕੈਦੀਆਂ ਤੋਂ ਬਚਾ ਕੇ ਰੱਖਦੇ ਹਨ ।ਖਾਣ ਪੀਣ ਨੂੰ ਵਧੀਆ ਦਿੱਤਾ ਜਾਂਦਾ ਹੈ।ਜੇਲ ਵਿੱਚ ਉਸਦੇ ਨਾਲ 18 ਤੋਂ 20 ਭਾਰਤੀ ਕੈਦੀ ਕੈਦ ਸਨ ਅਤੇ ਹੁਣ ਉਸਦੀ ਸਜ਼ਾ ਪੂਰੀ ਹੋਣ ਤੇ ਉਸਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਵਾਹਗੇ ਰਾਹੀਂ ਭਾਰਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ।ਮਹਿੰਦਰ ਨੇ ਦੱਸਿਆ ਕਿ ਜੇਲ ਵਿੱਚ ਰਹਿ ਕੇ ਦਿਮਾਗੀ ਪ੍ਰੇਸ਼ਾਨੀ ਬਹੁਤ ਰਹਿੰਦੀ ਹੈ।ਮਹਿੰਦਰ ਨੇ ਕਿਹਾ ਕਿ ਉਸਨੇ ਜਿਉਂਦਾ ਵਾਪਿਸ ਆਉਣ ਦੀ ਉਮੀਦ ਛੱਡ ਦਿੱਤੀ ਸੀ ਪਰ ਘਰ ਆ ਕੇ ਉਹ ਬਹੁਤ ਖੁਸ਼ ਹੈ।
ਮਹਿੰਦਰ ਨੇ ਦੱਸਿਆ ਕਿ ਪਹਿਲਾਂ ਵੀ ਉਹ ਭਾਰਤੀ ਖੁਫੀਆ ਏਜੇਂਸੀਆਂ ਦੇ ਕਹਿਣ ਤੇ ਪਾਕਿਸਤਾਨ ਗਿਆ ਸੀ ਪਰ ਉਸ ਸਮੇ ਵਾਪਿਸ ਆ ਗਿਆ ਸੀ ਪਰ ਜਦੋ 2008 ਵਿੱਚ ਦੁਬਾਰਾ ਗਿਆ ਤਾਂ ਉਥੇ ਕਾਬੂ ਆ ਗਿਆ।ਮਹਿੰਦਰ ਨੇ ਦੱਸਿਆ ਕਿ ਦਿਮਾਗੀ ਪ੍ਰੇਸ਼ਾਨੀ ਦੇ ਚਲਦੇ ਉਹ ਆਪਣੇ ਬੱਚਿਆਂ ਅਤੇ ਪਤਨੀ ਦੇ ਚਿਹਰੇ ਵੀ ਭੁੱਲ ਗਿਆ ਸੀ।ਓਥੇ ਹੀ ਮਹਿੰਦਰ ਨੇ ਕਿਹਾ ਕਿ ਉਹ ਦੇਸ਼ ਦੀ ਖ਼ਾਤਰ ਪਕਿਸਤਾਨ ਗਿਆ ਪਰ ਭਾਰਤ ਸਰਕਾਰ ਅਤੇ ਭਾਰਤੀ ਖੁਫੀਆ ਏਜੇਂਸੀਆਂ ਨੇ ਉਸਦੇ ਬਾਅਦ ਅਤੇ ਨਾ ਹੁਣ ਉਸਦੀ ਅਤੇ ਉਸਦੇ ਪਰਿਵਾਰ ਦੀ ਸਾਰ ਲਈ। ਉਸਨੇ ਕਿਹਾ ਕਿ ਉਸਨੇ ਵੀ ਦੇਸ਼ ਖਾਤਿਰ ਆਪਣੀ ਜਿੰਦਗੀ ਦੇ ਕੀਮਤੀ ਸਾਲ ਬਰਬਾਦ ਕੀਤੇ ਹਨ ਭਾਰਤ ਸਰਕਾਰ ਉਸਦੀ ਅਤੇ ਉਸਦੇ ਪਰਿਵਾਰ ਦੀ ਮਾਲੀ ਮਦਦ ਕਰੇ।
ਓਥੇ ਹੀ ਮਹਿੰਦਰ ਦੀ ਪਤਨੀ ਬੇਵੀ ਨੇ ਦੱਸਿਆ ਕਿ ਮਹਿੰਦਰ ਜਦੋ ਵੀ ਜਾਂਦਾ ,ਕਹਿ ਕੇ ਜਾਂਦਾ ਕਿ ਦੇਸ਼ ਦੀ ਖ਼ਾਤਰ ਦੇਸ਼ ਦੇ ਕੰਮ ਚਲਿਆ ਹਾਂ ਪਰ 2008 ਵਿੱਚ ਐਸਾ ਗਿਆ ਮੁੜ 14 ਸਾਲ ਵਾਪਿਸ ਨਹੀਂ ਆਇਆ। ਅਸੀਂ ਮਹਿੰਦਰ ਦੇ ਜਿਉਂਦੇ ਹੋਣ ਦੀ ਉਮੀਦ ਵੀ ਛੱਡ ਦਿੱਤੀ ਸੀ।ਚਾਰ ਲੜਕੀਆਂ ਅਤੇ ਦੋ ਬੇਟਿਆ ਨੂੰ ਉਸਨੇ ਲੋਕਾਂ ਦੇ ਘਰਾਂ ਵਿਚ ਕੰਮ ਕਰ ਕਰ ਕੇ ਪਾਲਿਆ ਅਤੇ ਜਵਾਨ ਕੀਤਾ।ਬੱਚਿਆਂ ਨੂੰ ਇਕੱਲਿਆਂ ਹੀ ਵਿਆਹਿਆ।ਹੁਣ ਜਦੋਂ 14 ਅਕਤੂਬਰ ਨੂੰ ਅਮ੍ਰਿਤਸਰ ਤੋਂ ਫੋਨ ਤੇ ਇਤਲਾਹ ਮਿਲੀ ਕਿ ਕੋਈ ਪਾਕਿਸਤਾਨ ਵਲੋਂ ਵਾਹਗੇ ਸਰਹੱਦ ਰਾਹੀਂ ਵਾਪਸ ਭਾਰਤ ਆਇਆ ਹੈ ਤਾਂ ਜਾਕੇ ਦੇਖਿਆ ਤੇ ਉਹ ਮਹਿੰਦਰ ਸੀ।ਪਤਨੀ ਨੇ ਅੱਗੇ ਕਿਹਾ ਕਿ ਮਹਿੰਦਰ ਦੇ ਜਾਣ ਤੋਂ ਬਾਅਦ ਸਾਡੀ ਕਿਸੇ ਨੇ ਕੋਈ ਸਾਰ ਨਹੀਂ ਲਈ।ਮਹਿੰਦਰ ਵਾਪਸ ਤਾਂ ਆ ਗਿਆ ਹੈ ਪਰ ਉੱਥੇ ਝਲੇ ਤਸੀਹਿਆਂ ਦਾ ਅਸਰ ਅਜੇ ਵੀ ਮਹਿੰਦਰ ਦੇ ਦਿਮਾਗ ਉਤੇ ਹਾਵੀ ਹੈ ।