ਨਗਰ ਕੌਂਸਲ ਤਲਵੰਡੀ ਸਾਬੋ ਦੇ ਸਾਬਕਾ ਮੀਤ ਪ੍ਰਧਾਨ ਅਤੇ ਗੈਂਗਸਟਰ ਕੁਲਬੀਰ ਨਰੂਆਣਾ ਦੇ ਕਰੀਬੀ ਅਜ਼ੀਜ਼ ਖ਼ਾਨ ਦੀ ਸੜਕ ਹਾਦਸੇ 'ਚ ਮੌਤ (ਵੀਡੀਓ ਵੀ ਦੇਖੋ)
- ਸਾਥੀ ਤੇ ਗੰਨਮੈਨ ਗੰਭੀਰ ਜ਼ਖ਼ਮੀ
ਦਲਜੀਤ ਕੌਰ
ਭਵਾਨੀਗੜ੍ਹ, 3 ਜਨਵਰੀ, 2023 : ਸੰਘਣੀ ਧੁੰਦ ਦੌਰਾਨ ਬੀਤੀ ਰਾਤ ਸਕਾਰਪੀਓ ਦੇ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਟੌਲ ਪਲਾਜ਼ਾ ਕਾਲਾਝਾੜ ਦੇ ਥੜੇ ਨਾਲ ਟਕਰਾਉਣ ਕਾਰਨ ਨਗਰ ਕੌਂਸਲ ਤਲਵੰਡੀ ਸਾਬੋ ਦੇ ਸਾਬਕਾ ਮੀਤ ਪ੍ਰਧਾਨ ਅਤੇ ਗੈਂਗਸਟਰ ਕੁਲਬੀਰ ਨਰੂਆਣਾ ਦੇ ਨਜ਼ਦੀਕੀ ਸਾਥੀ ਅਜ਼ੀਜ਼ ਖ਼ਾਨ ਦੀ ਮੌਤ ਹੋ ਗਈ। ਪੁਲੀਸ ਚੌਕੀ ਕਾਲਾਝਾੜ ਦੇ ਇੰਚਾਰਜ ਨੇ ਦੱਸਿਆ ਕਿ ਉਹ ਬੀਤੀ ਰਾਤ ਗਸ਼ਤ ਕਰ ਰਹੇ ਸਨ ਕਿ ਇਸੇ ਦੌਰਾਨ ਸੜਕ ਹਾਦਸੇ ਬਾਰੇ ਸੂਚਨਾ ਮਿਲਣ ਉਪਰੰਤ ਉਹ ਟੌਲ ਪਲਾਜ਼ਾ ਕਾਲਾਝਾੜ ਵਿਖੇ ਗਏ। ਦੱਸਿਆ ਜਾ ਰਿਹਾ ਹੈ ਕਿ ਅਜ਼ੀਜ਼ ਖਾਨ ਦੀ ਸਕਾਰਪਿਓ ਗੱਡੀ ਨਾਲ ਭਿਆਨਕ ਹਾਦਸਾ ਮੰਗਲਵਾਰ ਤੜਕੇ ਪੌਣੇ 3 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਇਕ ਸਾਥੀ ਤੇ ਗੰਨਮੈਨ ਨਾਲ ਤਲਵੰਡੀ ਸਾਬੋ ਤੋਂ ਪਟਿਆਲਾ ਵੱਲ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਸਕਾਰਪੀਓ ਭਵਾਨੀਗੜ੍ਹ ਤੋਂ ਪਟਿਆਲਾ ਵੱਲ ਜਾਂਦਿਆਂ ਸਮੇ ਟੌਲ ਪਲਾਜ਼ਾ ਕਾਲਾਝਾੜ ਦੇ ਥੜੇ ਨਾਲ ਟਕਰਾ ਗਈ, ਜਿਸ ਵਿੱਚ ਅਜੀਜ਼ ਖ਼ਾਨ ਗੰਭੀਰ ਜ਼ਖ਼ਮੀ ਹੋ ਗਿਆ। ਅਜ਼ੀਜ਼ ਖ਼ਾਨ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਭੇਜਿਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਉਸ ਦਾ ਗੰਨਮੈਨ ਵੀ ਜ਼ਖ਼ਮੀ ਹੋਣ ਕਾਰਨ ਜੇਰੇ ਇਲਾਜ ਹੈ। ਅਜ਼ੀਜ਼ ਖਾਂ ਦੀ ਮੌਤ ਕਾਰਨ ਉਸ ਦੇ ਚਾਹੁਣ ਵਾਲਿਆਂ 'ਚ ਸੋਗ ਦੀ ਲਹਿਰ ਦੌੜ ਗਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: ਅਜ਼ੀਜ਼ ਖਾਨ ਦੀ ਮੌ+ਤ 'ਤੇ ਪੁਲਿਸ ਦਾ ਪਹਿਲਾ ਬਿਆਨ, Scorpio ਗੱਡੀ ਦੇ ਉੱਡੇ ਪਰਖੱਚੇ ਇੰਜ ਹੋਈ ਮੌ+ਤ
ਗੈਂਗਸਟਰ ਕੁਲਬੀਰ ਨਰੂਆਣਾ ਦਾ ਨਜ਼ਦੀਕੀ ਸਾਥੀਆਂ 'ਚੋਂ ਹੈ। ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅਜ਼ੀਜ਼ ਖਾਨ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ ਲਾਏ ਸਨ ਕਿ ਲਾਰੈਂਸ ਬਿਸ਼ਨੋਈ ਗਿਰੋਹ ਨੇ ਉਸਨੂੰ ਕਤਲ ਕਰਾਉਣ ਦੀ ਯੋਜਨਾ ਬਣਾਈ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਵਾਲੇ ਗੈਂਗਸਟਰ ਇਸ ਘਟਨਾ ਤੋਂ ਪਹਿਲਾਂ ਉਸ ਨੂੰ ਕਤਲ ਕਰਨ ਲਈ ਤਲਵੰਡੀ ਸਾਬੋ ਆਏ ਸਨ। ਇਸ ਤੋਂ ਬਾਅਦ ਅਜ਼ੀਜ਼ ਖਾਨ ਕਾਫੀ ਸੁਰਖੀਆਂ 'ਚ ਰਿਹਾ। ਉਸ ਦੇ ਕਈ ਸਿਆਸਤਦਾਨਾਂ ਨਾਲ ਨਜ਼ਦੀਕੀ ਸਬੰਧ ਸਨ। ਉਸਦੀ ਜਾਨ ਨੂੰ ਖ਼ਤਰਾ ਦੱਸਦਿਆਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਸੀ। ਇਸ ਤੋਂ ਇਲਾਵਾ ਹਥਿਆਰਾਂ ਨਾਲ ਲੈਸ ਅੱਧੀ ਦਰਜਨ ਨੌਜਵਾਨ ਵੀ ਉਸ ਨਾਲ ਹਰ ਵਕਤ ਰਹਿੰਦੇ ਸਨ। ਦੱਸਿਆ ਜਾਂਦਾ ਹੈ ਕਿ ਸੜਕ ਹਾਦਸੇ ਸਮੇਂ ਉਸ ਨਾਲ ਉਸ ਦੇ ਸਾਥੀ ਮੌਜੂਦ ਸਨ। ਭਵਾਨੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਦੇ ਪਹੁੰਚਣ 'ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।