ਹਰਿਆਣਾ ਸਰਕਾਰ ਸਿੱਖਾਂ ਵਿਚ ਭਰਾਵਾਂ ਵਿਚਕਾਰ ਮਾਰੂ ਜੰਗ ਕਰਾਉਣਾ ਚਾਹੁੰਦੀ ਹੈ - ਜਗਦੀਸ਼ ਸਿੰਘ ਝੀਂਡਾ
ਚੋਵੇਸ਼ ਲਟਾਵਾ ਦੀ ਰਿਪੋਰਟ
ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ 2023 - ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਗੁਰਦਵਾਰਿਆਂ ਦੀ ਸਾਂਭ ਸੰਭਾਲ ਲਈ ਬਣਾਈ ਨਵੀ ਕਮੇਟੀ ਸਿੱਧ ਕਰਦੀ ਹੈ ਕੇ ਹਰਿਆਣਾ ਸਰਕਾਰ ਸਿੱਖਾਂ ਵਿਚ ਭਰਾ ਮਾਰੂ ਜੰਗ ਕਰਾਉਣਾ ਚਾਹੁੰਦੀ ਹੈ ਤੇ ਸਰਕਾਰ ਵਲੋਂ ਬਣਾਈ ਗਈ ਇਸ ਕਮੇਟੀ ਦੇ ਪ੍ਰਧਾਨ ਤੇ ਸਾਰੇ ਮੈਂਬਰ ਮਰੀਆਂ ਜਮੀਰਾਂ ਵਾਲੇ ਹਨ ਜੋ ਸਰਕਾਰ ਦੇ ਹੱਥਾਂ ਵਿਚ ਖੇਡ ਰਹੇ ਹਨ। ਇਹ ਗੱਲ ਹਰਿਆਣਾ ਸਿੱਖ ਗੁਰਦੂਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਹੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਸਰਕਾਰ ਵਲੋਂ ਬਣਾਈ ਗਈ ਕਮੇਟੀ ਦੇ ਪ੍ਰਧਾਨ ਤੇ ਸਾਰੇ ਮੈਂਬਰ ਮਰੀਆਂ ਜਮੀਰਾਂ ਵਾਲੇ ! : ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ (ਵੀਡੀਓ ਵੀ ਦੇਖੋ)
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੱਤਰਕਾਰ ਸੰਮੇਲਨ ਦੋਰਾਨ ਗੱਲਬਾਤ ਕਰਦਿਆਂ ਝੀਂਡਾ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਹਰਿਆਣਾ ਦੇ ਸਿੱਖਾਂ ਨੂੰ ਆਪਸ ਵਿਚ ਲੜਾਉਣ ਲਈ ਇਕ 40 ਮੈਂਬਰੀ ਹਰਿਆਣਾ ਸਿੱਖ ਗੁਰਦੂਆਰਾ ਕਮੇਟੀ ਬਣਾਈ ਗਈ ਜਿਸ ਵਿਚ ਮੈਨੂੰ ਵੀ ਮੈਂਬਰ ਲਿਆ ਗਿਆ। ਪਰ ਮੈਂ ਨਹੀ ਚਾਹੁੰਦਾ ਕਿ ਭਾਜਪਾ ਸਾਡੇ ਗੁਰੂ ਘਰਾਂ ਤੇ ਕਬਜਾ
ਕਰਕੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਕਰੇ ਤੇ ਗੂਰੂ ਘਰਾਂ ਦੀਆਂ ਜਮੀਨਾਂ ਆਪਣੇ ਚਹੇਤਿਆਂ ਨੂੰ ਦੇ ਕੇ ਸੰਗਤ ਦੀ ਸ਼ਰਧਾ ਨਾਲ ਖਿਲਵਾੜ ਕਰੇ।
ਇਸ ਕਰਕੇ ਮੈਂ ਆਪਣੀ ਜਮੀਰ ਦੀ ਅਵਾਜ ਸੁਣ ਕੇ ਇਸ ਕਮੇਟੀ ਤੋਂ ਅਸਤੀਫਾ ਦੇ ਦਿਤਾ ਅਤੇ ਸ੍ਰੀ ਅਕਾਲ ਤਖਤ 'ਤੇ ਜਾ ਕੇ ਜਥੇਦਾਰ ਗਿ:ਹਰਪ੍ਰੀਤ ਸਿੰਘ ਨੂੰ ਮਿਲਿਆ। ਉਨ੍ਹਾਂ ਮੈਨੂੰ ਭਰੋਸਾ ਦਿਤਾ ਕਿ ਅਸੀਂ ਸਾਰੇ ਜਥੇਦਾਰ ਮਿਲ ਕੇ ਤੁਹਾਡੀ ਗੱਲ ਤੇ ਵਿਚਾਰ ਕਰਾਂਗੇ ਤੇ ਤੂਹਾਨੂੰ ਹਰ ਤਰਾਂ ਦਾ ਸਹਿਯੋਗ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਅਕਾਲ ਤਖਤ ਤੇ ਭਰੋਸਾ ਹੈ ਤੇ ਸੰਗਤ ਵੀ ਸਰਕਾਰ ਦੀ ਕਮੇਟੀ ਨੂੰ ਨਕਾਰਦੀ ਹੈ।
ਕੀ ਇਸ ਤਰਾਂ ਸਿੱਖ ਦੋ ਹਿਸਿਆਂ ਵਿਚ ਨਹੀ ਵੰਡੇ ਜਾਣਗੇ ? ਪੁੱਛਣ 'ਤੇ ਝੀਂਡਾ ਨੇ ਕਿਹਾ ਕਿ ਅਸੀਂ ਨਹੀ ਸਗੋਂ ਸਰਕਾਰ ਸਿੱਖਾਂ ਨੂੰ ਵੰਡਣ ਵਿਚ ਲੱਗੀ ਹੈ ਜਿਸ ਕਰਕੇ ਸਰਕਾਰ ਨੇ ਕਮੇਟੀ ਬਣਾਈ ਹੈ। ਉਨ੍ਹਾਂ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹੈ ਨਾ ਕਿ ਭਾਜਪਾ ਦੀ ਸਰਕਾਰ। ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਇਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਾਡੀ ਕਮੇਟੀ ਹੋਵੇਗੀ ਤੇ ਦੂਜੇ ਪਾਸੇ ਮਹੰਤ ਕਰਮਜੀਤ ਸਿੰਘ ਦੀ ਅਗਵਾਈ ਵਿਚ ਸਰਕਾਰੀ ਕਮੇਟੀ ਹੈ। ਹੁਣ ਸੰਗਤ ਨੇ ਦੇਖਣਾ ਹੈ ਕਿ ਉਹ ਅਕਾਲ ਤਖਤ ਦੇ ਨਾਲ ਹਨ ਜਾਂ ਸਰਕਾਰ ਦੇ ਨਾਲ। ਉਨ੍ਹਾਂ ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਅਜੇ ਵੀ ਸਮਾ ਹੈ ਪੰਥਕ ਏਕਤਾ ਲਈ ਹੰਭਲਾ ਮਾਰੋ। ਅਸੀ ਸ਼੍ਰੋਮਣੀ ਕਮੇਟੀ ਨੂੰ ਆਪਣੀ ਪਾਰਲੀਮੈਂਟ ਮੰਨਦੇ ਹਾਂ ਤੇ ਸਾਨੂੰ ਸਟੇਟ ਬਾਡੀ ਮੰਨ ਕੇ ਕੌਮੀ ਏਕਤਾ ਹੋ ਸਕਦੀ ਹੈ।