ਬ੍ਰੇਵ ਹਾਰਟ ਮੋਟਰਸਾਈਕਲ ਰੈਲੀ ਨੇ ਨੌਜਵਾਨਾਂ ਨੂੰ ਅਨੁਸ਼ਾਸਤ ਤੇ ਨਸ਼ਾ ਰਹਿਤ ਜਿੰਦਗੀ ਜਿਉਣ ਦਾ ਸੁਨੇਹਾ ਦਿੱਤਾ (ਵੀਡੀਓ ਵੀ ਦੇਖੋ)
- ਵਾਈ.ਪੀ.ਐਸ. ਚੌਂਕ 'ਚ ਜੰਗੀ ਯਾਦਗਾਰ ਸਮਾਰਕ 'ਤੇ ਬਲੈਕ ਐਲੀਫੈਂਟ ਡਵੀਜਨ ਦੇ ਕਮਾਂਡਰ, ਡੀ.ਸੀ. ਤੇ ਹੋਰਨਾਂ ਵੱਲੋਂ ਸ਼ਰਧਾਂਜਲੀਆਂ
- ਫ਼ੌਜੀ ਇਤਿਹਾਸ ਦੇ ਜੋਸ਼, ਜਜ਼ਬੇ ਤੇ ਬਹਾਦਰੀ ਦਾ ਵਰਨਣ ਕਰਦੀਆਂ ਦਸਤਾਵੇਜੀ ਫ਼ਿਲਮਾਂ ਵੀ ਦਿਖਾਈਆਂ
ਪਟਿਆਲਾ, 29 ਜਨਵਰੀ 2023 - ਪਟਿਆਲਾ ਦੇ ਪਲੇਠੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਆਖਰੀ ਦਿਨ ਇੱਥੇ ਵਾਈ.ਪੀ.ਐਸ. ਚੌਂਕ ਵਿਖੇ ਪਟਿਆਲਾ ਰਾਜ ਬਲ ਅਤੇ ਬਲੈਕ ਐਲੀਫੈਂਟ ਜੰਗੀ ਯਾਦਗਾਰ ਸਮਾਰਕ ਵਿਖੇ ਭਾਰਤੀ ਸੈਨਾ ਦੀ ਬਲੈਕ ਐਲੀਫੈਂਟ ਡਿਵੀਜਨ ਦੇ ਜੀ.ਓ.ਸੀ. ਮੇਜਰ ਜਨਰਲ ਪੁਨੀਤ ਅਹੁਜਾ, ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ.ਜਨ (ਰਿਟਾ.) ਟੀ.ਐਸ. ਸ਼ੇਰਗਿੱਲ, ਲੈਫ.ਜਨ (ਰਿਟਾ.) ਚੇਤਿੰਦਰ ਸਿੰਘ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਮੇਤ ਹੋਰਨਾਂ ਨੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਬ੍ਰੇਵ ਹਾਰਟ ਮੋਟਰਸਾਈਕਲ ਰੈਲੀ ਨੇ ਨੌਜਵਾਨਾਂ ਨੂੰ ਅਨੁਸ਼ਾਸਤ ਤੇ ਨਸ਼ਾ ਰਹਿਤ ਜਿੰਦਗੀ ਜਿਉਣ ਦਾ ਸੁਨੇਹਾ ਦਿੱਤਾ (ਵੀਡੀਓ ਵੀ ਦੇਖੋ)
ਇਸ ਤੋਂ ਬਾਅਦ ਪੋਲੋ ਗਰਾਊਂਡ ਵਿਖੇ ਇਕੱਠੇ ਹੋਏ 140 ਦੇ ਕਰੀਬ ਵੱਖ-ਵੱਖ ਮੋਟਰਸਾਈਕ ਸਵਾਰਾਂ ਦੀ ਬ੍ਰੇਵ ਹਾਰਟ ਮੋਟਰਸਾਈਕਲ ਰੈਲੀ ਨੂੰ ਜੀ.ਓ.ਸੀ. ਮੇਜਰ ਜਨਰਲ ਪੁਨੀਤ ਅਹੁਜਾ ਵੱਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਪਟਿਆਲਾ ਸ਼ਹਿਰ ਵਿਖੇ ਕਰੀਬ 26 ਕਿਲੋਮੀਟਰ ਦਾ ਚੱਕਰ ਪੂਰਾ ਕਰਕੇ ਖ਼ਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਵਾਲੇ ਸਥਾਨ 'ਤੇ ਸਮਾਪਤ ਹੋਈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ, ਭਾਰਤੀ ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਇਹ ਬ੍ਰੇਵ ਹਾਰਟ ਮੋਟਰਸਾਈਕਲ ਰਾਈਡ ਰੈਲੀ ਦਾ ਉਦੇਸ਼ ਜਿੱਥੇ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਦੇ ਇਤਿਹਾਸ 'ਚ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਨਾ ਹੈ, ਉਥੇ ਹੀ ਨੌਜਵਾਨਾਂ ਨੂੰ ਐਡਵੈਂਚਰ ਲਈ ਉਤਸ਼ਾਹਤ ਕਰਕੇ ਨਸ਼ਿਆਂ ਤੋਂ ਰਹਿਤ ਇੱਕ ਅਨੁਸ਼ਾਸਤ ਤੇ ਸੁਰੱਖਿਅਤ ਭਵਿੱਖ ਜਿਉਣ ਲਈ ਪ੍ਰੇਰਤ ਕਰਨਾ ਵੀ ਹੈ।
ਇਸੇ ਦੌਰਾਨ ਮਿਲਟਰੀ ਲਿਟਰੇਚਰ ਫੈਸਟੀਵਲ 'ਚ ਵਿਦਿਆਰਥੀਆਂ ਲਈ ਫ਼ੌਜੀ ਇਤਿਹਾਸ ਦੇ ਜੋਸ਼, ਜਜ਼ਬੇ ਤੇ ਬਹਾਦਰੀ ਦਾ ਵਰਨਣ ਕਰਦੀਆਂ ਦਸਤਾਵੇਜੀ ਫ਼ਿਲਮਾਂ ਵੀ ਦਿਖਾਈਆਂ ਗਈਆਂ। ਇਨ੍ਹਾਂ 'ਚ 'ਮੈਨ ਆਫ਼ ਆਨਰ', 'ਇੰਡੀਅਨ ਨੇਵੀ', 'ਬਾਜ਼', 'ਨਿਰਚੈ ਕਰ ਅਪਨੀ ਜੀਤ ਕਰੋਂ', 'ਵੂਮੈਨ'ਜ ਡੇ ਸਪੈਸ਼ਲ', 'ਇੰਡੀਅਨ ਨੇਵੀ ਕੋਨਕੁਈਰਿੰਗ ਸੀਜ', 'ਜਾਬਾਜ ਹਮ ਚਲੇ', 'ਸਿਆਚਿਨ ਸਪੈਸ਼ਲ ਅਤੇ ਉਪਰੇਸ਼ਨ ਮੇਘਦੂਤ', 'ਕਾਰਗਿਲ' ਅਤੇ 'ਇੰਡੀਅਨ ਆਰਮੀ ਇਨਵਿਜੀਬਲ ਬਟ ਇਫੈਕਟਿਵ' ਵੀ ਸ਼ਾਮਲ ਸਨ।
ਇਸ ਮੌਕੇ ਕਰਨਲ ਪੈਰੀ ਗਰੇਵਾਲ, ਕਰਨਲ ਰੁਸ਼ਨੀਰ ਸਿੰਘ ਚਹਿਲ, ਸਹਾਇਕ ਕਮਿਸ਼ਨਰ ਯੂ.ਟੀ. ਡਾ. ਅਕਸ਼ਿਤਾ ਗੁਪਤਾ, ਮੇਲੇ ਦੇ ਨੋਡਲ ਅਫ਼ਸਰ ਐਸ.ਡੀ.ਐਮ ਚਰਨਜੀਤ ਸਿੰਘ, ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ, ਬਲੈਕ ਐਲੀਫੈਂਟ ਰੈਜਮੈਂਟ ਦੇ ਮੇਜਰ ਨਕੁਲ, ਹਰਸ਼ੇਰ ਸਿੰਘ ਗਰੇਵਾਲ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।