ਵਪਾਰੀ ਤੋਂ ਫਿਰੌਤੀ ਮੰਗਣ ਵਾਲੇ ਤਿੰਨ ਗੈਂਗਸਟਰ ਪੁਲਿਸ ਨੇ ਕੀਤੇ ਕਾਬੂ, ਗੈਂਗਸਟਰਾਂ ਦੀਆਂ ਪ੍ਰਾਪਰਟੀਆਂ ਦੀ ਹੋਵੇਗੀ ਕੁਰਕੀ:ਐਸਐਸਪੀ (ਵੀਡੀਓ ਵੀ ਦੇਖੋ)
ਦੀਪਕ ਜੈਨ
ਜਗਰਾਓਂ, 31 ਜਨਵਰੀ 2023 - ਜਗਰਾਓਂ ਪੁਲਿਸ ਵਲੋਂ ਕਰਿਆਨਾ ਵਪਾਰੀ ਤੋਂ ਫਿਰੌਤੀ ਮੰਗਣ ਵਾਲੇ 3 ਗੈਂਗਸਟਰ ਕਾਬੂ ਕਰ ਲਏ ਗਏ ਹਨ ਅਤੇ ਅੱਜ ਐਸਐਸਪੀ ਹਰਜੀਤ ਸਿੰਘ ਵਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ ਗਈ। ਐਸਐਸਪੀ ਹਰਜੀਤ ਸਿੰਘ ਨੇ ਦਸਿਆ ਕਿ ਮਿਤੀ 22-1-2023 ਨੂੰ ਜਗਰਾਓ ਦੇ ਇੱਕ ਵਿਅਕਤੀ ਨੂੰ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡਾਲਾ ਪੁੱਤਰ ਚਰਨਜੀਤ ਸਿੰਘ ਗਿੱਲ ਵਾਸੀ ਪਿੰਡ ਡਾਲਾ (ਹਾਲ ਵਾਸੀ ਕਨੇਡਾ ) ਵੱਲੋਂ ਫੋਨ ਕਰਕੇ 15 ਲੱਖ ਰੂਪ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਨਾ ਦੇਣ ਦੀ ਸੂਰਤ ਵਿੱਚ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ। ਇਸ ਦੌਰਾਨ ਅਰਸ਼ ਡਾਲਾ ਵੱਲੋਂ ਆਪਣੇ ਮਨੀਲਾ ਬੈਠੇ ਸਾਥੀਆਂ ਨਾਲ ਮਿਲ ਕੇ ਫਿਰੌਤੀ ਦੀ ਰਕਮ ਤੈਅ ਕਰਨ ਬਾਰੇ ਗੱਲਬਾਤ ਸ਼ੁਰੂ ਕਰ ਦਿੱਤੀ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵਪਾਰੀ ਤੋਂ ਫਿਰੌਤੀ ਮੰਗਣ ਵਾਲੇ ਤਿੰਨ ਗੈਂਗਸਟਰ ਪੁਲਿਸ ਨੇ ਕੀਤੇ ਕਾਬੂ, ਗੈਂਗਸਟਰਾਂ ਦੀਆਂ ਪ੍ਰਾਪਰਟੀਆਂ ਦੀ ਹੋਵੇਗੀ ਕੁਰਕੀ:ਐਸਐਸਪੀ (ਵੀਡੀਓ ਵੀ ਦੇਖੋ)
ਐਸਐਸਪੀ ਹਰਜੀਤ ਸਿੰਘ ਨੇ ਦਸਿਆ ਕਿ ਇਸ ਵਪਾਰੀ ਰਾਹੀਂ ਗੈਂਗਸਟਰਾਂ ਨੂੰ ਡੇਢ ਲੱਖ ਰੁਪੈ ਵਿੱਚ ਗੱਲਬਾਤ ਤਹਿ ਹੋਣ ਤੇ ਦੋ ਵਿਅਕਤੀਆਂ ਨੂੰ ਇਹ ਪੈਸਾ ਲੈਣ ਲਈ ਭੇਜਿਆ। ਇਸ ਖਬਰ ਦੀ ਇਤਲਾਹ ਜਿਲ੍ਹਾਂ ਪੁਲਿਸ ਨੂੰ ਜਦੋਂ ਮਿਲੀ ਤਾਂ ਡੀ.ਐਸ.ਪੀ ਦਲਬੀਰ ਸਿੰਘ ਦੀ ਟੀਮ ਨੇ ਮਿੱਥੀ ਹੋਈ ਜਗ੍ਹਾ ਤੇ ਘੇਰਾ ਪਾ ਕੇ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ। ਪੁਲਿਸ ਪਾਰਟੀ ਨੂੰ ਵੇਖਣ ਉਪਰੰਤ ਦੋਸ਼ੀਆਂ ਨੇ ਮੌਕੇ ਤੋਂ ਭੱਜਣ ਲਈ ਪੁਲਿਸ ਪਾਰਟੀ ਤੇ ਫਾਇਰ ਕੀਤੇ ਅਤੇ ਜਵਾਬੀ ਫਾਇਰ ਵਿੱਚ ਪੁਲਿਸ ਪਾਰਟੀ ਵੱਲੋਂ ਇੱਕ ਦੋਸ਼ੀ ਜਗਤਾਰ ਸਿੰਘ ਉਰਫ ਜੱਗਾ ਪੁੱਤਰ ਮਹਿੰਦਰ ਸਿੰਘ ਵਾਸੀ ਫੇਰਕੇ ਤਹਿਸੀਲ ਜੀਰਾ ਜਿਲ੍ਹਾ ਫਿਰੋਜਪੁਰ ਦੇ ਪੈਰ ਵਿੱਚ ਗੋਲੀ ਲੱਗੀ। ਜਿਸ ਨਾਲ ਉਹ ਭੱਜਣ ਵਿੱਚ ਕਾਮਯਾਬ ਨਹੀਂ ਹੋ ਸਕਿਆ।
ਜਿਲ੍ਹਾ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਹੋਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਜਿਹਨਾਂ ਦੇ ਨਾਮ ਅਮਨਦੀਪ ਸਿੰਘ ਉਰਫ ਅਮਨਾ ਅਤੇ ਸੁਖਵਿੰਦਰ ਸਿੰਘ ਉਰਫ ਸੁੱਖਾ ਹਨ ਜੋ ਦੋਨੋਂ ਦੋਸ਼ੀ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਹਨ। ਵਾਰਦਾਤ ਵਿੱਚ ਵਰਤਿਆਂ ਮੋਟਰਸਾਈਕਲ ਬਰਾਮਦ ਕੀਤਾ ਗਿਆ। ਐਸਐਸਪੀ ਹਰਜੀਤ ਸਿੰਘ ਨੇ ਦਸਿਆ ਕਿ ਹੁਣ ਤੱਕ ਦੀ ਤਫਤੀਸ਼ ਤੇ ਪਾਇਆ ਗਿਆ ਹੈ ਕਿ ਕੈਨੇਡਾ ਵਿੱਚ ਰਹਿੰਦੇ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡਾਲਾ ਵੱਲੋ ਮਨੀਲਾ ਵਿਖੇ ਰਹਿੰਦੇ ਆਪਣੇ ਸਾਥੀਆਂ ਅਮਰੀਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਫੇਰੋਕੇ ਤਹਿਸੀਲ ਜੀਰਾ ਜਿਲਾ ਫਿਰੋਜਪੁਰ, ਮਨਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਨੌਬ ਸਿੰਘ ਵਾਸੀ ਬੂਈਆਂਵਾਲਾ ਥਾਣਾ ਸਦਰ ਜੀਰਾ ਜਿਲਾ ਫਿਰੋਜਪੁਰ ਅਤੇ ਅੰਮ੍ਰਿਤਪਾਲ ਸਿੰਘ ਉਰਫ ਐਮੀ ਪੁੱਤਰ ਅਮਰਜੀਤ ਸਿੰਘ ਵਾਸੀ ਨਵਾਂ ਚੰਦ ਜਿਲਾ ਮੋਗਾ ਰਾਹੀ ਫੋਨ ਕਰਵਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਇੰਨਾ ਗੈਂਗਸਟਰਾਂ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਹਰਜੀਤ ਸਿੰਘ ਨੇ ਦਸਿਆ ਕਿ ਅਮ੍ਰਿਤਪਾਲ ਸਿੰਘ ਮਨੀਲਾ ਵਿਚ ਫਨਾਂਸਰ ਸੀ ਅਤੇ ਕੰਮ ਫੇਲ ਹੋਣ ਕਾਰਨ ਉਹ ਭਾਰਤ ਆਕੇ ਗੈਂਗਸਟਰ ਬਣਿਆ। ਓਨਾ ਦਸਿਆ ਕਿ ਗੈਂਗਸਟਰ ਜਗਤਾਰ ਸਿੰਘ ਅਤੇ ਅਮਰੀਕ ਸਿੰਘ ਸਕੇ ਭਰਾ ਹਨ ਅਤੇ ਅਮ੍ਰਿਤਪਾਲ ਸਿੰਘ ਅਤੇ ਸੁੱਖਾ ਗੈਂਗਸਟਰ ਚਚੇਰੇ ਭਰਾ ਹਨ। ਐਸਐਸਪੀ ਹਰਜੀਤ ਸਿੰਘ ਨੇ ਦਸਿਆ ਕਿ ਗੈਂਗਸਟਰਾਂ ਦੀਆਂ ਜਮੀਨ ਜਾਇਦਾਦਾਂ ਦਾ ਰਿਕਾਰਡ ਹਾਸਲ ਕਰਕੇ ਓਨਾ ਦੀ ਕੁਰਕੀ ਕੀਤੀ ਜਾਵੇਗੀ। ਐਸਐਸਪੀ ਹਰਜੀਤ ਸਿੰਘ ਨੇ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਅਜੇਹੀ ਧਮਕੀ ਭਰੀ ਕਾਲ ਆਉਂਦੀ ਹੈ ਤਾਂ ਉਸਦੀ ਸੂਚਨਾ ਪੁਲਿਸ ਨੂੰ ਦਿਓ ਅਤੇ ਤੁਹਾਡੀ ਪਹਿਚਾਣ ਗੁਪਤ ਰੱਖੀ ਜਾਵੇਗੀ ਅਤੇ ਧਮਕੀ ਦੇਣ ਵਾਲਾ ਸਲਾਖਾਂ ਦੇ ਪਿਛੇ ਹੋਵੇਗਾ।