ਪੰਜਾਬ ਕਲਾ ਭਵਨ ਵਿਖੇ ਲੋਕ ਕਲਾਵਾਂ ਦੀਆਂ ਪੇਸ਼ਕਾਰੀਆਂ
ਚੰਡੀਗੜ੍ਹ, 4 ਫਰਵਰੀ 2023 - ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਪੰਜਾਬ ਕਲਾ ਪਰਿਸ਼ਦ ਵਲੋਂ ਡਾ ਐਮ ਐਸ ਰੰਧਾਵਾ ਕਲਾ ਉਤਸਵ ਦੇ ਤੀਸਰੇ ਦਿਨ ਆਥਣੇ ਨੱਕਾਲ ਪਾਰਟੀ ਖੁਸ਼ੀ ਮੁਹੰਮਦ ਤੇ ਸਾਧੂ ਖਾਂ ਘਨੌਰ ਵਾਲੇ ਪੰਜਾਬ ਦੀ ਵਿਰਾਸਤੀ ਕਲਾ ਨਕਲਾਂ ਪੇਸ਼ ਕਰ ਕਰ ਦਰਸ਼ਕਾਂ ਨੂੰ ਆਲੋਪ ਹੋ ਰਹੀ ਲੋਕ ਕਲਾ ਤੋਂ ਜਾਣੂੰ ਕਰਵਾਇਆ। ਉਨਾਂ ਆਪਣੀ ਪੇਸ਼ਕਾਰੀ ਕਰਦਿਆਂ ਦਸਿਆ ਕਿ ਉਹ ਛੇ ਪੀੜ੍ਹੀਆਂ ਤੋਂ ਇਸ ਲੋਕ ਕਲਾ ਨੂੰ ਸਮਰਪਿਤ ਹਨ। ਸਾਧੂ ਖਾਂ ਦੇ ਸਾਥੀ ਕਲਾਕਾਰਾਂ ਨੇ ਮਿਆਰੀ ਕਾਮੇਡੀ ਵੀ ਪੇਸ਼ ਕੀਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪੰਜਾਬ ਕਲਾ ਭਵਨ ਵਿਖੇ ਲੋਕ ਕਲਾਵਾਂ ਦੀਆਂ ਪੇਸ਼ਕਾਰੀਆਂ, ਡਾ ਨਿਵੇਦਿਤਾ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਸਾਹਿਤਕ ਗੀਤਾਂ ਨਾਲ ਬੰਨ੍ਹਿਆ ਰੰਗ (ਵੀਡੀਓ ਵੀ ਦੇਖੋ)
ਸਵਾਗਤੀ ਸ਼ਬਦ ਪਰਿਸ਼ਦ ਦੇ ਮੀਡੀਆ ਸਲਾਹਕਾਰ ਨਿੰਦਰ ਘੁਗਿਆਣਵੀ ਨੇ ਆਖੇ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਪਰਧਾਨਗੀ ਕਰਦਿਆਂ ਦਰਸ਼ਕਾਂ ਤੇ ਸਰੋਤਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।ਇਸ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਡਾ ਭੀਮਇੰਦਰ ਸਿੰਘ ਕੋਆਰਡੀਨੇਟਰ ਸ਼ਹੀਦ ਕਰਤਾਰ ਸਿੰਘ ਸਰਾਭਾ ਪੰਜਾਬੀ ਯੂਨਿਵਰਸਿਟੀ ਪਟਿਆਲਾ ਸਨ। ਉਨਾਂ ਆਪਣੇ ਸੰਬੋਧਨ ਵਿਚ ਆਲੋਪ ਹੋ ਰਹੀ ਕਲਾ ਨੂੰ ਜੀਵੰਤ ਰੱਖਣ ਵਾਲੇ ਕਲਾਕਾਰਾਂ ਨੂੰ ਵਧਾਈ ਦਿੱਤੀ। ਸਟੇਜ ਸਕੱਤਰ ਦੇ ਫਰਜ ਹਰਦਿਆਲ ਥੂਹੀ ਨੇ ਨਿਭਾਏ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਪ੍ਰੀਤਮ ਰੁਪਾਲ ਨੇ ਅਗਲੇਰੇ ਪ੍ਰੋਗਰਾਮਾਂ ਬਾਰੇ ਜਾਣੂੰ ਕਰਵਾਇਆ।
ਇਸ ਉਪਰੰਤ ਦੂਸਰੇ ਸੈਸ਼ਨ ਦੇ ਸਮਾਗਮ ਵਿਚ ਵਿਸ਼ੇਸ਼ ਤੌਰ ਉਤੇ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਸ਼ਿਰਕਤ ਕੀਤੀ। ਸਾਹਿਤਕ ਗੀਤਾਂ ਦੀ ਪੇਸ਼ਕਾਰੀ ਡਾ ਨਿਵੇਦਿਤਾ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਤੇ ਗਾਇਕਾ ਨੇ, ਉਨਾਂ ਸ਼ਬਦ, ਸੂਫੀਆਨਾ ਕਲਾਮ ਤੇ ਗਾਇਨ ਦੀਆਂ ਕਈ ਵੰਨਗੀਆਂ ਪੇਸ਼ ਕੀਤੀਆਂ। ਡਾ ਨਿਵੇਦਿਤਾ ਜੀ ਦੇ ਸ਼ਿਸ਼ ਸੰਗੀਤਕਾਰਾਂ ਨੇ ਵੀ ਗਾਇਨ ਪੇਸ਼ ਕੀਤਾ। ਪਰਿਸ਼ਦ ਵਲੋਂ ਉਨਾਂ ਨੂੰ ਕਿਤਾਬਾਂ ਦੇ ਸੈਟ ਭੇਟ ਕਰਕੇ ਸਨਮਾਨਿਆ ਗਿਆ। ਕਹਾਣੀਕਾਰ ਹਰਪ੍ਰੀਤ ਸਿੰਘ ਚਨੂੰ,ਗੁਰਮੀਤ ਪਨਾਗ, ਕਵੀ ਸੁਰਿੰਦਰ ਗਿੱਲ ਤੇ ਮਨਦੀਪ ਸਿੰਘ ਚੰਨ ਹਾਜਰ ਰਹੇ। ਮੰਚ ਸੰਚਾਲਨ ਨਿੰਦਰ ਘੁਗਿਆਣਵੀ ਨੇ ਨਿਭਾਇਆ।