ਬੱਚਿਆਂ ਨੇ ਘਰਾਂ ਵਿੱਚ ਪੁਰਾਣੇ ਬਜ਼ੁਰਗਾਂ ਦੇ ਪਏ ਪੁਰਾਣੇ ਸਮਾਨ ਨੂੰ ਇਕੱਠਾ ਕਰ ਕਾਲਜ 'ਚ ਬਣਾਇਆ ਵਿਰਾਸਤ ਘਰ
- ਕਿਥੇ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਪੁਰਾਣੇ ਜ਼ਮਾਨੇ ਦੀਆਂ ਬਹੁਤ ਸਾਰੀਆਂ ਚੀਜ਼ਾਂ, ਜੋ ਅੱਜ ਹੋ ਗਈਆਂ ਹਨ ਅਲੋਪ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 9 ਫਰਵਰੀ 2023 - ਅੱਜ ਦੇ ਮਸ਼ੀਨੀ ਅਤੇ ਸੋਸ਼ਲ ਮੀਡੀਆ ਦੇ ਦੌਰ ਵਿਚ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨਾਲੋਂ ਵਿਮੁੱਖ ਹੁੰਦੀ ਜਾ ਰਹੀ ਹੈ। ਉਹਨਾਂ ਨੂੰ ਇਹ ਅਹਿਸਾਸ ਨਹੀਂ ਰਿਹਾ ਕਿ ਪੁਰਾਣੇ ਸਮਿਆਂ ਵਿੱਚ ਜਦੋਂ ਸਾਰੇ ਕੰਮ ਹੱਥੀਂ ਕਰਨੇ ਪੈਂਦੇ ਸੀ ਤਾਂ ਜ਼ਿੰਦਗੀ ਕਿਹੋ ਜਿਹੀ ਹੁੰਦੀ ਸੀ।ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਪੰਜਾਬੀ ਸੱਭਿਆਚਾਰ ਅੱਤੇ ਆਪਣੀ ਪੰਜਾਬੀ ਵਿਰਸੇ ਨਾਲ ਜੋੜੇ ਰੱਖਣ ਲਈ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਆਪਣੇ ਪ੍ਰਿੰਸਿਪਲ ਨਿਸ਼ਾਨ ਸਿੰਘ ਦੀ ਪ੍ਰੇਰਣਾ ਸਦਕਾ ਇਕ ਖ਼ਾਸ ਪਹਿਲ ਕਦਮੀ ਕੀਤੀ ਗਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਬੱਚਿਆਂ ਨੇ ਘਰਾਂ ਵਿੱਚ ਪੁਰਾਣੇ ਬਜ਼ੁਰਗਾਂ ਦੇ ਪਏ ਪੁਰਾਣੇ ਸਮਾਨ ਨੂੰ ਇਕੱਠਾ ਕਰ ਕਾਲਜ 'ਚ ਬਣਾਇਆ ਵਿਰਾਸਤ ਘਰ (ਵੀਡੀਓ ਵੀ ਦੇਖੋ)
ਕਾਲਜ ਦੀਆਂ ਬੱਚੀਆਂ ਵੱਲੋਂ ਆਪਣੇ ਘਰਾਂ ਵਿੱਚ ਦਾਦੀਆਂ ਪੜਦਾਦੀਆਂ ਯਾਨਿ ਕਿ ਪੁਰਾਣੇ ਬਜ਼ੁਰਗਾਂ ਦਾ ਪਿਆ ਪੁਰਾਣਾ ਸਮਾਂਨ ਇੱਕ ਜਗ੍ਹਾ ਤੇ ਇਕੱਤਰ ਕਰ ਕਾਲਜ ਵਿਚ ਹੀ ਇਕ ਵਿਰਾਸਤ ਘਰ ਬਣਾਇਆ ਗਿਆ ਹੈ। ਜਿਸ ਨੂੰ ਵੇਖ ਪੁਰਾਣੇ ਸਮੇਂ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਬੱਚਿਆਂ ਦੇ ਇਸ ਵਿਰਾਸਤ ਘਰ ਵਿਚ ਤੁਹਾਨੂੰ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹਰ ਇਕ ਸਮਾਨ ਵੇਖਣ ਨੂੰ ਮਿਲੇਗਾ।
ਪੁਰਾਣੀ ਪੱਥਰ ਵਾਲੀ ਹੱਥ ਨਾਲ ਚੱਲਣ ਵਾਲੀ ਆਟਾ ਚੱਕੀ, ਪੁਰਾਣੇ ਤੋ ਪੁਰਾਣੇ ਸਿੱਕੇ,ਪਿੱਤਲ ਤੇ ਕਾਂਸੇ ਦੇ ਬਰਤਨ, ਪੁਰਾਣੇ ਰਿਕਾਰਡ, ਰੇਡੀਓ ,ਪੁਰਾਨੇ ਲੈਂਪ, ਚਰਖੇ ,ਕੈਮਰੇ ਅਤੇ ਅਜਿਹੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜੋ ਪੁਰਾਣੇ ਲੋਕਾਂ ਨੂੰ ਪੁਰਾਣੇ ਸਮੇਂ ਦੀ ਯਾਦ ਦਿਵਾਉਂਦੀਆਂ ਅਤੇ ਆਉਣ ਵਾਲੀ ਪੀੜੀ ਲਈ ਅਜੂਬੇ ਤੋਂ ਘੱਟ ਨਹੀਂ ਹੋਣਗੀਆਂ। ਇਸ ਵਿਰਾਸਤੀ ਘਰ ਵਿਚ ਆਕੇ ਜਿੱਥੇ ਬੱਚਿਆਂ ਦੇ ਮਾਪਿਆਂ ਨੂੰ ਇਹ ਅਹਿਸਾਸ ਹੋ ਸਕਦਾ ਹੈ ਕਿ ਬਹੁਤ ਜਲਦੀ ਸਮਾਂ ਅਤੇ ਜ਼ਮਾਨੇ ਦੇ ਤੌਰ-ਤਰੀਕੇ ਬਦਲ ਗਏ ਹਨ ਉਥੇ ਹੀ ਕਾਲਜ ਵਿੱਚ ਨਵੇਂ ਆਉਣ ਵਾਲੇ ਵਿਦਿਆਰਥੀਆਂ ਨੂੰ ਇਹ ਪਤਾ ਲੱਗਦਾ ਹੈ ਕਿ ਅੱਜ ਦੇ ਮਸ਼ੀਨੀ ਯੁੱਗ ਤੋਂ ਪਹਿਲਾਂ ਲੋਕਾਂ ਨੂੰ ਜ਼ਿੰਦਗੀ ਜੀਊਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਸੀ।
ਕਾਲਜ ਦੀਆਂ ਵਿਦਿਆਰਥਣਾਂ ਸੁਪਰੀਆ ਕੋਰ ਤੇ ਨਵਜੋਤ ਕੌਰ ਨੇ ਦੱਸਿਆ ਕਿ ਕਾਲਜ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਉਹ ਵਿਰਾਸਤ ਘਰ ਵਿਚ ਰਖੀਆਂ ਕਈ ਪੁਰਾਣੀਆਂ ਚੀਜ਼ਾਂ ਪ੍ਰਤੀ ਅਨਾਜਾਣ ਸਨ। ਇਥੇ ਅਜਿਹੀਆਂ ਚੀਜ਼ਾਂ ਵੇਖ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਹਿਲਾਂ ਇਹ ਵੀ ਜੀਵਨ ਦਾ ਹਿੱਸਾ ਸਨ। ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਇਹ ਸਮਾਨ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਲੈ ਕੇ ਇਸ ਵਿਰਾਸਤ ਘਰ ਵਿੱਚ ਸੰਜੋ ਕੇ ਰਖਿਆ ਹੈ ਤਾਂ ਜੋ ਆਉਣ ਵਾਲੇ ਬੱਚੇ ਵੀ ਇਨ੍ਹਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ।