ਰੇਲਵੇ ਲਾਈਨ ਥੱਲਿਓਂ ਪਾਈਪ ਲੰਘਾਉਣ ਲਈ ਕਿਸਾਨਾਂ ਨੇ ਲਗਾਇਆਂ ਰੇਲ ਲਾਈਨ ਤੇ ਅਣਮਿੱਥੇ ਸਮੇਂ ਲਈ ਧਰਨਾ
--ਰੇਲਵੇ ਵਿਭਾਗ ਕਹਿ ਰਿਹਾ ਹੈ 1 ਕਰੋੜ 24 ਲੱਖ ਰੁਪਏ ਭਰਨ ਲਈ
--ਇੰਨੀ ਵੱਡੀ ਰਕਮ ਭਰਨ ਤੋਂ ਕਿਸਾਨ ਜਤਾ ਰਹੇ ਹਨ ਅਸਮਰੱਥਤਾ
ਮਾਨਸਾ, 9 ਫਰਵਰੀ 2023 - ਮਾਨਸਾ ਦੇ ਦੋ ਪਿੰਡਾਂ ਖੋਖਰ ਖੁਰਦ ਅਤੇ ਖੋਖਰ ਕਲਾਂ ਦੇ ਨਹਿਰੀ ਪਾਣੀ ਵਾਲੇ ਮੋਘੇ ਅਲੱਗ-ਅਲੱਗ ਕਰ ਦੇਣ ਤੇ ਖੋਖਰ ਖੁਰਦ ਦੇ ਕਿਸਾਨਾਂ ਨੂੰ ਰੇਲਵੇ ਲਾਈਨ ਥੱਲਿਓਂ ਪਾਈਪ ਲੰਘਾਉਣ ਲਈ ਰੇਲਵੇ ਵਿਭਾਗ ਵੱਲੋਂ 1 ਕਰੋੜ 24 ਲੱਖ ਰੁਪਏ ਭਰਨ ਲਈ ਕਿਹਾ ਗਿਆ ਹੈ। ਕਿਸਾਨ ਇੰਨੀ ਵੱਡੀ ਰਕਮ ਭਰਨ ਤੋਂ ਅਸਮਰੱਥਤਾ ਪ੍ਰਗਟ ਕਰਦੇ ਹੋਏ ਇਸ ਰਕਮ ਨੂੰ ਮੁਆਫ ਕਰਨ ਜਾਂ ਫਿਰ ਸਰਕਾਰ ਨੂੰ ਭਰਨ ਦੀ ਗੁਹਾਰ ਲਗਾ ਰਹੇ ਹਨ, ਪਰ ਕੋਈ ਸੁਣਵਾਈ ਨਾ ਹੋਣ ਤੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਰੇਲ ਲਾਈਨਾਂ ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾਕੇ ਰੇਲ ਆਵਾਜਾਈ ਠੱਪ ਕਰਕੇ ਪ੍ਰਦਰਸ਼ਨ ਕੀਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਰੇਲਵੇ ਲਾਈਨ ਥੱਲਿਓਂ ਪਾਈਪ ਲੰਘਾਉਣ ਲਈ ਕਿਸਾਨਾਂ ਨੇ ਲਗਾਇਆਂ ਰੇਲ ਲਾਈਨ ਤੇ ਅਣਮਿੱਥੇ ਸਮੇਂ ਲਈ ਧਰਨਾ (ਵੀਡੀਓ ਵੀ ਦੇਖੋ)
ਮਾਨਸਾ ਦੇ ਨਹਿਰੀ ਵਿਭਾਗ ਨੇ ਖੋਖਰ ਖੁਰਦ ਅਤੇ ਖੋਖਰ ਕਲਾਂ ਦੇ ਨਹਿਰੀ ਪਾਣੀ ਵਾਲੇ ਮੋਘੇ ਅਲੱਗ ਅਲੱਗ ਕਰ ਦਿੱਤੇ ਤੇ ਪਹਿਲਾਂ ਵਾਲਾ ਮੋਘਾ ਖੋਖਰ ਕਲਾਂ ਦੇ ਹਿੱਸੇ ਆਇਆ, ਪਰ ਪਿੰਡ ਖੋਖਰ ਖੁਰਦ ਦੇ ਕਿਸਾਨਾਂ ਨੇ ਰੇਲਵੇ ਲਾਈਨ ਥੱਲਿਓਂ ਪਾਈਪ ਲੰਘਾਉਣ ਲਈ ਮੰਜ਼ੂਰੀ ਮੰਗੀ ਤਾਂ ਰੇਲਵੇ ਵਿਭਾਗ ਵੱਲੋਂ 1 ਕਰੋੜ 24 ਲੱਖ ਰੁਪਏ ਭਰਨ ਲਈ ਕਿਹਾ ਗਿਆ ਹੈ, ਜਿਸ ਕਾਰਨ ਮੋਘਾ ਨਾ ਖੁੱਲਣ ਤੇ ਪਿੰਡ ਖੋਖਰ ਖੁਰਦ ਦੀ 976 ਏਕੜ ਜ਼ਮੀਨ ਤੇ ਬਿਜਾਈ ਪ੍ਰਭਾਵਿਤ ਹੋ ਰਹੀ ਹੈ। ਜਿਸਦਾ ਵਿਰੋਧ ਕਰਦਿਆਂ ਕਿਸਾਨਾਂ ਵੱਲੋਂ ਕਈ ਵਾਰ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ, ਪਰ ਕੋਈ ਸੁਣਵਾਈ ਨਾ ਹੋਣ ਤੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਖੋਖਰ ਕਲਾਂ ਨੇੜੇ ਰੇਲ ਲਾਈਨ ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ ਅਤੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਬੀਕੇਯੂ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਜਗਸੀਰ ਸਿੰਘ ਅਤੇ ਉੱਤਮ ਸਿੰਘ ਨੇ ਕਿਹਾ ਕਿ ਪਿੰਡ ਖੋਖਰ ਖੁਰਦ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਰੇਲਵੇ ਲਾਈਨ ਦੇ ਨਿੱਚਿਓਂ ਪਾਈਪ ਪਾਈ ਜਾਣੀ ਹੈ ਜਿਸ ਲਈ ਪਿੰਡ ਵਾਸੀਆਂ ਨੇ ਰੇਲਵੇ ਵਿਭਾਗ ਤੋਂ ਇਸਦੀ ਮੰਜੂਰੀ ਲੈ ਲਈ ਹੈ ਤੇ ਰੇਲਵੇ ਵਿਭਾਗ ਵੱਲੋਂ ਕਿਸਾਨਾਂ ਨੂੰ 1 ਕਰੋੜ 24 ਲੱਖ ਰੁਪਏ ਭਰਨ ਲਈ ਕਿਹਾ ਗਿਆ ਹੈ, ਪਰ ਕਿਸਾਨ ਇੰਨੀ ਵੱਡੀ ਰਕਮ ਭਰਨ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਕਈ ਵਾਰ ਧਰਨਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਹਾਲੇ ਤੱਕ ਇਸ ਮਸਲੇ ਦਾ ਹੱਲ ਨਹੀਂ ਕੀਤਾ, ਜਿਸ ਕਾਰਨ ਅੱਜ ਅਣਮਿੱਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਦਾ ਹੱਲ ਨਹੀਂ ਹੁੰਦਾ, ਇਹ ਧਰਨਾ ਜਾਰੀ ਰਹੇਗਾ।