'ਆਪ' ਦੀ ਭ੍ਰਿਸ਼ਟਾਚਾਰ ਵਿਰੁੱਧ 'ਜ਼ੀਰੋ ਟੋਲਰੈਂਸ ਨੀਤੀ', ਕੋਈ ਵੀ ਭ੍ਰਿਸ਼ਟਾਚਾਰੀ ਬਖ਼ਸ਼ਿਆ ਨਹੀਂ ਜਾਵੇਗਾ: ਮਲਵਿੰਦਰ ਕੰਗ
- ਕਿਹਾ, 'ਆਪ' ਨੇ ਆਪਣੇ ਹੀ ਭ੍ਰਿਸ਼ਟ ਨੇਤਾਵਾਂ ਨੂੰ ਬਾਹਰ ਕੱਢ ਰਾਜਨੀਤੀ ਦੇ ਨਵੇਂ ਅਤੇ ਪਾਰਦਰਸ਼ੀ ਯੁੱਗ ਦੀ ਕੀਤੀ ਸ਼ੁਰੂਆਤ
- ਕੰਗ ਦੀ ਵਿਰੋਧੀਆਂ ਨੂੰ ਚੁਣੌਤੀ: ਇੱਕ ਵੀ ਅਜਿਹੀ ਉਦਾਹਰਣ ਦੇਣ ਜਦੋਂ ਇਨ੍ਹਾਂ ਨੇ ਆਪਣੇ ਭ੍ਰਿਸ਼ਟ ਆਗੂਆਂ ਖ਼ਿਲਾਫ਼ ਕੀਤੀ ਹੋਵੇ ਕਾਰਵਾਈ
- ਕਿਹਾ, ਬਿਕਰਮ ਮਜੀਠੀਆ, ਜਿਨ੍ਹਾਂ 'ਤੇ ਖੁਦ ਨਸ਼ਾ ਤਸਕਰੀ ਦੇ ਦੋਸ਼, ਉਨ੍ਹਾਂ ਦਾ 'ਆਪ' 'ਤੇ ਸਵਾਲ ਖੜ੍ਹੇ ਕਰਨਾ ਹਾਸੋਹੀਣਾ
- ਪੰਜਾਬ ਵਿੱਚ ਹੁਣ ਸਹੀ ਮਾਅਨਿਆਂ 'ਚ ਲੋਕਤੰਤਰ, ਭ੍ਰਿਸ਼ਟ ਅਤੇ ਤਾਨਾਸ਼ਾਹ ਸ਼ਾਸਨ ਹੋਇਆ ਖ਼ਤਮ: ਕੰਗ
ਚੰਡੀਗੜ੍ਹ, ਫਰਵਰੀ 17, 2023 - ਆਮ ਆਦਮੀ ਪਾਰਟੀ (ਆਪ) ਨੇ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਹੈ। ਭ੍ਰਿਸ਼ਟਾਚਾਰ ਵਿੱਚ ਸ਼ਾਮਲ ਕਿਸੇ ਵੀ ਅਧਿਕਾਰੀ ਜਾਂ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
'ਆਪ' ਦੀ ਭ੍ਰਿਸ਼ਟਾਚਾਰ ਵਿਰੁੱਧ 'ਜ਼ੀਰੋ ਟੋਲਰੈਂਸ ਨੀਤੀ', ਕੋਈ ਵੀ ਭ੍ਰਿਸ਼ਟਾਚਾਰੀ ਬਖ਼ਸ਼ਿਆ ਨਹੀਂ ਜਾਵੇਗਾ: ਮਲਵਿੰਦਰ ਕੰਗ (ਵੀਡੀਓ ਵੀ ਦੇਖੋ)
ਮੀਡੀਆ ਨੂੰ ਇੱਕ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ 'ਤੇ ਚਲਦਿਆਂ ਭ੍ਰਿਸ਼ਟਾਚਾਰ ਵਿੱਚ ਲਿਪਤ ਆਪਣੀ ਹੀ ਪਾਰਟੀ ਦੇ ਆਗੂਆਂ ਵਿਰੁੱਧ ਵੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ, "ਭਾਵੇਂ ਉਹ ਸਾਡਾ ਆਪਣਾ ਮੰਤਰੀ ਜਾਂ ਵਿਧਾਇਕ ਹੋਵੇ, ਭ੍ਰਿਸ਼ਟਾਚਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।"
'ਆਪ' ਸਰਕਾਰ ਦੇ ਕੰਮਕਾਜ 'ਤੇ ਉਂਗਲ ਉਠਾਉਣ ਲਈ ਵਿਰੋਧੀ ਧਿਰ 'ਤੇ ਹਮਲਾ ਕਰਦਿਆਂ ਕੰਗ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਆਪਣੇ ਸ਼ਾਸਨ ਦੌਰਾਨ ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਸਰਪ੍ਰਸਤੀ ਦਿੱਤੀ ਸੀ ਪਰ 'ਆਪ' ਸਰਕਾਰ ਇਸ ਰਿਵਾਇਤ ਨੂੰ ਖ਼ਤਮ ਕਰ ਰਹੀ ਹੈ।
ਅਕਾਲੀ ਆਗੂ ਬਿਕਰਮ ਮਜੀਠੀਆ 'ਤੇ ਨਿਸ਼ਾਨਾ ਸਾਧਦਿਆਂ ਕੰਗ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਮਜੀਠੀਆ, ਜੋ ਖੁਦ ਨਸ਼ਾ ਤਸਕਰੀ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ, ਭ੍ਰਿਸ਼ਟਾਚਾਰ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਕੋਲ ਤਾਂ 'ਆਪ' ਸਰਕਾਰ 'ਤੇ ਸਵਾਲ ਚੁੱਕਣ ਦਾ ਕੋਈ ਨੈਤਿਕ ਆਧਾਰ ਵੀ ਨਹੀਂ ਹੈ।
ਕੰਗ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 'ਤੇ ਵੀ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ 'ਚੋਂ ਲਾਂਭੇ ਹੋਏ ਬਾਜਵਾ ਸਿਰਫ ਆਪਣਾ ਸਿਆਸੀ ਕੈਰੀਅਰ ਬਚਾਉਣ ਲਈ ਸਰਕਾਰ 'ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਕੰਗ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਉਹ ਇੱਕ ਵੀ ਅਜਿਹੀ ਉਦਾਹਰਣ ਦੇਣ ਜਿੱਥੇ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਪਣੇ ਕਿਸੇ ਮੰਤਰੀਆਂ/ਨੇਤਾਵਾਂ ਖ਼ਿਲਾਫ਼ ਕਾਰਵਾਈ ਕੀਤੀ ਹੋਵੇ।