ਭਾਈ ਵੀਰ ਸਿੰਘ ਯੁੱਗ ਪਲਟਾਊ ਸ਼ਖ਼ਸੀਅਤ - ਕੁਲਤਾਰ ਸਿੰਘ ਸੰਧਵਾਂ
- ਸਪੀਕਰ ਵੱਲੋਂ ਬੱਚਿਆਂ ਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਤੇ ਅਮੀਰ ਵਿਰਸੇ ਨਾਲ ਜੋੜਨ ਲਈ ਪੁਸਤਕ ਸੱਭਿਆਚਾਰ ਦਾ ਹਿੱਸਾ ਬਣਾਉਣ ਦੀ ਲੋੜ 'ਤੇ ਜ਼ੋਰ
- ਭਾਈ ਵੀਰ ਸਿੰਘ ਦੀ 150ਵੀਂ ਜਨਮ ਵਰ੍ਹਗੰਢ ਨੂੰ ਸਮਰਪਿਤ ਤਿੰਨ ਰੋਜ਼ਾ ਕਾਨਫ਼ਰੰਸ ਸਮਾਪਤ
ਪਟਿਆਲਾ, 17 ਫਰਵਰੀ 2023 - ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤ ਤੇ ਇਤਿਹਾਸ ਨਾਲ ਜੋੜਨ ਲਈ ਪੁਸਤਕ ਸੱਭਿਆਚਾਰ ਦਾ ਹਿੱਸਾ ਬਨਾਉਣ ਲਈ ਹੰਭਲੇ ਮਾਰਨੇ ਚਾਹੀਦੇ ਹਨ। ਸਪੀਕਰ ਸੰਧਵਾਂ ਪੰਜਾਬੀ ਯੂਨੀਵਰਸਿਟੀ ਦੀ ਭਾਈ ਵੀਰ ਸਿੰਘ ਚੇਅਰ ਵੱਲੋਂ ਭਾਈ ਵੀਰ ਸਿੰਘ ਦੀ 150ਵੀਂ ਜਨਮ ਵਰ੍ਹੇਗੱਢ ਨੂੰ ਸਮਰਪਿਤ ਕਰਵਾਈ ਗਈ ਪਹਿਲੀ ਵਿਸ਼ਵ ਕਾਨਫਰੰਸ ਦੀ ਸਪਾਪਤੀ ਮੌਕੇ ਵਿਦਾਇਗੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਭਾਈ ਵੀਰ ਸਿੰਘ ਯੁੱਗ ਪਲਟਾਊ ਸ਼ਖ਼ਸੀਅਤ - ਕੁਲਤਾਰ ਸਿੰਘ ਸੰਧਵਾਂ (ਵੀਡੀਓ ਵੀ ਦੇਖੋ)
ਭਾਈ ਵੀਰ ਸਿੰਘ ਨੂੰ ਇੱਕ ਯੁੱਗ ਪਲਟਾਊ ਸ਼ਖ਼ਸੀਅਤ ਦੱਸਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੌਮਾਂ, ਸੰਸਥਾਵਾਂ ਨਾਲ ਪਛਾਣੀਆਂ ਹਨ, ਭਾਈ ਵੀਰ ਸਿੰਘ ਵੱਲੋਂ ਬਣਾਈਆਂ ਸੰਸਥਾਵਾਂ ਸਾਨੂੰ ਕੌਮੀ ਅਹਿਸਾਸ ਕਰਵਾਉਂਦੀਆਂ ਹਨ, ਕਿਉਂਕਿ ਸੰਸਥਾਵਾਂ ਬਣਾਉਣ ਵਾਲੇ ਕੌਮ ਦੇ ਉਸਰੱਈਏ ਹੁੰਦੇ ਹਨ।
ਭਾਈ ਵੀਰ ਸਿੰਘ ਨੂੰ ਟਾਲਸਟਾਏ ਤੇ ਸ਼ੈਕਸਪੀਅਰ ਵਰਗੇ ਸਾਹਿਤਕਾਰਾਂ ਦੇ ਬਰਾਬਰ ਦੱਸਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਚਪਨ ਵਿੱਚ ਪੜ੍ਹੇ ਭਾਈ ਵੀਰ ਸਿੰਘ ਦੇ ਨਾਵਲ ਸੁੰਦਰੀ ਅਤੇ ਵਿਜੈ ਸਿੰਘ ਦਾ ਉਨ੍ਹਾਂ ਉਪਰ ਡੂੰਘਾ ਪ੍ਰਭਾਵ ਪਿਆ ਸੀ। ਸਪੀਕਰ ਨੇ, ''ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ-ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਵੰਨੇ ਵੰਨੀ'', ਦਾ ਜਿਕਰ ਕਰਦਿਆਂ ਕਿਹਾ ਕਿ ਭਾਈ ਵੀਰ ਸਿੰਘ ਨੂੰ ਪੜ੍ਹਨਾ ਮਹਾਨ ਅਨੁਭਵ ਹੈ।
ਭਾਈ ਵੀਰ ਸਿੰਘ ਚੇਅਰ ਵੱਲੋਂ ਕਰਵਾਈ ਇਸ ਤਿੰਨ ਰੋਜ਼ਾ ਵਿਸ਼ਵ ਕਾਨਫਰੰਸ ਦੀ ਸ਼ਲਾਘਾ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਸਾਡੇ ਮਾਣਮੱਤੇ ਇਤਿਹਾਸ ਦੇ ਮੀਲ ਪੱਥਰ ਭਾਈ ਵੀਰ ਸਿੰਘ ਬਾਰੇ ਪਹਿਲੀ ਵਿਸ਼ਵ ਕਾਨਫਰੰਸ ਕਰਵਾ ਕੇ ਪੰਜਾਬੀ ਯੂਨੀਵਰਸਿਟੀ ਨੇ ਆਪਣਾ ਫ਼ਰਜ ਬਾਖ਼ੂਬੀ ਨਿਭਾਇਆ ਹੈ।
ਸਮਾਪਤੀ ਦੌਰਾਨ ਤੀਜੇ ਦਿਨ ਦੋ ਸ਼ੈਸ਼ਨਾਂ 'ਚੋਂ ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਡਾ. ਰਤਨ ਸਿੰਘ ਜੱਗੀ ਨੇ ਕੀਤੀ ਅਤੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਕੇਂਦਰ ਦੇ ਮੁਖੀ ਡਾ. ਬਲਕਾਰ ਸਿੰਘ ਨੇ ਕੀਤੀ। ਇਸ ਮੌਕੇ ਭਾਈ ਵੀਰ ਸਿੰਘ ਚੇਅਰ ਦੇ ਮੁਖੀ ਡਾ. ਹਰਜੋਧ ਸਿੰਘ, ਉੱਘੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ, ਜਤਿੰਦਰਵੀਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਡੀਨ ਗੁਰਪ੍ਰੀਤ ਸਿੰਘ ਲਹਿਲ ਤੇ ਏ.ਕੇ. ਤਿਵਾੜੀ ਨੇ ਧੰਨਵਾਦ ਕੀਤਾ ।ਇਸ ਦੌਰਾਨ ਡਾ. ਗੁਰਮੇਲ ਸਿੰਘ, ਡਾ. ਬਲਜੀਤ ਕੌਰ, ਡਾ. ਜਸਪਾਲ ਕੌਰ ਕਾਂਗ, ਇੰਗਲੈਂਡ ਤੋਂ ਸਾਹਿਤਕਾਰ ਡਾ. ਕਰਨੈਲ ਸ਼ੇਰਗਿੱਲ, ਪ੍ਰੋ. ਅਮਰਜੀਤ ਸਿੰਘ, ਡਾ. ਗੁਰਨਾਇਬ ਸਿੰਘ, ਡਾ. ਪਰਮਵੀਰ ਸਿੰਘ, ਡਾ. ਭੁਲਿੰਦਰ ਸਿੰਘ, ਡਾ. ਰਾਜਿੰਦਰ ਸਿੰਘ ਢੀਂਡਸਾ ਅਤੇ ਹੋਰ ਵਿਦਵਾਨ ਮੌਜੂਦ ਸਨ।