ਰਿਸ਼ਵਤ ਮਾਮਲਾ : ਵਿਜੀਲੈਂਸ ਨੂੰ ਮਿਲਿਆ ਵਿਧਾਇਕ ਅਮਿਤ ਰਤਨ ਦਾ ਪੰਜ ਦਿਨ ਦਾ ਰਿਮਾਂਡ
ਅਸ਼ੋਕ ਵਰਮਾ
ਬਠਿੰਡਾ ,23ਫਰਵਰੀ2023: ਬਠਿੰਡਾ ਜਿਲ੍ਹੇ ਦੇ ਪਿੰਡ ਘੁੱਦਾ ਦੀ ਲੇਡੀ ਸਰਪੰਚ ਸੀਮਾ ਰਾਣੀ ਦੇ ਪਤੀ ਤੋਂ ਕਥਿਤ ਤੌਰ ‘ਤੇ 4 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਨੂੰ ਬਠਿੰਡਾ ਦੀ ਅਦਾਲਤ ਨੇ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਵਿਧਾਇਕ ਦੇ ਕਰੀਬੀ ਦੱਸੇ ਜਾ ਰਹੇ ਰਿਸ਼ਮ ਗਰਗ ਦਾ ਪੁਲਿਸ ਰਿਮਾਂਡ ਵਿੱਚ ਵੀ ਇੱਕ ਦਿਨ ਹੋਰ ਵਧਾਇਆ ਗਿਆ ਹੈ। ਮਾਮਲੇ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਵਿਜਿਲੈਂਸ ਜਦ ਵਿਧਾਇਕ ਅਮਿਤ ਰਤਨ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਈ ਤਾਂ ਵਿਧਾਇਕ ਨੇ ਅੱਜ ਪੱਗ ਨਹੀ ਬੰਨੀ ਹੋਈ ਸੀ ਜਦੋਂ ਕਿ ਆਮ ਦਿਨਾਂ ਦੌਰਾਨ ਉਹ ਪੱਗ ਬੰਨ੍ਹ ਕੇ ਰੱਖਦੇ ਹਨ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਰਿਸ਼ਵਤ ਮਾਮਲੇ ਵਿੱਚ ਗ੍ਰਿਫਤਾਰ ਵਿਧਾਇਕ ਅਮਿਤ ਰਤਨ ਨੂੰ ਭੇਜਿਆ 27 ਫਰਵਰੀ ਤੱਕ ਵਿਜੀਲੈਂਸ ਰਿਮਾਂਡ 'ਤੇ (ਵੀਡੀਓ ਵੀ ਦੇਖੋ)
ਵੇਰਵਿਆਂ ਮੁਤਾਬਿਕ ਵਿਜੀਲੈਂਸ ਨੇ ਵਿਧਾਇਕ ਅਮਿਤ ਰਤਨ ਨੂੰ ਰਾਜਪੁਰਾ ਨੇੜਿਓਂ ਗ੍ਰਿਫਤਾਰ ਕੀਤਾ ਹੈ । ਗ੍ਰਿਫਤਾਰੀ ਮਗਰੋਂ ਬਠਿੰਡਾ ਲੈ ਕੇ ਪੁੱਜੀ ਟੀਮ ਨੇ ਕਈ ਘੰਟੇ ਲਗਾਤਾਰ ਪੁੱਛਗਿੱਛ ਕਰਨ ਮਗਰੋਂ ਵਿਧਾਇਕ ਨੂੰ ਅਦਾਲਤ ਵਿੱਚ ਪੇਸ਼ ਕੀਤਾ । ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਅਮਿਤ ਰਤਨ ਦਾ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ, ਜਦੋਂਕਿ ਰਿਸ਼ਮ ਗਰਗ ਦਾ ਇੱਕ ਦਿਨ ਦਾ ਹੋਰ ਪੁਲਿਸ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਉਹਨਾਂ ਦੋਵਾਂ ਤੋਂ ਇਸ ਮਾਮਲੇ ਸਬੰਧੀ ਪੜਤਾਲ ਕਰੇਗੀ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਦੱਸਣਯੋਗ ਹੈ ਕਿ ਵਿਧਾਇਕ ਦੇ ਨਜ਼ਦੀਕੀ ਰਿਸ਼ਮ ਗਰਗ ਨੂੰ ਪਿੰਡ ਘੁੱਦਾ ਦੇ ਸਰਪੰਚ ਦੇ ਪਤੀ ਕੋਲੋਂ 4 ਲੱਖ ਰੁਪਏ ਰਿਸ਼ਵਤ ਲੈਂਦਿਆਂ ਬਠਿੰਡਾ ਸਰਕਟ ਹਾਊਸ ਵਿੱਚੋਂ ਗਿਰਫਤਾਰ ਕੀਤਾ ਸੀ । ਰਿਸ਼ਮ ਦੀ ਗ੍ਰਿਫਤਾਰੀ ਵੇਲੇ ਵਿਧਾਇਕ ਵੀ ਉੱਥੇ ਹੀ ਮੌਜੂਦ ਸੀ ਪਰ ਉਸ ਵੇਲੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਵਿਧਾਇਕ ਦੀ ਇਸ ਮਾਮਲੇ ਵਿੱਚ ਗ੍ਰਿਫਤਾਰੀ ਨਾ ਹੋਣ ਕਰਕੇ ਵਿਰੋਧੀ ਧਿਰਾਂ ਵੱਲੋਂ ਸਰਕਾਰ ‘ਤੇ ਲਗਾਤਾਰ ਨਿਸ਼ਾਨੇ ਵਿਨ੍ਹੇ ਜਾ ਰਹੇ ਸੀ। ਖਾਸ ਕਰਕੇ ਕਾਂਗਰਸ ਦੇ ਬਠਿੰਡਾ ਦਿਹਾਤੀ ਹਲਕਾ ਇੰਚਾਰਜ ਰਵਿੰਦਰ ਸਿੰਘ ਲਾਡੀ ਨੇ 23 ਤਰੀਕ ਨੂੰ ਧਰਨੇ ਦਾ ਐਲਾਨ ਕੀਤਾ ਸੀ। ਉਹਨਾਂ ਸਪਸ਼ਟ ਕੀਤਾ ਸੀ ਕਿ ਸਰਕਾਰ ਵਧਾਇਕ ਹੋਣ ਦੇ ਨਾਤੇ ਅਮਿਤ ਰਤਨ ਨੂੰ ਬਚਾ ਰਹੀ ਹੈ ਇਸ ਲਈ ਉਹ ਆਪਣੇ ਸਾਥੀਆਂ ਸਮੇਤ ਵਿਜੀਲੈਂਸ ਦਫ਼ਤਰ ਅੱਗੇ ਰੋਸ ਧਰਨਾ ਦੇਣਗੇ। ਇਸ ਤੋਂ ਅਲਾਵਾ ਬਠਿੰਡਾ ਦਿਹਾਤੀ ਹਲਕੇ ਨਾਲ ਸਬੰਧਤ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਵਿਧਾਇਕਾਂ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਸੀ।
ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਮਾਮਲੇ ਦੌਰਾਨ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਵਿੱਚ ਪੈਸਿਆਂ ਦੇ ਲੈਣ ਦੇਣ ਦੀ ਗੱਲ ਕੀਤੀ ਜਾ ਰਹੀ ਸੀ। ਵਿਜੀਲੈਂਸ ਨੇ ਆਡੀਓ ਨੂੰ ਕੇਸ ਦਾ ਹਿੱਸਾ ਬਣਾਉਂਦਿਆਂ ਜਾਂਚ ਲਈ ਫਰਾਂਸਿਕ ਲੈਬ ਵਿੱਚ ਭੇਜਿਆ ਸੀ ਜਿੱਥੇ ਵਿਧਾਇਕ ਦੀ ਆਵਾਜ਼ ਦੀ ਪਹਿਚਾਣ ਕੀਤੇ ਜਾਣ ਬਾਰੇ ਪਤਾ ਲੱਗਿਆ ਹੈ । ਇਸ ਮਗਰੋਂ ਵਿਜੀਲੈਂਸ ਨੇ ਉੱਚ ਅਫਸਰਾਂ ਤੋਂ ਮਿਲੀ ਪ੍ਰਵਾਨਗੀ ਤਹਿਤ ਵਿਧਾਇਕ ਅਮਿਤ ਰਤਨ ਨੂੰ ਰਾਜਪੁਰਾ ਨੇੜਿਓਂ ਗ੍ਰਿਫਤਾਰ ਕਰ ਲਿਆ ਸੀ। ਮਾਣਯੋਗ ਅਦਾਲਤ ਨੇ ਅੱਜ ਵਿਧਾਇਕ ਰਤਨ ਨੂੰ 5 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਜਦੋਂਕਿ ਵਿਧਾਇਕ ਦੇ ਕਰੀਬੀ ਦਾ ਇੱਕ ਦਿਨ ਦਾ ਹੋਰ ਪੁਲਿਸ ਰਿਮਾਂਡ ਵਧਾ ਦਿੱਤਾ ਹੈ।
ਅਦਾਲਤ ‘ਤੇ ਪੂਰਾ ਭਰੋਸਾ:ਅਮਿਤ ਰਤਨ
ਪੇਸ਼ੀ ਮਗਰੋਂ ਵਾਪਿਸ ਲਿਜਾਣ ਵੇਲੇ ਅਮਿਤ ਰਤਨ ਨੇ ਇਸ ਨੂੰ ਵਿਰੋਧੀਆਂ ਦੀਆਂ ਚਾਲਾਂ ਕਰਾਰ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਨਿਆਂ ਪਾਲਿਕਾ ‘ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਪੂਰਾ ਇਨਸਾਫ ਮਿਲੇਗਾ।