ਅੰਮ੍ਰਿਤਪਾਲ ਸਿੰਘ ਦੇ ਕਰੀਬੀ ਲਵਪ੍ਰੀਤ ਤੂਫਾਨ ਨੂੰ ਰਿਹਾਅ ਕਰਨ ਬਾਰੇ ਪੁਲਿਸ ਨੇ ਲਿਆ ਇਹ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
(ਵੇਖੋ ਵੀਡੀਓ)
ਅੰਮ੍ਰਿਤਸਰ, 23 ਫਰਵਰੀ 2023- ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਲਵਪ੍ਰੀਤ ਤੂਫਾਨ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ, ਅੱਜ ਅਮ੍ਰਿਤਪਾਲ ਦੇ ਹਜ਼ਾਰਾਂ ਸਮਰਥਕਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਜਿਥੇ ਪੁਲਿਸ ਥਾਣੇ ਦੇ ਬਾਹਰ ਲਾਏ ਬੈਰੀਕੇਡ ਤੋੜ ਦਿੱਤੇ, ਉਥੇ ਹੀ ਦੂਜੇ ਪਾਸੇ ਪੁਲਿਸ ਦੇ ਨਾਲ ਵੀ ਤਿੱਖੀ ਝੜਪ ਹੋ ਗਈ। ਅਮ੍ਰਿਤਪਾਲ ਦੇ ਸਮਰਥਕ ਥਾਣੇ ਦੇ ਅੰਦਰ ਵੜ ਕੇ ਥਾਣੇ ਦੀਆਂ ਛੱਤਾਂ ਤੇ ਚੜ ਗਏ। ਏਐਨਆਈ ਦੀ ਰਿਪੋਰਟ ਮੁਤਾਬਿਕ, ਐਸਐਸਪੀ ਨੇ ਕਿਹਾ, "ਸਾਡੇ ਸਾਹਮਣੇ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ ਤੇ ਲਵਪ੍ਰੀਤ ਤੂਫਾਨ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ। ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ।"
ਉਨ੍ਹਾਂ ਨੇ ਇਸ ਗੱਲ ਦੇ ਪੁਖਤਾ ਸਬੂਤ ਦਿੱਤੇ ਹਨ ਕਿ ਉਹ (ਨਜ਼ਰਬੰਦ ਲਵਪ੍ਰੀਤ ਤੂਫਾਨ) ਬੇਕਸੂਰ ਹੈ। ਇਸ ਮਾਮਲੇ 'ਤੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਹਰਪਾਲ ਸਿੰਘ ਬਲੇਰ ਨੇ ਕਿਹਾ, 'ਅਸੀਂ ਪ੍ਰਸ਼ਾਸਨ ਨਾਲ ਗੱਲ ਕਰਨ ਆਏ ਸੀ ਕਿ ਲਵਪ੍ਰੀਤ ਤੂਫਾਨ ਖਿਲਾਫ ਐੱਫ.ਆਈ.ਆਰ. ਜਿਸ ਵਿਚ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਸ਼ਾਮਲ ਹੈ, ਉਹ ਝੂਠੀ ਐਫ਼ਆਈਆਰ ਹੈ ਅਤੇ ਉਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਪੁਲਿਸ ਪ੍ਰਸ਼ਾਸਨ ਨੇ ਸਵੀਕਾਰ ਕੀਤਾ ਕਿ ਲਵਪ੍ਰੀਤ ਉਕਤ ਘਟਨਾ ਵਿਚ ਸ਼ਾਮਲ ਨਹੀਂ ਸੀ, ਇਸ ਲਈ ਉਸਨੂੰ ਕੱਲ੍ਹ ਰਿਹਾਅ ਕਰ ਦੇਣਗੇ ਅਤੇ ਐਫਆਈਆਰ ਰੱਦ ਕਰ ਦੇਣਗੇ।
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ," ਕਿ ਐਫਆਈਆਰ ਸਿਰਫ਼ ਸਿਆਸੀ ਮਕਸਦ ਨਾਲ ਦਰਜ ਕੀਤੀ ਗਈ ਹੈ। ਜੇਕਰ ਉਨ੍ਹਾਂ ਨੇ 1 ਘੰਟੇ ਵਿੱਚ ਕੇਸ ਰੱਦ ਨਹੀਂ ਕੀਤਾ ਤਾਂ ਅੱਗੇ ਜੋ ਵੀ ਹੋਵੇਗਾ, ਉਸ ਲਈ ਪ੍ਰਸਾਸ਼ਨ ਜ਼ਿੰਮੇਵਾਰ ਹੋਵੇਗਾ।" ਅਮ੍ਰਿਤਪਾਲ ਨੇ ਦਾਅਵਾ ਕੀਤਾ ਕਿ, "ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਕਿ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਹੈ। ਸੱਚਾਈ ਇਹ ਹੈ ਕਿ ਉਹ ਡਿੱਗਣ ਤੋਂ ਬਾਅਦ ਜ਼ਖਮੀ ਹੋਇਆ ਹੈ। ਅਸਲ ਵਿੱਚ ਸਾਡੇ 10-12 ਲੋਕਾਂ ਨੂੰ ਸੱਟਾਂ ਲੱਗੀਆਂ ਹਨ।