ਨਰਸੀ ਮੋਂਜੀ ਹਾਫ਼ ਮੈਰਾਥਨ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੌੜ ਕਰਵਾਈ, ਪੁਰਸ਼ਾਂ ਵਿੱਚ ਅੰਦੀਸ਼ ਚੰਦੇਲ ਤੇ ਔਰਤਾਂ 'ਚ ਜੋਤੀ ਨੇ ਮਾਰੀ ਬਾਜ਼ੀ
- ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਡਾ ਧਰਮਪਾਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਮੂਲੀਅਤ
- ਕੇਂਦਰ ਦੀ ‘ਫਿੱਟ ਇੰਡੀਆ ਮੂਵਮੈਂਟ’ ਤੋਂ ਪ੍ਰੇਰਿਤ ਸੀ 21.1 ਕਿਲੋਮੀਟਰ ਹਾਫ਼ ਮੈਰਾਥਨ
- ਇੱਕ ਲੱਖ ਦੇ ਨਕਦ ਇਨਾਮ ਵੰਡੇ
ਚੰਡੀਗੜ੍ਹ, 5 ਮਾਰਚ, 2023 - ਲੋਕਾਂ ਵਿੱਚ ਫਿੱਟਨੈਸ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਆਗਾਮੀ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਮਨਾਉਣ ਦੇ ਉਦੇਸ਼ ਨਾਲ ਨਰਸੀ ਮੋਂਜੀ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼ (ਐਨ.ਐਮ.ਆਈ.ਐਮ.ਐਸ.), ਚੰਡੀਗਡ਼੍ਹ ਵੱਲੋਂ ਇੱਕ ਹਾਫ਼ ਮੈਰਾਥਨ ‘ਨਰਸੀ ਮੋਂਜੀ ਹਾਫ਼ ਮੈਰਾਥਨ’ ਦਾ ਆਯੋਜਿਤ ਕੀਤੀ ਗਈ। ਐਤਵਾਰ ਨੂੰ ਹੋਈ ਇਹ ‘ਅੰਤਰਰਾਸ਼ਟਰੀ ਮਹਿਲਾ ਦਿਵਸ ਰਨ’ ਐਨਐਮਆਈਐਮਐਸ ਕੈਂਪਸ ਵਿੱਚੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਨਰਸੀ ਮੋਂਜੀ ਹਾਫ਼ ਮੈਰਾਥਨ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੌੜ ਕਰਵਾਈ, ਪੁਰਸ਼ਾਂ ਵਿੱਚ ਅੰਦੀਸ਼ ਚੰਦੇਲ ਤੇ ਔਰਤਾਂ 'ਚ ਜੋਤੀ ਨੇ ਮਾਰੀ ਬਾਜ਼ੀ (ਵੀਡੀਓ ਵੀ ਦੇਖੋ)
ਇਹ ਸਮਾਗਮ ਭਾਰਤ ਸਰਕਾਰ ਦੇ ‘ਫਿੱਟ ਇੰਡੀਆ ਮੂਵਮੈਂਟ’ ਦੇ ਸਮਰਥਨ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਖੇਡਾਂ ਨੂੰ ਸ਼ਾਮਲ ਕਰਕੇ ਸਿਹਤਮੰਦ ਅਤੇ ਫਿੱਟ ਰਹਿਣ ਲਈ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਚੰਡੀਗਡ਼੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਆਈ.ਏ.ਐਸ. ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।
ਇਸ ਮੌਕੇ ’ਤੇ ਬੋਲਦਿਆਂ ਮੁੱਖ ਮਹਿਮਾਨ ਨੇ ਆਖਿਆ ਕਿ ਅੱਜ ਦੀ ਹਾਫ਼ ਮੈਰਾਥਨ ਖਾਸ ਸੀ, ਕਿਉਂਕਿ ਇਹ ਸਿਰਫ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਨਹੀਂ ਸੀ, ਸਗੋਂ ਲਿੰਗ ਸਮਾਨਤਾ ਅਤੇ ਔਰਤਾਂ ਦੇ ਸਸ਼ਕਤੀਕਰਨ ਨੂੰ ਵੀ ਉਤਸ਼ਾਹਿਤ ਕਰਨਾ ਵੀ ਸੀ। ਉਨ੍ਹਾਂ ਇਸ ਦੇ ਆਯੋਜਿਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਮੁੱਖ ਮਹਿਮਾਨ ਸ੍ਰੀ ਧਰਮਪਾਲ ਨੇ ਪੰਜ ਕਿਲੋਮੀਟਰ ਤੱਕ ਖ਼ੁਦ ਵੀ ਇਸ ਹਾਫ਼ ਮੈਰਾਥਨ ਦੌਡ਼ ਵਿੱਚ ਹਿੱਸਾ ਲਿਆ।
ਐਨਐਮਆਈਐਮਐਸ ਦੇ ਆਨਰੇਰੀ ਸਕੱਤਰ ਅਤੇ ਸਲਾਹਕਾਰ ਸ੍ਰੀ ਅਮਿਤ ਸ਼ੇਠ, ਜਿਹਡ਼ੇ ਕਿ 2009 ਵਿੱਚ ਕਾਮਰੇਡਸ ਮੈਰਾਥਨ ਦੌਡ਼ਨ ਵਾਲੇ ਪਹਿਲੇ ਭਾਰਤੀ ਨਾਗਰਿਕ ਹਨ ਨੇ ਕਿਹਾ, ਕਿ ‘‘ਅਸੀਂ ਹਾਫ਼ ਮੈਰਾਥਨ ਵਿੱਚ ਭਾਗ ਲੈਣ ਲਈ ਖੇਤਰ ਦੇ ਕਈ ਉੱਚ ਦੌਡ਼ਾਕਾਂ ਨੂੰ ਸੱਦਾ ਦਿੱਤਾ ਸੀ। ਮੈਰਾਥਨ ਦਾ ਆਯੋਜਨ ਅੰਤਰਰਾਸ਼ਟਰੀ ਮਾਪਦੰਡਾਂ ਅਤੇ ਮੈਰਾਥਨ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਸੀ। ਰੂਟ ਬ੍ਰੀਫਿੰਗ ਰੇਸ ਡਾਇਰੈਕਟਰ ਅਮਿਤ ਗੁਲੀਆ ਨੇ ਕੀਤੀ। ਹਾਈਡਰੇਸ਼ਨ ਪੁਆਇੰਟ ਉਪਲਬਧ ਸਨ ਅਤੇ ਸ਼ੁਰੂਆਤੀ ਅਤੇ ਅੰਤ ਵਾਲੇ ਬਿੰਦੂਆਂ ’ਤੇ ਟਾਈਮਿੰਗ ਚਿਪ ਮੈਟ ਵੀ ਲਗਾਏ ਗਏ ਸਨ। ਕਿਸੇ ਵੀ ਮੈਡੀਕਲ ਐਮਰਜੈਂਸੀ ਨੂੰ ਪੂਰਾ ਕਰਨ ਲਈ ਢੁਕਵੇਂ ਉਪਾਅ ਵੀ ਕੀਤੇ ਗਏ ਸਨ।” ”
ਐਨਐਮਆਈਐਮਐਸ ਦੇ ਡਾਇਰੈਕਟਰ ਪ੍ਰੋ. ਡਾ. ਜਸਕਿਰਨ ਕੌਰ ਨੇ ਕਿਹਾ, ਕਿ ‘‘ਜਿਵੇਂ ਕਿ ਇਹ ਹਾਫ਼ ਮੈਰਾਥਨ ਨਾਰੀ ਸ਼ਕਤੀ ਨੂੰ ਸਮਰਪਿਤ ਸੀ, ਅਸੀਂ ਬਹੁਤ ਖੁਸ਼ ਹਾਂ ਕਿ ਸਾਰੀਆਂ ਮਹਿਲਾ ਭਾਗੀਦਾਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ‘ਸਵੱਛ ਅਤੇ ਸਿਹਤਮੰਦ ਚੰਡੀਗਡ਼੍ਹ’ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇੱਕ ਪਲੱਗੰਗ ਦੌਡ਼ ਵੀ ਆਯੋਜਿਤ ਕੀਤੀ। ਪਲੱਗਿੰਗ ਵਿਸ਼ੇਸ਼ ਤੌਰ ’ਤੇ ਜਾਗਿੰਗ ਦੌਰਾਨ ਕੂਡ਼ਾ ਚੁੱਕਣ ਦੀ ਗਤੀਵਿਧੀ ਨੂੰ ਦਰਸਾਉਂਦੀ ਹੈ। ਮੈਰਾਥਨ ਦੀ ਇਕ ਹੋਰ ਵਿਲੱਖਣ ਵਿਸ਼ੇਸ਼ਤਾ ਇਹ ਸੀ ਕਿ ਸੰਸਥਾ ਦੀ ਵਿਦਿਆਰਥੀ ਪ੍ਰੀਸ਼ਦ ਦੇ ਵਿਦਿਆਰਥੀ ਮੈਂਬਰਾਂ ਨੇ ਹਾਫ਼ ਮੈਰਾਥਨ ਦੇ ਸੰਗਠਨ ਦੀ ਦੇਖਭਾਲ ਕੀਤੀ।”
ਹਾਫ਼ ਮੈਰਾਥਨ ਵਿੱਚ ਲਗਭਗ 1000 ਪ੍ਰਤੀਯੋਗੀਆਂ ਨੇ ਭਾਗ ਲਿਆ, ਜਿੱਥੇ ਜੇਤੂਆਂ ਨੂੰ 1 ਲੱਖ ਰੁਪਏ ਤੱਕ ਦੇ ਨਕਦ ਇਨਾਮ ਦਿੱਤੇ ਗਏ। ਲਗਭਗ 40 ਪ੍ਰਤੀਸ਼ਤ ਭਾਗੀਦਾਰ ਔਰਤਾਂ ਸਨ। ਮੈਰਾਥਨ ਦੀਆਂ ਤਿੰਨ ਸ਼੍ਰੇਣੀਆਂ ਸਨ ਜਿਨ੍ਹਾਂ ਹਾਫ਼ ਮੈਰਾਥਨ (21.1 ਕਿਲੋਮੀਟਰ), ਮਾਈਟੀ (10 ਕਿਲੋਮੀਟਰ), ਅਤੇ ਪੁਰਸ਼ਾਂ ਅਤੇ ਔਰਤਾਂ ਦੇ ਭਾਗੀਦਾਰਾਂ ਲਈ ਫ਼ਨ ਰਨ (5 ਕਿਲੋਮੀਟਰ)।
21.1 ਕਿਲੋਮੀਟਰ ਦੀ ਦੌਡ਼ ਨੂੰ ਅਲੀਟ ਦੌਡ਼ਾਕ ਅਮਰ ਸਿੰਘ ਚੌਹਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ, 10 ਕਿਲੋਮੀਟਰ ਦੀ ਦੌਡ਼ ਨੂੰ ਹਰੀ ਝੰਡੀ ਦਿਖਾ ਕੇ ਮਹਿਮਾਨ ਨਿਤਿਕਾ ਪਵਾਰ (ਆਈਏਐਸ), ਸਕੱਤਰ ਸਮਾਜ ਭਲਾਈ ਅਤੇ ਵਿਸ਼ੇਸ਼ ਸਕੱਤਰ ਪ੍ਰਸੋਨਲ, ਯੂਟੀ ਨੇ ਕੀਤਾ, ਜਦਕਿ 5 ਕਿਲੋਮੀਟਰ ਦੌਡ਼ ਨੂੰ ਮੁੱਖ ਮਹਿਮਾਨ ਸ੍ਰੀ ਧਰਮਪਾਲ, ਸਲਾਹਕਾਰ, ਚੰਡੀਗੜ੍ਹ ਪ੍ਰਸ਼ਾਸਕ ਨੇ ਹਰੀ ਝੰਡੀ ਵਿਖਾਈ। ਇਸ ਮੌਕੇ ਰਾਜੀਵ ਤਿਵਾਡ਼ੀ, ਡਾਇਰੈਕਟਰ ਪਬਲਿਕ ਰਿਲੇਸ਼ਨ, ਚੰਡੀਗਡ਼੍ਹ ਪ੍ਰਸ਼ਾਸਨ ਵੀ ਹਾਜਰ ਸਨ।
ਹਾਫ਼ ਮੈਰਾਥਨ (21.1 ਕਿਲੋਮੀਟਰ) ਵਰਗ ਵਿੱਚ ਪੁਰਸ਼ਾਂ ਦੇ ਅਨੀਸ਼ ਚੰਦੇਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦ ਕਿ ਰੋਹਿਤ ਅਤੇ ਪ੍ਰਦੀਪ ਕੁਮਾਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 21.1 ਕਿਲੋਮੀਟਰ ਮਹਿਲਾ ਵਰਗ ਵਿੱਚ ਜੋਤੀ ਪਹਿਲੇ, ਵਿਨੀਤਾ ਗੁਜਰ ਦੂਜੇ ਅਤੇ ਮੁਕੇਸ਼ ਕੁਮਾਰੀ ਤੀਜੇ ਸਥਾਨ ’ਤੇ ਰਹੀ। ਇਸੇ ਤਰਾਂ 10 ਕਿਲੋਮੀਟਰ ਪੁਰਸ਼ਾਂ ਵਿੱਚ ਮੁਕੁਲ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਰਵੀ ਚੌਹਾਨ ਅਤੇ ਨਵੀਨ ਸ਼ਰਮਾ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿਲਾ ਵਰਗ ਵਿੱਚ ਕਵਿਤਾ ਪਹਿਲੇ, ਵੰਦਨਾ ਦੂਜੇ ਅਤੇ ਮਨੀਸ਼ਾ ਮਹਿਰਾ ਤੀਜੇ ਸਥਾਨ ’ਤੇ ਰਹੀ। ਪੁਰਸ਼ਾਂ ਦੀ 5 ਕਿਲੋਮੀਟਰ ਦੌਡ਼ ਵਿੱਚ ਰਾਹੁਲ ਮੌਰਿਆ ਨੇ ਪਹਿਲਾ ਜਦ ਕਿ ਅਬੂਜ਼ਰ ਖਾਨ ਅਤੇ ਅੰਕਿਤ ਕੁਮਾਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲਡ਼ਕੀਆਂ ਵਿੱਚ ਜਸਪਾਲ ਕੌਰ ਪਹਿਲੇ, ਰਮਨਦੀਪ ਕੌਰ ਦੂਜੇ ਅਤੇ ਅੰਤਿਮਾ ਗੁਪਤਾ ਤੀਜੇ ਸਥਾਨ ’ਤੇ ਰਹੀ।
ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਮਨੋਰੰਜਕ ਪ੍ਰਦਰਸ਼ਨ ਕੀਤਾ ਗਿਆ। ਪ੍ਰਸਿੱਧ ਪੰਜਾਬੀ ਲੋਕ ਗਾਇਕਾ ਸੁਨੈਨੀ ਸ਼ਰਮਾ ਦੀ ਪੇਸ਼ਕਾਰੀ ਅਤੇ ਨਵੀਦ ਅਖਤਰ ਦੇ ਗੀਤਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਭੰਗਡ਼ਾ ਵੀ ਪੇਸ਼ ਕੀਤਾ ਗਿਆ।
ਮੁੱਖ ਮਹਿਮਾਨ ਨੇ ਸੁਨੈਨੀ ਸ਼ਰਮਾ, ਦੀਪ ਸ਼ੇਰਗਿੱਲ-ਇੱਕ ਉੱਘੇ ਸਿੱਖਿਆ ਸ਼ਾਸਤਰੀ ਅਤੇ ਇੱਕ ਫਿਟਨੈਸ ਮਾਹਿਰ, ਓਪਿੰਦਰ ਕੌਰ ਸੇਖੋਂ-ਰਾਸ਼ਟਰੀ ਪੱਧਰ ਦੀ ਮਾਸਟਰ ਅਥਲੀਟ ਅਤੇ ਕੈਂਸਰ ਸਰਵਾਈਵਰ, ਨਾਵੇਦ ਅਖਤਰ, ਕੁਲੀਨ ਦੌਡ਼ਾਕ, ਰਨ ਕਲੱਬ, ਅਤੇ ਅਮਿਤ ਗੁਲੀਆ ਨੂੰ ਸਨਮਾਨਿਤ ਕੀਤਾ। ਪ੍ਰੋ.ਅਮਿਤ ਸੇਠ ਅਤੇ ਪ੍ਰੋ.(ਡਾ.) ਜਸਕਿਰਨ ਕੌਰ ਨੇ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ।