ਜੇਲ੍ਹ ਵਿੱਚ ਵੀਡੀਓ ਲੀਕ ਕਰਨ ਦੇ ਮਾਮਲੇ 'ਚ ਕਾਰਵਾਈ, ਪੰਜ ਜੇਲ੍ਹ ਅਧਿਕਾਰੀਆਂ ਗ੍ਰਿਫਤਾਰ, ਸੱਤ ਜੇਲ੍ਹ ਅਧਿਕਾਰੀ ਮੁਅੱਤਲ (ਵੀਡੀਓ ਵੀ ਦੇਖੋ)
- ਮਨਪ੍ਰੀਤ ਭਾਉ, ਸਚਿਨ ਭਿਵਾਨੀ ਸਮੇਤ 9 ਕੈਦੀਆਂ ’ਤੇ ਵੀਡੀਓ ਰਿਕਾਰਡ ਕਰਨ ਲਈ ਮੁਕੱਦਮਾ ਦਰਜ
- ਜੇਲ ਅਧਿਕਾਰੀਆਂ ਨੂੰ ਅਣਗਹਿਲੀ ਅਤੇ ਕੈਦੀਆਂ ਨਾਲ ਕਥਿਤ ਮਿਲੀਭੁਗਤ ਕਰਨ ਲਈ ਕੀਤਾ ਮੁਅੱਤਲ: ਆਈ.ਜੀ.ਪੀ. ਸੁਖਚੈਨ ਗਿੱਲ
ਚੰਡੀਗੜ੍ਹ/ਤਰਨਤਾਰਨ, 5 ਮਾਰਚ 2023 - ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਅਨੁਸਾਰ ਅਮਨ-ਕਾਨੂੰਨ ਦੇ ਪੱਖ ਤੋਂ ਡਿਊਟੀ ’ਚ ਕੁਤਾਹੀ ਤੇ ਅਣਗਹਿਲੀ ਕਰਨ ਵਾਲਿਆਂ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਪੰਜਾਬ ਪੁਲਿਸ ਨੇ ਐਤਵਾਰ ਨੂੰ ਸੱਤ ਜੇਲ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ, ਜਿਨਾਂ ਵਿੱਚੋਂ ਪੰਜ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਗਿਰਫਤਾਰ ਕੀਤੇ ਵਿਅਕਤੀਆਂ ਵਿੱਚ ਡਿਊਟੀ ਦੌਰਾਨ ਲਾਪਰਵਾਹੀ ਅਤੇ ਕਥਿਤ ਤੌਰ ‘ਤੇ ਜੇਲ ਵਿੱਚ ਕੈਦੀਆਂ ਨਾਲ ਮਿਲੀਭੁਗਤ ਕਰਕੇ ਵੀਡੀਓ ਲੀਕ ਕਰਨ ਦੇ ਮਾਮਲੇ ਵਿੱਚ ਸ਼ਾਮਲ ਕੇਂਦਰੀ ਜੇਲ, ਗੋਇੰਦਵਾਲ ਸਾਹਿਬ ਦਾ ਸੁਪਰਡੈਂਟ ਵੀ ਸ਼ਾਮਲ ਹੈ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਜੇਲ੍ਹ ਵਿੱਚ ਵੀਡੀਓ ਲੀਕ ਕਰਨ ਦੇ ਮਾਮਲੇ 'ਚ ਕਾਰਵਾਈ, ਪੰਜ ਜੇਲ੍ਹ ਅਧਿਕਾਰੀਆਂ ਗ੍ਰਿਫਤਾਰ, ਸੱਤ ਜੇਲ੍ਹ ਅਧਿਕਾਰੀ ਮੁਅੱਤਲ (ਵੀਡੀਓ ਵੀ ਦੇਖੋ)
ਕੇਂਦਰੀ ਜੇਲ, ਗੋਇੰਦਵਾਲ ਸਾਹਿਬ ਵਿੱਚ ਵਿੱਚ ਰਿਕਾਰਡ ਹੋਈ ਇੱਕ ਵੀਡੀਓ ਐਤਵਾਰ ਨੂੰ ਵਾਇਰਲ ਹੋਈ, ਜਿਸ ਵਿੱਚ ਸਚਿਨ ਭਿਵਾਨੀ ਅਤੇ ਉਸਦੇ ਸਾਥੀ 26 ਫਰਵਰੀ, 2023 ਨੂੰ ਜੇਲ ਵਿੱਚ ਦੋ ਗੁੱਟਾਂ ਦਰਮਿਆਨ ਹੋਏ ਗੈਂਗਵਾਰ ਦੌਰਾਨ ਮਾਰੇ ਗਏ ਦੋ ਗੈਂਗਸਟਰਾਂ ਦੀ ਘਟਨਾ ਦਾ ਜ਼ਿਕਰ ਕਰਦੇ ਦਿਖਾਈ ਦੇ ਰਹੇ ਹਨ।
ਆਈ.ਜੀ.ਪੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ, ਜੋ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਮੁਅੱਤਲ ਕੀਤੇ ਗਏ ਅਤੇ ਗਿ੍ਰਫਤਾਰ ਕੀਤੇ ਗਏ ਪੰਜ ਜੇਲ ਅਧਿਕਾਰੀਆਂ ਦੀ ਪਛਾਣ ਜੇਲ ਸੁਪਰਡੈਂਟ ਇਕਬਾਲ ਸਿੰਘ ਬਰਾੜ, ਵਧੀਕ ਜੇਲ ਸੁਪਰਡੈਂਟ ਵਿਜੇ ਕੁਮਾਰ, ਸਹਾਇਕ ਜੇਲ ਸੁਪਰਡੈਂਟ ਹਰੀਸ਼ ਕੁਮਾਰ, ਏ.ਐਸ.ਆਈ ਜੋਗਿੰਦਰ ਸਿੰਘ ਅਤੇ ਏ.ਐਸ.ਆਈ ਹਰਚੰਦ ਸਿੰਘ ਵਜੋਂ ਕੀਤੀ ਹੈ। ਜਦ ਕਿ ਮੁਅੱਤਲ ਕੀਤੇ ਗਏ ਦੋ ਹੋਰ ਜੇਲ ਅਧਿਕਾਰੀਆਂ ਵਿੱਚ ਵਧੀਕ ਜੇਲ ਸੁਪਰਡੈਂਟ ਜਸਪਾਲ ਸਿੰਘ ਖਹਿਰਾ ਅਤੇ ਹੈੱਡ ਕਾਂਸਟੇਬਲ ਸਵਿੰਦਰ ਸਿੰਘ ਸ਼ਾਮਲ ਹਨ।
ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66, ਜੇਲ ਐਕਟ ਦੀ ਧਾਰਾ 52, ਆਈ.ਪੀ.ਸੀ. ਦੀ ਧਾਰਾ 506 ਅਤੇ 149 ਤਹਿਤ ਐਫਆਈਆਰ ਨੰਬਰ 102 ਦਰਜ ਕੀਤੀ ਗਈ ਹੈ। ਮੁਢਲੇ ਤੌਰ ‘ਤੇ ਜੇਲ ‘ਚ ਬੰਦ ਕੈਦੀਆਂ ਜਿਨਾਂ ‘ਚ ਮਨਪ੍ਰੀਤ ਸਿੰਘ ਉਰਫ ਭਾਊ, ਸਚਿਨ ਭਿਵਾਨੀ ਉਰਫ ਸਚਿਨ ਚੌਧਰੀ, ਅੰਕਿਤ ਲਾਟੀ ਉਰਫ ਅੰਕਿਤ ਸਿਰਸਾ, ਕਸ਼ਿਸ਼ ਉਰਫ ਕੁਲਦੀਪ, ਰਜਿੰਦਰ ਉਰਫ ਜੋਕਰ, ਹਰਦੀਪ ਸਿੰਘ ਉਰਫ ਮਾਮਾ, ਬਲਦੇਵ ਸਿੰਘ ਉਰਫ ਨਿੱਕੂ, ਦੀਪਕ ਉਰਫ ਮੰੁਡੀ ਅਤੇ ਮਲਕੀਤ ਸਿੰਘ ਉਰਫ ਕੀਤਾ ਖਿਲਾਫ ਕੇਸ ਦਰਜ ਕੀਤਾ ਗਿਆ ।
ਆਈਜੀਪੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਪੁਲਿਸ ਨੇ ਇਸ ਐਫਆਈਆਰ ਵਿੱਚ ਜੇਲ ਅਧਿਕਾਰੀਆਂ ਨੂੰ ਉਨਾਂ ਦੀ ਅਣਗਹਿਲੀ ਅਤੇ ਜੇਲ ਦੇ ਕੈਦੀਆਂ ਨਾਲ ਮਿਲੀਭੁਗਤ ਕਰਕੇ ਵੀਡੀਓ ਸ਼ੂਟ ਕਰਨ ਲਈ ਨਾਮਜ਼ਦ ਕੀਤਾ ਹੈ, ਜੋ ਕਿ ਘਟਨਾ ਵਾਲੇ ਦਿਨ ਸ਼ੂਟ ਕੀਤੀ ਗਈ ਅਤੇ ਕੁਝ ਦਿਨਾਂ ਬਾਅਦ ਲੀਕ ਹੋ ਗਈ । ਉਨਾਂ ਕਿਹਾ ਕਿ ਦੋਸ਼ੀ ਜੇਲ ਦੇ ਕੈਦੀਆਂ ਨੂੰ ਹੋਰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ।
ਉਨਾਂ ਕਿਹਾ ਕਿ ਜੇਲ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲੀਸ ਅਤੇ ਜੇਲ ਪ੍ਰਸ਼ਾਸਨ ਨੇ ਮੁਲਜਮਾਂ ਨੂੰ ਪਹਿਲਾਂ ਹੀ ਵੱਖ-ਵੱਖ ਕਰਕੇ ਸੂਬੇ ਦੀਆਂ ਵੱਖ-ਵੱਖ ਜੇਲਾਂ ਵਿੱਚ ਤਬਦੀਲ ਕਰ ਦਿੱਤਾ ਹੈ।
ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ ਸਰਕਾਰੀ ਮੁਲਾਜਮ ਡਿਊਟੀ ਵਿੱਚ ਲਾਪਰਵਾਹੀ ਕਰਦਾ ਪਾਇਆ ਗਿਆ ਤਾਂ ਉਸ ਨਾਲ ਸਖਤੀ ਨਾਲ ਨਿਪਟਿਆ ਜਾਵੇ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਜੇਲਾਂ ਵਿੱਚ ਚੌਕਸੀ ਹੋਰ ਵਧਾਈ ਜਾ ਰਹੀ ਹੈ ਅਤੇ ਭਵਿੱਖ ਵਿੱਚ ਇਸ ਤਰਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਜੇਲਾਂ ਵਿੱਚ ਸੀਨੀਅਰ ਰੈਂਕ ਦੇ ਅਧਿਕਾਰੀਆਂ ਵੱਲੋਂ ਅਚਨਚੇਤ ਚੈਕਿੰਗ ਕੀਤੀ ਜਾਵੇਗੀ।