ਨਾਬਾਲਗ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਭੇਜੀ ਸੀ ਧਮਕੀ ਭਰੀ ਈ-ਮੇਲ, ਮਾਨਸਾ ਪੁਲਿਸ ਨੇ ਜੋਧਪੁਰ ਤੋਂ ਕੀਤਾ ਗ੍ਰਿਫਤਾਰ
ਸੰਜੀਵ ਜਿੰਦਲ
ਮਾਨਸਾ, 7 ਮਾਰਚ 2023 : ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਇੱਕ ਨਾਬਾਲਗ ਵੱਲੋਂ ਧਮਕੀ ਭਰੀ ਈ-ਮੇਲ ਭੇਜੀ ਗਈ ਸੀ। ਉਨ੍ਹਾਂ ਨੇ ਥਾਣਾ ਸਦਰ ਮਾਨਸਾ ਵਿਖੇ ਆਪਣਾ ਬਿਆਨ ਦਰਜ ਕਰਵਾਇਆ ਕਿ ਮਿਤੀ 18-02-2023, 24-02-2023, 26-02-2023 ਅਤੇ 27-02-2023 ਨੂੰ ਉਸਦੀ ਈ-ਮੇਲ ਆਈ.ਡੀ ਪਰ ਨਾਮਲੂਮ ਵਿਅਕਤੀਆਂ ਵੱਲੋਂ ਜਾਨੋਂ ਮਾਰਨ ਅਤੇ ਫਿਰੌਤੀ ਸਬੰਧੀ ਉਸਨੂੰ ਧਮਕੀਆਂ ਦਿੱਤੀਆਂ ਹਨ। ਜਿਸਤੇ ਥਾਣਾ ਸਦਰ ਮਾਨਸਾ ਵਿਖੇ ਮੁਕੱਦਮਾ ਨੰਬਰ 44 ਮਿਤੀ 04-03-2023 ਅ/ਧ 384,506 ਹਿੰ:ਦੰ: ਥਾਣਾ ਸਦਰ ਮਾਨਸਾ ਨਾ ਮਲੂਮ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਗਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਨਾਬਾਲਗ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਭੇਜੀ ਸੀ ਧਮਕੀ ਭਰੀ ਈ-ਮੇਲ, ਮਾਨਸਾ ਪੁਲਿਸ ਨੇ ਜੋਧਪੁਰ ਤੋਂ ਕੀਤਾ ਗ੍ਰਿਫਤਾਰ (ਵੀਡੀਓ ਵੀ ਦੇਖੋ)
ਮਾਨਸਾ ਪੁਲਿਸ ਨੇ ਮੁਲਜ਼ਮ ਨਾਬਾਲਗ ਨੂੰ ਰਾਜਸਥਾਨ ਦੇ ਜੋਧਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਲੜਕਾ 10ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਹੈ। ਜੋ ਥਾਣਾ ਡਾਂਗਿਆਵਾਸ, ਜਿਲ੍ਹਾ ਜੋਧਪੁਰ, ਰਾਜਸਥਾਨ ਦਾ ਵਾਸੀ ਸੀ। ਜਿਸਨੂੰ ਅੱਜ ਮਿਤੀ 07-03-2023 ਨੂੰ ਮੁਕੱਦਮਾ ਉਕਤ ਵਿੱਚ ਸ਼ਾਮਿਲ ਤਫਤੀਸ਼ (ਐਪਰੀਹੈਂਡ) ਕੀਤਾ ਗਿਆ ਹੈ ਅਤੇ ਉਸ ਪਾਸੋਂ ਇੱਕ ਮੋਬਾਇਲ ਸਮਾਰਟਫੋਨ ਟੈਕਨੋ ਕੰਪਨੀ ਦਾ ਬ੍ਰਾਮਦ ਕਰਵਾਇਆ ਗਿਆ ਹੈ। ਜਿਸਨੂੰ ਮਾਣਯੋਗ ਜੁਵਨਾਇਲ ਅਦਾਲਤ ਮਾਨਸਾ ਵਿਖੇ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਪਾਸੋਂ ਅੱਗੇ ਹੋਰ ਪੁੱਛਗਿੱਛ ਕਰਕੇ ਬਣਦੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਧਮਕੀ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਈਮੇਲ 'ਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੋਂ ਇਲਾਵਾ ਸਲਮਾਨ ਖਾਨ ਦਾ ਨਾਂ ਵੀ ਸੀ, ਨਾਲ ਹੀ ਸਿੱਧੂ ਦੇ ਪਿਤਾ ਨੂੰ ਵਾਰ-ਵਾਰ ਲਾਰੇਂਸ ਬਿਸ਼ਨੋਈ ਦਾ ਨਾਂ ਲੈਣਾ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ। ਜਿਸ ਵਿੱਚ ਉਨ੍ਹਾਂ ਨੂੰ 25 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ।