ਅਮਰੀਕਾ ਰਹਿੰਦੇ ਦੋ ਭਰਾਵਾਂ ਕੋਲੋਂ ਮੰਗੀ ਜਾ ਰਹੀ ਸੀ 20 ਲੱਖ ਫਿਰੋਤੀ, ਨਹੀਂ ਦਿੱਤੀ ਤਾਂ ਪੰਜਾਬ ਰਹਿੰਦੇ ਪਰਿਵਾਰ 'ਤੇ ਚੱਲੀਆਂ ਗੋਲੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 14, ਮਾਰਚ 2023 : ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਗੈਂਗਸਟਰਾਂ ਵੱਲੋਂ ਐਨ ਆਰ ਆਈਜ਼ ਅਤੇ ਪੈਸੇ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਕੋਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਪੁਲਿਸ ਜਿਲਾ ਬਟਾਲਾ ਦੇ ਅਧੀਨ ਇੱਕ ਕਸਬੇ ਦੇ ਪ੍ਰਾਈਵੇਟ ਸਕੂਲ ਪ੍ਰਬੰਧਕ ਨੂੰ 10 ਲੱਖ ਫਿਰੌਤੀ ਦੇਂਣ ਦੀਆਂ ਫੋਨ ਕਾਲਾਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਅਤੇ ਹੁਣ ਦੋ ਅਮਰੀਕਾ ਰਹਿੰਦੇ ਦੋ ਭਰਾਵਾਂ ਵੱਲੋਂ ਫਿਰੌਤੀ ਦੀਆਂ ਧਮਕੀਆਂ ਤੇ ਧਿਆਨ ਨਾ ਦੇਣ ਤੋਂ ਬਾਅਦ ਉਨਾਂ ਦੇ ਗੁਰਦਾਸਪੁਰ ਦੇ ਪਿੰਡ ਗਿੱਦੜਪਿੰਡੀ ਰਹਿੰਦੇ ਘਰ ਅਣਪਛਾਤਿਆਂ ਵੱਲੋਂ ਤਾਬੜ ਤੋੜ ਗੋਲੀਆਂ ਚਲਾਉਣ ਦੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਪਰ ਕੈਮਰੇ ਸਾਹਮਣੇ ਕੋਈ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ ਦੂਜੇ ਪਾਸੇ ਸ਼ਰੇਆਮ ਪਿੰਡ ਦੇ ਇਕ ਘਰ ਵੜ ਕੇ ਗੋਲੀਆਂ ਚਲਾਉਣ ਕਾਰਨ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਹੌਲ ਹੈ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਅਮਰੀਕਾ ਰਹਿੰਦੇ ਦੋ ਭਰਾਵਾਂ ਕੋਲੋਂ ਮੰਗੀ ਜਾ ਰਹੀ ਸੀ 20 ਲੱਖ ਫਿਰੌਤੀ, ਨਹੀਂ ਦਿੱਤੀ ਤਾਂ ਪੰਜਾਬ ਰਹਿੰਦੇ ਪਰਿਵਾਰ 'ਤੇ ਚੱਲੀਆਂ ਗੋਲੀਆਂ (ਵੀਡੀਓ ਵੀ ਦੇਖੋ)
ਇਸ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਨੰਬਰਦਾਰ ਸਿਕੰਦਰ ਸਿੰਘ, ਅਮਰੀਕਾ ਰਹਿੰਦੇ ਭਰਾਵਾਂ ਦੀ ਮਾਤਾ ਲਖਵਿੰਦਰ ਕੌਰ ਅਤੇ ਉਹਨਾਂ ਦੀ ਨਾਨੀ ਸਿਮਰ ਕੌਰ ਦੱਸਿਆ ਕਿ ਦੇਰ ਰਾਤ 10: 45 ਤੋਂ 11 ਵਜੇ ਦੇ ਦਰਮਿਆਨ ਘਰ ਵਿਚ 3 ਮੈਂਬਰ ਇਕੱਲੇ ਸੀ ਤਾਂ ਅਚਾਨਕ ਉਨ੍ਹਾਂ ਨੂੰ ਬਾਹਰੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਪਹਿਲਾਂ ਉਹਨਾਂ ਨੇ ਸੋਚਿਆ ਕਿ ਬਾਹਰ ਪਟਾਖੇ ਚਲ ਰਹੇ ਹਨ ਪਰ ਜਦੋਂ ਲਖਵਿੰਦਰ ਕੌਰ ਬਾਹਰ ਆਈ ਤਾਂ ਦੇਖਿਆ ਕਿ ਇੱਕ ਨੌਜਵਾਨ ਉਹਨਾਂ ਦੇ ਘਰ ਦੀ ਦੀਵਾਰ ਦੇ ਉੱਪਰ ਚੜ੍ਹਿਆ ਹੋਇਆ ਸੀ ਜਿਸਨੇ ਮੂੰਹ ਉੱਤੇ ਪਰਨਾ ਲਪੇਟਿਆ ਹੋਇਆ ਸੀ ਅਤੇ ਗੋਲੀਆ ਚਲਾ ਰਿਹਾ ਸੀ। ਲਖਵਿੰਦਰ ਕੌਰ ਨੇ ਉਸ ਨੂੰ ਵੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਹੇਠਾਂ ਉਤਰ ਗਿਆ ਅਤੇ ਮੋਟਰਸਾਈਕਲ ਤੇ ਬੈਠ ਕੇ ਸੜਕ ਵੱਲ ਨੂੰ ਨਿਕਲ ਗਿਆ।
ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਦੋ ਲੜਕੇ ਵੱਡਾ ਭਰਾ ਸਿਮਰਨਜੀਤ ਸਿੰਘ ਅਤੇ ਛੋਟਾ ਲਵਪ੍ਰੀਤ ਸਿੰਘ ਪਿਛਲੇ ਸੱਤ ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ। ਕੁਝ ਦਿਨਾਂ ਤੋਂ ਉਨ੍ਹਾਂ ਨੂੰ ਇੰਟਰਨੇਟ ਕਾਲ ਜ਼ਰੀਏ 20 ਲੱਖ ਰੁਪਏ ਦੀ ਫਿਰੌਤੀ ਦੇਣ ਦੀਆਂ ਕਾਲਾਂ ਆ ਰਹੀਆਂ ਸਨ। ਜਦੋਂ ਉਨ੍ਹਾਂ ਦੇ ਘਰ ਗੋਲੀਆਂ ਚੱਲੀਆਂ ਉਦੋਂ ਵੀ ਉਹ ਆਪਣੇ ਪਰਿਵਾਰ ਦੇ ਬਾਹਰ ਗਏ ਲੜਕਿਆਂ ਨਾਲ ਹੀ ਫੋਨ ਤੇ ਗੱਲ ਕਰ ਰਹੇ ਸਨ। ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰਾਂ ਵੱਲੋਂ ਵੀ ਉਨ੍ਹਾਂ ਨੂੰ ਕਾਲ਼ ਕਰ ਕੇ ਇਹ ਦੱਸ ਦਿੱਤਾ ਗਿਆ ਕਿ ਉਨ੍ਹਾਂ ਦੇ ਪਰਿਵਾਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਹਨ। ਪੈਸੇ ਨਹੀਂ ਦਿੱਤੇ ਤਾਂ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਸ਼ੱਕ ਜ਼ਾਹਰ ਕੀਤਾ ਕਿ ਧਮਕੀਆਂ ਦੇਣ ਵਾਲਿਆਂ ਵਿੱਚ ਕੋਈ ਅਜਿਹਾ ਆਦਮੀ ਵੀ ਸ਼ਾਮਲ ਹੈ ਜੋ ਉਨ੍ਹਾਂ ਦੇ ਪਰਿਵਾਰ ਦਾ ਜਾਣਕਾਰ ਹੈ ਅਤੇ ਉਨ੍ਹਾਂ ਦੇ ਘਰ ਕੀ ਚੱਲ ਰਿਹਾ ਹੈ ਇਸ ਦੀ ਖਬਰ ਵੀ ਰੱਖਦਾ ਹੈ।
ਪਰਿਵਾਰ ਅਨੁਸਾਰ ਪੁਲਿਸ ਅਧਿਕਾਰੀਆਂ ਵੱਲੋ ਮੌਕੇ ਤੇ ਪਹੁੰਚ ਕੇ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਸਨ। ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਵੇ।
ਦੂਜੇ ਪਾਸੇ ਪੁਲਿਸ ਵੱਲੋਂ ਥਾਣਾ ਸਦਰ ਵਿਖੇ ਬੈਠ ਅਮਰੀਕਾ ਰਹਿੰਦੇ ਲੜਕਿਆਂ ਦੀ ਮਾਤਾ ਲਖਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਮਾਮਲੇ ਵਿੱਚ ਕੈਮਰੇ ਸਾਹਮਣੇ ਆ ਕੇ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ। ਜਦੋਂ ਮਾਮਲੇ ਵਿੱਚ ਪੁਲਿਸ ਦਾ ਪੱਖ ਰੱਖਣ ਲਈ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਦਾਜ ਦੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲਾ ਸੁਲਝਾਉਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।