ਅੰਮ੍ਰਿਤਪਾਲ ਨਾਲ ਸਬੰਧਤ ਭੜਕਾਊ ਪੋਸਟ ਪਾਉਣ ਵਾਲੇ ਨੌਜਵਾਨ ਦੇ ਭਵਿੱਖ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਸਮਝਾ ਕੇ ਛੱਡਿਆ
ਰੋਹਿਤ ਗੁਪਤਾ
ਗੁਰਦਾਸਪੁਰ, 27 ਮਾਰਚ, 2023 : ਕਹਿੰਦੇ ਹਨ ਪੁਲਿਸ, ਕਾਨੂੰਨ ਅਤੇ ਜੇਲ੍ਹਾ ਅਪਰਾਧੀਆਂ ਨੂੰ ਸੁਧਾਰਨ ਲਈ ਬਣੀਆਂ ਹਨ ਪਰ ਅਕਸਰ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਕਿਸੇ ਨੂੰ ਨਾਜਾਇਜ਼ ਫਸਾਉਣ ਦੇ ਦੋਸ਼ ਲਗਦੇ ਰਹਿੰਦੇ ਹਨ। ਪਰ ਬਟਾਲਾ ਦੀ ਇੱਕ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਦਿਲ ਰੱਖਦੇ ਹਨ। ਪੰਜਾਬ ਪੁਲਿਸ ਦੇ ਅਧਿਕਾਰੀਆ ਵੱਲੋਂ ਅਮ੍ਰਿਤਪਾਲ ਨਾਲ ਸਬੰਧਤ ਪੋਸਟਾਂ ਸੋਸ਼ਲ ਮੀਡੀਆ ਤੇ ਫਾਰਵਰਡ ਕਰਨ ਦੋਸ਼ ਹੇਠ ਇਕ 20 ਸਾਲਾਂ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਪਰ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਸਮਝਾ ਕੇ ਅਤੇ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਤਾਂ ਜੋ ਉਸਦਾ ਭਵਿੱਖ ਖ਼ਰਾਬ ਨਾ ਹੋਏ।ਪਰਿਵਾਰ ਨੇ ਬਟਾਲਾ ਪੁਲਿਸ ਦਾ ਧੰਨਵਾਦ ਕੀਤਾ ਹੀ ਹੈ ਨਾਲ ਹੀ ਹੋਰ ਪੰਜਾਬੀ ਨੌਜਵਾਨਾਂ ਨੂੰ ਕਿਸੇ ਦੇ ਬਹਿਕਾਵੇ ਵਿਚ ਆ ਕੇ ਆਪਣਾ ਭਵਿੱਖ ਖਰਾਬ ਨਾ ਕਰਨ ਦੀ ਅਪੀਲ ਵੀ ਕੀਤੀ ਹੈ।
ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਜਦੋਂ ਬਟਾਲਾ ਦੇ ਰਹਿਣ ਵਾਲੇ 20 ਸਾਲਾਂ ਨੌਜਵਾਨ ਗੁਰਮੀਤ ਸਿੰਘ ਵਲੋਂ ਅਮ੍ਰਿਤਪਾਲ ਦੇ ਹੱਕ ਵਿੱਚ ਟੋਲ ਪਲਾਜ਼ੇ ਜਾਮ ਕਰਕੇ ਰੋਸ ਧਰਨਾ ਦੇਣ ਦੇ ਗਲਤ ਅਤੇ ਭੜਕਾਊ ਮੈਸੇਜ ਨੂੰ ਸੋਸ਼ਲ ਮੀਡੀਆ ਰਾਹੀਂ ਅਲਗ ਅਲਗ ਗਰੁਪਾਂ ਵਿੱਚ ਫਾਰਵਡ ਕਰਨਾ ਸ਼ੁਰੂ ਕਰ ਦਿੱਤਾ। ਬਟਾਲਾ ਪੁਲਿਸ ਹਰਕਤ ਵਿਚ ਆਈ ਅਤੇ ਜਾਂਚ ਕਰਦੇ ਹੋਏ ਉਕਤ ਨੌਜਵਾਨ ਦੇ ਘਰ ਪਹੁੰਚ ਗਈ। ਪੁਲਿਸ ਨੂੰ ਪਤਾ ਚਲਿਆ ਕਿ ਉਕਤ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ ਅਤੇ ਪਿਤਾ ਵਿਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਪਰਿਵਾਰ ਦੀ ਬੇਕਗਰਾਊਂਡ ਚੈਕ ਕੀਤੀ ਜੋ ਸਾਫ ਸੁਥਰੀ ਪਾਈ ਗਈ। ਇਸਤੋਂ ਬਾਅਦ ਬਟਾਲਾ ਸਿਵਿਲ ਲਾਈਨ ਥਾਣੇ ਦੇ ਇੰਚਾਰਜ ਕੁਲਵੰਤ ਸਿੰਘ ਨੇ ਉਕਤ ਨੌਜਵਾਨ ਅਤੇ ਉਸਦੀ ਮਾਤਾ ਨੂੰ ਸਮਝਾਇਆ ਕਿ ਇਸ ਤਰ੍ਹਾਂ ਦੇ ਮੈਸਜ ਨਾਲ ਮਾਹੌਲ ਖਰਾਬ ਹੋ ਸਕਦਾ ਹੈ ਅਤੇ ਬਿਨਾਂ ਵਜ੍ਹਾ ਲੋਕ ਪਰੇਸ਼ਾਨ ਹੋ ਸਕਦੇ ਹਨ। ਇਸ ਲਈ ਇਹੋ ਜਿਹੇ ਮੈਸਜ ਜੋ ਗਲਤ ਹਨ ਪੋਸਟ ਨਹੀਂ ਕਰਨੇ ਚਾਹੀਦੇ ਕਿਉਕਿ ਇਸ ਨਾਲ ਉਕਤ ਨੌਜਵਾਨ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਪੁਲਿਸ ਦੇ ਸਮਝਾਉਣ ਦੇ ਨਾਲ ਉਕਤ ਨੌਜਵਾਨ ਨੇ ਆਪਣੀ ਗਲਤੀ ਮੰਨੀ ਅਤੇ ਉਕਤ ਮੈਸੇਜ ਨੂੰ ਸੋਸ਼ਲ ਮੀਡੀਆ ਤੋਂ ਡਿਲੀਟ ਕੀਤਾ।ਊਸ ਤੋਂ ਬਾਅਦ ਪੁਲਿਸ ਨੇ ਉਕਤ ਨੌਜਵਾਨ ਨੂੰ ਬਿਨਾਂ ਕਾਰਵਾਈ ਕਰਦੇ ਹੋਏ ਛੱਡ ਦਿੱਤਾ ਤਾਂਕਿ ਗੁਰਮੀਤ ਨਾਮਕ ਨੌਜਵਾਨ ਦਾ ਭਵਿੱਖ ਖਰਾਬ ਨਾ ਹੋਵੇ ।
ਓਥੇ ਹੀ ਉਕਤ ਨੌਜਵਾਨ ਅਤੇ ਉਸਦੀ ਮਾਤਾ ਨੇ ਬਟਾਲਾ ਪੁਲਿਸ ਦਾ ਧੰਨਵਾਦ ਕਰਦੇ ਹੋਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਭਵਿੱਖ ਨੂੰ ਖਰਾਬ ਨਾ ਕਰੋ