ਫਾਈਨਾਂਸ ਕੰਪਨੀ ਦੇ ਦਫ਼ਤਰ ਵਿੱਚ ਵੜਕੇ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਕੀਤੀ ਲੁੱਟ
-ਲੁੱਟੇ 1 ਲੱਖ 90 ਹਜ਼ਾਰ
ਰਿਪੋਰਟਰ..... ਰੋਹਿਤ ਗੁਪਤਾ
ਗੁਰਦਾਸਪੁਰ, 29 ਮਾਰਚ 2023 - ਬਟਾਲਾ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੀ ਰੰਧਾਵਾ ਕਾਲੋਨੀ ਪਿਛਲੇ ਪੰਜ ਸਾਲਾਂ ਤੋਂ ਚੱਲ ਰਹੀ ਭਾਰਤ ਫਾਈਨਾਂਸ ਕੰਪਨੀ ਦੇ ਦਫਤਰ ਵਿਚੋਂ ਸਵੇਰੇ ਕਰੀਬ 9.30 ਵਜੇ ਦੋ ਬਾਈਕ ਤੇ ਸਵਾਰ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਕਰੀਬ 1 ਲੱਖ 90 ਹਜ਼ਾਰ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਫਾਈਨਾਂਸ ਕੰਪਨੀ ਦੇ ਦਫ਼ਤਰ ਵਿੱਚ ਲੁੱਟ ਦੀ ਵਾਰਦਾਤ ਸਮੇਂ ਸੀਸੀਟੀਵੀ ਵੀ ਬੰਦ ਸਨ।ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਫਤਿਹਗੜ੍ਹ ਚੂੜੀਆਂ ਦੇ ਡੀ.ਐਸ.ਪੀ ਸਰਵਨਜੀਤ ਸਿੰਘ ਅਤੇ ਥਾਣਾ ਇੰਚਾਰਜ ਪ੍ਰਭਜੋਤ ਸਿੰਘ ਪੁਲਿਸ ਪਾਰਟੀ ਨਾਲ ਪਹੁੰਚੇ ਅਤੇ ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾ ਕੇ ਜਾਂਚ ਸ਼ੁਰੂ ਕੀਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਫਾਈਨਾਂਸ ਕੰਪਨੀ ਦੇ ਦਫ਼ਤਰ ਵਿੱਚ ਵੜਕੇ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਕੀਤੀ ਲੁੱਟ (ਵੀਡੀਓ ਵੀ ਦੇਖੋ)
ਕੰਪਨੀ ਦੇ ਬਰਾਂਚ ਮੈਨੇਜਰ ਦਵਿੰਦਰ ਸਿੰਘ ਨੇ ਦੱਸਿਆ ਕਿ ਕੰਪਨੀ ਦੀ ਕੱਲ੍ਹ ਦੀ ਉਗਰਾਹੀ ਦਫ਼ਤਰ ਵਿੱਚ ਪਈ ਸੀ। ਸਵੇਰੇ ਸਾਢੇ 9 ਵਜੇ ਦੇ ਕਰੀਬ ਕੁਝ ਅਣਪਛਾਤੇ ਲੁਟੇਰੇ ਮੂੰਹ 'ਤੇ ਕੱਪੜਾ ਬੰਨ੍ਹ ਕੇ ਹੱਥਾਂ 'ਚ ਦੋ ਪਿਸਤੌਲ ਲੈ ਕੇ ਆਏ | ਇਸ ਦੌਰਾਨ ਸਾਡੇ ਸਮੇਤ ਚਾਰ ਮੁਲਾਜ਼ਮ ਦਫ਼ਤਰ ਦੇ ਅੰਦਰ ਮੌਜੂਦ ਸਨ। ਜਿਵੇਂ ਹੀ ਉਹ ਅੰਦਰ ਆਏ ਤਾਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਦਫ਼ਤਰ ਦੇ ਕਮਰੇ ਵਿੱਚ ਰੱਖੀ ਅਲਮਾਰੀ ਦੇ ਤਾਲੇ ਤੋੜ ਕੇ ਅੰਦਰ ਰੱਖੇ 1 ਲੱਖ 90 ਹਜ਼ਾਰ ਰੁਪਏ ਲੁੱਟ ਲਏ ਅਤੇ ਫ਼ਰਾਰ ਹੋ ਗਏ।
ਇਸ ਦੌਰਾਨ ਲੁਟੇਰੇ ਮੁਲਾਜ਼ਮਾਂ ਦੇ ਦੋ ਮੋਬਾਈਲ ਵੀ ਖੋਹ ਕੇ ਫ਼ਰਾਰ ਹੋ ਗਏ। ਦਫ਼ਤਰ ਵਿੱਚ ਬੀਤੀ ਸ਼ਾਮ ਇੱਕ ਮੁਲਾਜ਼ਮ ਨੇ ਮੋਬਾਈਲ ਚਾਰਜ ਕਰਨ ਲਈ ਸੀਸੀਟੀਵੀ ਦਾ ਸ਼ੂ ਪਲੱਗ ਕੱਢ ਦਿੱਤਾ। ਜਿਸ ਕਾਰਨ ਕੱਲ੍ਹ ਤੋਂ ਸੀ.ਸੀ.ਟੀ.ਵੀ. ਵੀ ਬੰਦ ਸੀ ਜਿਸ ਕਾਰਨ ਲੁਟੇਰੇ ਸੀਸੀਟੀਵੀ ਵਿੱਚ ਨਹੀਂ ਆ ਸਕੇ।
ਮੌਕੇ ਤੇ ਪੁਹੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਟਨਾ ਸਮੇਂ ਕੰਪਨੀ ਦੇ ਦਫ਼ਤਰ ਦੇ ਕੈਮਰੇ ਵੀ ਬੰਦ ਪਾਏ ਗਏ ਸਨ। ਪੁਲੀਸ ਇਸ ਮਾਮਲੇ ਵਿੱਚ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਲੁਟੇਰਿਆਂ ਵੱਲੋਂ ਖੋਹੇ ਗਏ ਦੋ ਮੋਬਾਈਲਾਂ ਵਿੱਚੋਂ ਇੱਕ ਮੋਬਾਈਲ ਫੋਨ ਮਜੀਠਾ ਰੋਡ ’ਤੇ ਖੇਤਾਂ ਵਿੱਚੋਂ ਬਰਾਮਦ ਕੀਤਾ ਗਿਆ ਹੈ ਸ਼ੱਕ ਹੈ ਕਿ ਲੁਟੇਰੇ ਮਜੀਠਾ ਵੱਲ ਭੱਜ ਗਏ ਹਨ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਫਿਲਹਾਲ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।