ਮੰਦੇ ਭਾਅ ਕਾਰਨ ਸ਼ਿਮਲਾ ਮਿਰਚ ਦੀ ਖੇਤੀ ਤੋਂ ਮੂੰਹ ਮੋੜਨ ਲੱਗੇ ਕਿਸਾਨ, ਮੰਡੀਕਰਨ ’ਚ ਆ ਰਹੀ ਮੁਸ਼ਕਿਲ ਕਾਰਨ ਨਹੀਂ ਮਿਲ ਰਿਹਾ ਪੂਰਾ ਭਾਅ
- ਫ਼ਸਲ ਸੜਕਾਂ ਤੇ ਸੁੱਟਣ ਲਈ ਹੋਵਾਂਗੇ ਮਜਬੂਰ - ਕਿਸਾਨ
ਭੀਸ਼ਮ ਗੋਇਲ
ਮਾਨਸਾ, 16 ਅਪ੍ਰੈਲ 2023 - ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਵਿੱਚ ਕਿਸਾਨਾਂ ਵੱਲੋਂ ਵਧੀਆ ਪੈਦਾਵਾਰ ਕਾਰਨ ਲੱਗਭੱਗ ਹਜ਼ਾਰ ਏਕੜ ਜ਼ਮੀਨ ਤੇ ਸ਼ਿਮਲਾ ਮਿਰਚ ਦੀ ਖੇਤੀ ਕੀਤੀ ਜਾਂਦੀ ਹੈ ਪਰ ਮਾੜੇ ਮੰਡੀਕਰਨ ਕਾਰਨ ਪੈਦਾਵਾਰ ਦਾ ਪੂਰਾ ਭਾਅ ਨਾਂ ਮਿਲਣ ਤੋਂ ਕਿਸਾਨ ਔਖੇ ਹਨ ਤੇ ਆਉਂਦੇ ਦਿਨਾਂ ਵਿੱਚ ਆਪਣੀ ਫ਼ਸਲ ਦੀ ਪੈਦਾਵਾਰ ਨੂੰ ਸੜਕਾਂ ਤੇ ਸੁੱਟਣ ਲਈ ਮਜਬੂਰ ਹੋਣਗੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਮੰਦੇ ਭਾਅ ਕਾਰਨ ਸ਼ਿਮਲਾ ਮਿਰਚ ਦੀ ਖੇਤੀ ਤੋਂ ਮੂੰਹ ਮੋੜਨ ਲੱਗੇ ਕਿਸਾਨ, ਮੰਡੀਕਰਨ ’ਚ ਆ ਰਹੀ ਮੁਸ਼ਕਿਲ ਕਾਰਨ ਨਹੀਂ ਮਿਲ ਰਿਹਾ ਪੂਰਾ ਭਾਅ (ਵੀਡੀਓ ਵੀ ਦੇਖੋ)
ਸਰਕਾਰਾਂ ਵੱਲੋਂ ਸਮੇਂ-ਸਮੇਂ ਕਿਸਾਨਾਂ ਨੂੰ ਰਵਾਇਤੀ ਖੇਤੀ ਛੱਡ ਕੇ ਬਦਲਵੀਆਂ ਫਸਲਾਂ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ ਤੇ ਸਰਕਾਰਾਂ ਦੀਆਂ ਸਲਾਹਾਂ ’ਤੇ ਅਮਲ ਕਰਕੇ ਮਾਨਸਾ ਦੇ ਪਿੰਡ ਭੈਣੀਬਾਘਾ ਦੇ ਕਿਸਾਨਾਂ ਵੱਲੋਂ ਕਰੀਬ 1000 ਏਕੜ ਤੇ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਹੋਈ ਹੈ, ਪਰ ਕਿਸਾਨਾਂ ਨੂੰ ਸ਼ਿਮਲਾ ਮਿਰਚ ਦੀ ਖੇਤੀ ਦਾ ਤਜ਼ਰਬਾ ਮਿਰਚਾਂ ਵਾਂਗ ਹੀ ਕੌੜਾ ਸਾਬਿਤ ਹੋਣ ਲੱਗਿਆ ਹੈ।
ਸ਼ਿਮਲਾ ਮਿਰਚ ਦੀ ਖੇਤੀ ਕਰਨ ਵਾਲੇ ਕਿਸਾਨ ਗੋਰਾ ਸਿੰਘ ਭੈਣੀ ਬਾਘਾ, ਜਗਦੇਵ ਸਿੰਘ ਅਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਭੈਣੀਬਾਘਾ ਦੇ ਕਿਸਾਨ ਰਵਾਇਤੀ ਫਸਲਾਂ ਛੱਡ ਕੇ ਸਬਜ਼ੀਆਂ ਦੀ ਖੇਤੀ ਵੱਲ ਆਏ ਸਨ, ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੂੰ ਸ਼ਿਮਲਾ ਮਿਰਚ ਦਾ ਵਾਜਿਬ ਮੁੱਲ ਨਹੀਂ ਮਿਲ ਰਿਹਾ ਅਤੇ ਮਹਿਜ 2 ਤੋਂ 4 ਰੁਪਏ ਹੀ ਭਾਅ ਮਿਲ ਰਿਹਾ ਹੈ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਕਿਸਾਨਾਂ ਨੂੰ ਸ਼ਿਮਲਾ ਮਿਰਚ ਦੀ ਖੇਤੀ ਲਈ ਮੰਡੀਕਰਨ ਦੀ ਸਹੂਲਤ ਦੇਵੇ ਨਹੀਂ ਤਾਂ ਆਉਣ ਵਾਲੇ ਸਾਲਾਂ ਵਿੱਚ ਕਿਸਾਨ ਮੁੜ ਤੋਂ ਕਣਕ ਝੋਨੇ ਵੱਲ ਰੁਖ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਸ਼ਿਮਲਾ ਮਿਰਚ ਦਾ ਵਾਜਿਬ ਭਾਅ ਨਾ ਮਿਲਿਆ ਤਾਂ ਕਿਸਾਨ ਆਪਣੀ ਫਸਲ ਸੜਕਾਂ ਤੇ ਸੁੱਟਣ ਲਈ ਮਜਬੂਰ ਹੋਣਗੇ।