ਕਪੂਰਥਲਾ: ਡਿਪਟੀ ਕਮਿਸ਼ਨਰ ਦੇ ਯਤਨਾਂ ਸਦਕਾ ਦੁਬਾਰਾ ਚਾਲੂ ਹੋਈ 160 ਸਾਲ ਪੁਰਾਣੀ ਘੰਟਾ ਘਰ ਦੀ ਘੜ੍ਹੀ
- ਕਪੂਰਥਲਾ ਦੀ ਅਮੀਰ ਵਿਰਾਸਤ ਨੂੰ ਦਰਸਾਉਂਦਾ ਹੈ ਘੰਟਾ ਘਰ
- 1862 ਵਿੱਚ ਅਮਰੀਕੀ ਕੰਪਨੀ ਵੱਲੋਂ ਬਣਾਈ ਗਈ ਸੀ ਘੜ੍ਹੀ
- ਵਿਰਾਸਤੀ ਸ਼ਹਿਰ ਕਪੂਰਥਲਾ ਵਿਖੇ ਪੁਰਾਤਨ ਇਮਾਰਤਾਂ , ਵਸਤਾਂ ਦੀ ਸਾਂਭ ਸੰਭਾਲ ਲਈ ਯਤਨ ਹੋਰ ਤੇਜ ਹੋਣਗੇ
ਕਪੂਰਥਲਾ,25 ਅਪ੍ਰੈਲ 2023 - ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵਲੋਂ ਸ਼ਹਿਰ ਦੀ ਵਿਰਾਸਤ ਨੂੰ ਰੂਪਮਾਨ ਕਰਨ ਦੇ ਯਤਨਾਂ ਵਿੱਚ ਡੂੰਘੀ ਦਿਲਚਸਪੀ ਦਿਖਾਉਂਦਿਆਂ ਘੰਟਾ ਘਰ ਵਿੱਚ ਲੱਗੀ 160 ਸਾਲ ਪੁਰਾਣੀ ਘੜ੍ਹੀ ਨੂੰ ਦੁਬਾਰਾ ਚਾਲੂ ਕਰਵਾਇਆ ਗਿਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਕਿਵੇਂ ਮੁੜ ਚਾਲੂ ਕੀਤੀ ਅੰਗਰੇਜ਼ਾਂ ਦੀ ਬਣੀ 160 ਸਾਲ ਪੁਰਾਣੀ ਘੜ੍ਹੀ, Kapurthala ਦੀ ਹੈ ਸ਼ਾਨਦਾਰ ਵਿਰਾਸਤ (ਵੀਡੀਓ ਵੀ ਦੇਖੋ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਘੰਟਾ ਘਰ) ਵਿਖੇ ਲੱਗੀ ਇਹ ਘੜ੍ਹੀ ਕਾਫ਼ੀ ਦੇਰ ਤੋਂ ਬੰਦ ਸੀ , ਜਿਸ ਸਬੰਧੀ ਕੌਮੀ ਵੋਟਰ ਦਿਵਸ ਮੌਕੇ ਘੰਟਾ ਘਰ ਸਕੂਲ ਵਿਖੇ ਹੋਏ ਸਮਾਗਮ ਦੌਰਾਨ ਜਦ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸਕੂਲ ਵਿਖੇ ਘੰਟਾ ਘਰ ਦੀ ਘੜ੍ਹੀ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਘੜ੍ਹੀ ਕਾਫ਼ੀ ਦੇਰ ਤੋਂ ਬੰਦ ਹੈ ।
ਡਿਪਟੀ ਕਮਿਸ਼ਨਰ ਵੱਲੋਂ ਇਸ ਪੁਰਾਤਨ ਘੜ੍ਹੀ ਜੋ ਕਿ ਕਿਸੇ ਸਮੇਂ ਸਾਰੇ ਕਪੂਰਥਲਾ ਸ਼ਹਿਰ ਨੂੰ ਸਮਾਂ ਦੱਸਦੀ ਸੀ , ਨੂੰ ਮੁੜ ਚਾਲੂ ਹਾਲਤ ਵਿੱਚ ਲਿਆਉਣ ਦਾ ਤਹੱਈਆ ਕੀਤਾ ।
ਇਸ ਸਬੰਧੀ ਉਨਾਂ ਘੜ੍ਹੀ ਦੀ ਮੁਰੰਮਤ ਕਲਕੱਤਾ ਦੀ ਟੀ.ਆਰ ਕਲਾਕ ਰਿਪੇਅਰ ਕੰਪਨੀ ਤੋਂ ਕਰਵਾਈ ਹੈ , ਜਿਸ ਲਈ ਪੁਰਾਤਨ ਘੜ੍ਹੀਆਂ ਦੇ ਮਾਹਿਰ ਘੜ੍ਹੀ ਸਾਜ ਹੀ ਕੰਮ ਕਰਦੇ ਹਨ।
ਇਸ ਘੜੀ ਉੱਪਰ ਲੰਡਨ ਸ਼ਹਿਰ ਦੀ ਨਾਮ ਵੀ ਲਿਖਿਆ ਹੈ, ਜਦਕਿ ਇਹ ਘੜ੍ਹੀ ਨਿਊਯਾਰਕ ਦੀ ਕੰਪਨੀ ਜ਼ੋਨਸ ਐਂਡ ਕੰਪਨੀ ਵੱਸੋਂ 1862 ਵਿੱਚ ਬਣਾਈ ਗਈ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਪੂਰਥਲਾ ਸ਼ਹਿਰ ਦੀ ਵਿਰਾਸਤ ਬਹੁਤ ਵਿਸ਼ਾਲ ਤੇ ਅਮੀਰ ਹੈ , ਜਿਸ ਕਰਕੇ ਇਸਨੂੰ ਪੰਜਾਬ ਦਾ ਪੈਰਿਸ ਕਿਹਾ ਜਾਂਦਾ ਹੈ । ਉਨਾਂ ਕਿਹਾ ਕਿ ਪੁਰਾਤਨ ਇਮਾਰਤਾਂ , ਸਥਾਨਾਂ , ਵਸਤਾਂ ਦੀ ਸਾਂਭ ਸੰਭਾਲ ਲਈ ਜਿਲਾ ਪ੍ਰਸ਼ਾਸ਼ਨ ਵੱਲੋਂ ਵਡੇਰੇ ਯਤਨ ਕੀਤੇ ਜਾ ਰਹੇ ਹਨ , ਜਿਨਾਂ ਨੂੰ ਹੋਰ ਤੇਜ ਕੀਤਾ ਜਾਵੇਗਾ ।