ਜਿੰਪਾ ਨੇ ਖੁੱਲ੍ਹੇ ਦਰਬਾਰ ’ਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ, ਜ਼ਿਆਦਾਤਰ ਮੌਕੇ ’ਤੇ ਕੀਤਾ ਗਿਆ ਨਿਪਟਾਰਾ
- ਨਗਰ ਨਿਗਮ ਤੋਂ ਇਲਾਵਾ ਜਲ ਸਪਲਾਈ ਤੇ ਸੀਵਰੇਜ਼ ਬੋਰਡ, ਨਗਰ ਸੁਧਾਰ ਟਰੱਸਟ, ਪਾਵਰ ਕਾਰਪੋਰੇਸ਼ਨ, ਪੁਲਿਸ ਤੇ ਹੋਰ ਵਿਭਾਗਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਵੀ ਦਿੱਤੇ ਨਿਰਦੇਸ਼
- ਨਗਰ ਨਿਗਮ ਦੇ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ, ਗੜਬੜੀ ਸਾਹਮਣੇ ਆਈ ਤਾਂ ਹੋਵੇਗੀ ਕਾਨੂੰਨੀ ਕਾਰਵਾਈ
ਹੁਸ਼ਿਆਰਪੁਰ, 29 ਅਪ੍ਰੈਲ 2023 - ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਨਗਰ ਨਿਗਮ ਹੁਸ਼ਿਆਰਪੁਰ ਵਿਚ ਖੁੱਲ੍ਹਾ ਦਰਬਾਰ ਲਗਾ ਕੇ ਜਿਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਜ਼ਿਆਦਾਤਰ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਵਾਇਆ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਹਰਮੀਤ ਸਿੰਘ ਔਲਖ ਵੀ ਮੌਜੂਦ ਸਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਜਿੰਪਾ ਨੇ ਖੁੱਲ੍ਹੇ ਦਰਬਾਰ ’ਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ, ਜ਼ਿਆਦਾਤਰ ਮੌਕੇ ’ਤੇ ਕੀਤਾ ਗਿਆ ਨਿਪਟਾਰਾ (ਵੀਡੀਓ ਵੀ ਦੇਖੋ)
ਕੈਬਨਿਟ ਮੰਤਰੀ ਨੇ ਖੁੱਲ੍ਹੇ ਦਰਬਾਰ ਵਿਚ ਨਗਰ ਨਿਗਮ ਤੋਂ ਇਲਾਵਾ ਜਲ ਸਪਲਾਈ ਤੇ ਸੀਵਰੇਜ਼ ਬੋਰਡ, ਨਗਰ ਸੁਧਾਰ ਟਰੱਸਟ, ਪਾਵਰ ਕਾਰਪੋਰੇਸ਼ਨ, ਪੁਲਿਸ ਤੇ ਹੋਰ ਵਿਭਾਗਾਂ ਨਾਲ ਸਬੰਧਤ 100 ਦੇ ਕਰੀਬ ਸ਼ਿਕਾਇਤਾਂ ਸੁਣੀਆਂ ਅਤੇ ਸਮੱਸਿਆਵਾਂ ਦੇ ਹੱਲ ਲਈ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਨਗਰ ਨਿਗਮ ਦਫ਼ਤਰ ਹੁਸ਼ਿਆਰਪੁਰ ਵਿਚ ਆਯੋਜਿਤ ਖੁੱਲ੍ਹੇ ਦਰਬਾਰ ਵਿਚ ਸ਼ਿਕਾਇਤਾਂ ਸੁਣਨ ਦਾ ਸਮੇਂ ਬੇਸ਼ਕ ਸਵੇਰੇ 9 ਵਜੇ ਤੋਂ 11 ਵਜੇ ਤੱਕ ਦਾ ਸੀ, ਪਰੰਤੂ ਕੈਬਨਿਟ ਮੰਤਰੀ ਵਲੋਂ ਦੁਪਹਿਰ 2 ਵਜੇ ਤੱਕ ਇਥੇ ਹਰ ਵਿਅਕਤੀ ਦੀ ਸ਼ਿਕਾਇਤ ਨੂੰ ਸੁਣ ਕੇ ਉਸ ਦੇ ਹੱਲ ਲਈ ਨਿਰਦੇਸ਼ ਦਿੱਤੇ।
ਖੁੱਲ੍ਹੇ ਦਰਬਾਰ ਵਿਚ ਲੋਕਾਂ ਦੀਆਂ ਸਮੱਸਿਆਵਾਂ ਵਿਚ ਮੁੱਖ ਤੌਰ ’ਤੇ ਸੜਕ, ਪਾਣੀ ਦੇ ਟਿਊਬਵੈਲ, ਸਟਰੀਟ ਲਾਈਟ, ਸੀਵਰੇਜ਼ ਦੀਆਂ ਸਮੱਸਿਆਵਾਂ, ਨਜਾਇਜ਼ ਨਿਰਮਾਣ, ਨਗਰ ਨਿਗਮ ਦੇ ਬਿਲਡਿੰਗ ਬਰਾਂਚ ਆਦਿ ਨਾਲ ਸਬੰਧਤ ਸਨ। ਕੈਬਨਿਟ ਮੰਤਰੀ ਨੇ ਇਸ ਦੌਰਾਨ ਕਮਿਸ਼ਨਰ ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਕਿ ਉਹ ਉਕਤ ਸਾਰੀਆਂ ਸ਼ਿਕਾਇਤਾਂ ਦੀ ਨਿਗਰਾਨੀ ਕਰਦੇ ਹੋਏ ਉਸ ਦਾ ਤੈਅ ਸਮੇਂ ਵਿਚ ਹੱਲ ਕਰਵਾਉਣ। ਉਨ੍ਹਾਂ ਨਗਰ ਨਿਗਮ ਦੇ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਨਕਸ਼ਾ ਪਾਸ ਕਰਵਾਉਣ ਦੌਰਾਨ ਜੇਕਰ ਕਿਸੇ ਵੀ ਤਰ੍ਹਾਂ ਦੀ ਗੜਬੜੀ ਸਾਹਮਣੇ ਆਈ, ਤਾਂ ਸਬੰਧਤ ਅਧਿਕਾਰੀ ਦੇ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਉਨ੍ਹਾਂ ਐਮ.ਟੀ.ਪੀ ਤੇ ਬਰਾਂਚ ਦੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰ ਦੇ ਵਿਅਸਤ ਇਲਾਕੇ ਵਿਚ ਬਣੀਆਂ ਪੁਰਾਣੀਆਂ ਤੇ ਨਵੀਆਂ ਬਿਲਡਿੰਗਾਂ ਜੋ ਕਿ ਪਾਰਕਿੰਗ ਉਪਲਬੱਧ ਨਾ ਕਰਵਾ ਕੇ ਨਿਯਮਾਂ ਦਾ ਉਲੰਘਣ ਕਰ ਰਹੀਆਂ ਹਨ, ਉਨ੍ਹਾਂ ਨੂੰ ਪਾਰਕਿੰਗ ਦਾ ਇੰਤਜ਼ਾਮ ਕਰਨ ਦੀ ਚਿਤਾਵਨੀ ਦਿੱਤੀ ਜਾਵੇ, ਨਹੀਂ ਤਾਂ ਉਨ੍ਹਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਕੌਂਸਲਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਨ ਪ੍ਰਤੀਨਿੱਧੀਆਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਉਨ੍ਹਾਂ ਦਾ ਜਲਦ ਤੋਂ ਜਲਦ ਹੱਲ ਕਰਵਾਉਣ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਨਿਪਟਾਰਾ ਹੋਵੇ। ਇਸੇ ਕੜੀ ਤਹਿਤ ਪਿਛਲੇ ਇਕ ਸਾਲ ਤੋਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਹਰ ਸ਼ਨੀਵਾਰ ਤੇ ਐਤਵਾਰ ਹੁਸ਼ਿਆਰਪੁਰ ਵਿਚ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਚ ਨਾ ਸਿਰਫ਼ ਹੁਸ਼ਿਆਰਪੁਰ ਬਲਕਿ ਪੰਜਾਬ ਦੇ ਹੋਰ ਜ਼ਿਲਿ੍ਹਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਆ ਰਹੇ ਹਨ।
ਇਸ ਵਾਰ ਨਗਰ ਨਿਗਮ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਉਨ੍ਹਾਂ ਨੇ ਨਗਰ ਨਿਗਮ ਵਿਚ ਖੁੱਲ੍ਹਾ ਦਰਬਾਰ ਲਗਾਇਆ, ਤਾਂ ਜੋ ਸਬੰਧਤ ਵਿਭਾਗ ਦੀਆਂ ਸ਼ਿਕਾਇਤਾਂ ਸੁਣ ਕੇ ਉਥੇ ਹੀ ਅਧਿਕਾਰੀਆਂ ਨਾਲ ਉਸ ਦਾ ਹੱਲ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ’ਤੇ ਸਾਰੇ ਜ਼ਿਲਿ੍ਹਆਂ ਵਿਚ ਡਿਪਟੀ ਕਮਿਸ਼ਨਰ ਤੇ ਉਪ ਮੰਡਲ ਪੱਧਰ ’ਤੇ ਐਸ.ਡੀ.ਐਮਜ਼ ਵਲੋਂ ਪਿੰਡਾਂ ਵਿਚ ਸ਼ਿਕਾਇਤ ਨਿਵਾਰਨ ਕੈਂਪ ਲਗਾ ਕੇ ਵੀ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਸੂਬੇ ਵਿਚ ਹਰ ਸਮੱਸਿਆਵਾਂ ਦਾ ਤੈਅ ਸਮੇਂ ਵਿਚ ਹੱਲ ਕੀਤਾ ਜਾਵੇ, ਤਾਂ ਹੀ ਸਹੀ ਅਰਥਾਂ ਵਿਚ ਸੂਬੇ ਦਾ ਵਿਕਾਸ ਸੰਭਵ ਹੈ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਨਗਰ ਨਿਗਮ ਫਾਈਨਾਂਸ ਕਮੇਟੀ ਦੇ ਚੇਅਰਮੈਨ ਬਲਵਿੰਦਰ ਬਿੰਦੀ, ਕੌਂਸਲਰ ਪ੍ਰਦੀਪ ਬਿੱਟੂ, ਖਰੈਤੀ ਲਾਲ ਕਤਨਾ, ਮੁਖੀ ਰਾਮ ਤੋਂ ਇਲਾਵਾ ਹੋਰ ਕੌਂਸਲਰ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।