ਜਲੰਧਰ ਜ਼ਿਮਨੀ ਚੋਣ ਨੇ ਸਾਬਿਤ ਕੀਤਾ ਕਿ ਰਵਾਇਤੀ ਪਾਰਟੀਆਂ ਲੋਕਾਂ ਨੂੰ ਧਰਮਾਂ, ਜਾਤਾਂ ਦੇ ਮੁੱਦੇ ਤੇ ਹੋਰ ਗੁੰਮਰਾਹ ਨਹੀਂ ਕਰ ਸਕਦੀਆਂ- ਕੰਗ
- 'ਆਪ ਦੇਸ਼ ਦੇ ਹਰ ਨਾਗਰਿਕ ਦੀ ਪਾਰਟੀ ਅਤੇ ਪੰਜਾਬ ਸਮੇਤ ਹਰ ਦੇਸ਼ਵਾਸੀ ਦੇ ਚਿਹਰੇ ਉੱਤੇ ਖੁਸ਼ਹਾਲੀ ਦੀ ਮੁਸਕੁਰਾਹਟ ਨੂੰ ਲੈ ਕੇ ਆਉਣਾ ਹੀ ਸਾਡਾ ਮਕਸਦ- 'ਆਪ ਪੰਜਾਬ ਪ੍ਰਮੁੱਖ ਬੁਲਾਰੇ ਮਲਵਿੰਦਰ ਕੰਗ
- 'ਸਰਕਾਰ ਤੁਹਾਡੇ ਦੁਆਰ' ਅਧੀਨ ਜਲੰਧਰ ਵਿੱਚ ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਹੋਵੇਗੀ ਕੈਬਨਿਟ ਮੀਟਿੰਗ, 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜਲੰਧਰ ਨੂੰ ਦੇਸ਼ ਵਿੱਚ ਮਾਡਲ ਤੌਰ ਤੇ ਪੇਸ਼ ਕਰਾਂਗੇ- ਸ. ਕੰਗ
ਚੰਡੀਗੜ੍ਹ, 16 ਮਈ 2023 - ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ 'ਆਪ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਜਲੰਧਰ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਹੋਈ ਜਿੱਤ ਦਾ ਸਿਹਰਾ ਸਥਾਨਕ ਵਾਸੀਆਂ ਨੂੰ ਦਿੰਦਿਆਂ ਜਿੱਥੇ ਆਮ ਆਦਮੀ ਪਾਰਟੀ ਦੀ ਮੁੱਦਿਆਂ ਦੀ ਰਾਜਨੀਤੀ ਨੂੰ ਵੋਟ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ 'ਸਰਕਾਰ ਤੁਹਾਡੇ ਦੁਆਰ' ਅਧੀਨ ਜਲੰਧਰ ਵਿਖੇ ਭਲਕੇ ਹੋਣ ਜਾ ਰਹੀ ਕੈਬਨਿਟ ਮੀਟਿੰਗ ਬਾਰੇ ਵੀ ਜਾਣਕਾਰੀ ਦਿੱਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਜਲੰਧਰ ਜ਼ਿਮਨੀ ਚੋਣ ਨੇ ਸਾਬਿਤ ਕੀਤਾ ਕਿ ਰਵਾਇਤੀ ਪਾਰਟੀਆਂ ਲੋਕਾਂ ਨੂੰ ਧਰਮਾਂ, ਜਾਤਾਂ ਦੇ ਮੁੱਦੇ ਤੇ ਹੋਰ ਗੁੰਮਰਾਹ ਨਹੀਂ ਕਰ ਸਕਦੀਆਂ- ਕੰਗ (ਵੀਡੀਓ ਵੀ ਦੇਖੋ)
ਆਪਣੇ ਸੰਬੋਧਨ ਦੌਰਾਨ ਸ. ਕੰਗ ਨੇ ਲੋਕ ਸਭਾ ਜ਼ਿਮਨੀ ਚੋਣ ਵਿੱਚ ਪਾਰਟੀ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਚੋਣ ਨੇ ਇਹ ਸਿੱਧ ਕਰ ਦਿੱਤਾ ਕਿ ਲੋਕ ਹੁਣ ਰਵਾਇਤੀ ਪਾਰਟੀਆਂ ਵੱਲੋਂ ਕੀਤੀ ਜਾਂਦੀ ਧਰਮਾਂ, ਜਾਤਾਂ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ ਅਤੇ ਉਨ੍ਹਾਂ ਨੇ 'ਆਪ ਦੀ ਮੁੱਦਿਆਂ ਅਤੇ ਕੰਮ ਦੀ ਰਾਜਨੀਤੀ ਉੱਪਰ ਆਪਣੀ ਮੁਹਰ ਲਾ ਦਿੱਤੀ ਹੈ।
ਮਾਲਵਿੰਦਰ ਕੰਗ ਨੇ ਕਿਹਾ ਕਿ ਅਸੀਂ ਜਲੰਧਰ ਵਾਸੀਆਂ ਵਿਚਾਲੇ ਮਾਨ ਸਰਕਾਰ ਵੱਲੋਂ ਇੱਕ ਸਾਲ ਵਿੱਚ ਕੀਤੇ ਕੰਮਾਂ ਦੇ ਆਧਾਰ ਤੇ ਵੋਟ ਮੰਗਣ ਗਏ। ਅਸੀਂ ਉਨ੍ਹਾਂ ਨੂੰ ਮਹਿਜ਼ ਇੱਕ ਸਾਲ ਵਿੱਚ 29000 ਤੋਂ ਵੱਧ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ ਬਾਰੇ ਦੱਸਿਆ, ਅਸੀਂ ਦੱਸਿਆ ਕਿ ਕਿਵੇਂ ਮਾਨ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਰਹੀ ਹੈ, ਇੱਕ ਵਿਧਾਇਕ - ਇੱਕ ਪੈਨਸ਼ਨ, ਦਸ ਹਜ਼ਾਰ ਏਕੜ ਤੋਂ ਵਧੇਰੇ ਰਸੂਖਦਾਰਾਂ ਕੋਲੋਂ ਛੁਡਵਾਈ ਸਰਕਾਰੀ ਜ਼ਮੀਨ, ਮੁਹੱਲਾ ਕਲੀਨਿਕ, ਸਕੂਲ ਆਫ਼ ਐਮੀਨੈਂਸ ਅਤੇ ਲੋਕਾਂ ਨੂੰ ਮੁਫ਼ਤ 600 ਯੂਨਿਟ ਬਿਜਲੀ ਸਮੇਤ ਪੂਰੀਆਂ ਕੀਤੀਆਂ ਜਾ ਰਹੀਆਂ ਗਾਰੰਟੀਆਂ ਬਾਰੇ ਦੱਸਦਿਆਂ ਉਨ੍ਹਾਂ ਨੂੰ ਵੋਟ ਲਈ ਬੇਨਤੀ ਕੀਤੀ।
ਵਿਰੋਧੀਆਂ ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਅਕਾਲੀ, ਭਾਜਪਾ, ਕਾਂਗਰਸ ਸਭ ਨੇ ਜਲੰਧਰ ਜ਼ਿਮਨੀ ਚੋਣ ਦੌਰਾਨ ਨਾਕਾਰਤਮਕ ਪ੍ਰਚਾਰ ਕਰਦਿਆਂ ਸਾਨੂੰ ਗਾਲ੍ਹਾਂ ਕੱਢੀਆਂ, ਸਾਡੇ ਖਿਲਾਫ਼ ਕੂੜ-ਪ੍ਰਚਾਰ ਕੀਤਾ, ਪਰ ਉਹ ਸਭ ਲੋਕਾਂ ਦੀ ਨਬਜ਼ ਪਛਾਨਣ ਵਿੱਚ ਨਾਕਾਮਯਾਬ ਰਹੇ। ਉਨ੍ਹਾਂ ਚੋਣ ਪ੍ਰਚਾਰ ਦੌਰਾਨ ਅਕਾਲੀ ਆਗੂ ਮਜੀਠੀਆ ਵੱਲੋਂ ਕਰਤਾਰਪੁਰ ਤੋਂ 'ਆਪ ਵਿਧਾਇਕ ਬਲਕਾਰ ਸਿੰਘ ਨੂੰ ਕੱਢੀਆਂ ਗਾਲ੍ਹਾਂ ਦੀ ਜੰਮ ਕੇ ਆਲੋਚਨਾ ਕੀਤੀ। ਇਸ ਦੌਰਾਨ ਕੰਗ ਨੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਬਾਜਵਾ ਵੱਲੋਂ ਚੋਣ ਤੋਂ ਪਹਿਲਾਂ ਕੀਤੇ ਗਏ ਜਿੱਤ ਦੇ ਵੱਡੇ-ਵੱਡੇ ਦਾਅਵਿਆਂ ਉੱਪਰ ਵੀ ਤੰਜ ਕਸਿਆ।
ਕੰਗ ਨੇ ਕਿਹਾ ਕਿ ਅਕਾਲੀ ਦਲ ਖੁਦ ਨੂੰ ਸਿੱਖਾਂ ਦੀ ਪਾਰਟੀ ਕਹਿੰਦੀ ਹੈ, ਭਾਜਪਾ ਹਿੰਦੂਆਂ ਦੀ ਅਤੇ ਬਸਪਾ ਨੂੰ ਇਹ ਸਭ ਦਲਿਤਾਂ ਦੀ ਪਾਰਟੀ ਆਖਦੇ ਹਨ। ਇਨ੍ਹਾਂ ਸਭ ਦੀ ਇਸ ਵੰਡ-ਪਾਊ ਸਿਆਸਤ ਵਿਚਾਲੇ ਸਿਰਫ਼ ਆਮ ਆਦਮੀ ਪਾਰਟੀ ਹੀ ਐਸੀ ਹੈ ਜੋ ਪੰਜਾਬ ਸਮੇਤ ਦੇਸ਼ ਦੇ ਹਰ ਵਰਗ, ਭਾਈਚਾਰੇ ਦੀ ਪਾਰਟੀ ਹੈ। ਜੋ ਸਭ ਦਾ ਵਿਕਾਸ ਚਾਹੁੰਦੀ ਹੈ। ਇਸੇ ਕਰਕੇ ਤਾਂ ਪੰਜਾਬ ਅਤੇ ਦਿੱਲੀ ਵਾਸੀਆਂ ਨੇ ਸਾਨੂੰ ਭਾਰੀ ਬਹੁਮਤ ਦਿੱਤਾ। 2019 ਲੋਕ ਸਭਾ ਚੋਣਾਂ ਵਿੱਚ ਜਲੰਧਰ ਵਿੱਚ ਮਿਲੀਆਂ ਪੱਚੀ ਹਜ਼ਾਰ ਵੋਟਾਂ ਇਸ ਵਾਰ ਵੱਧਕੇ ਤਿੰਨ ਲੱਖ ਤੋਂ ਵੀ ਉੱਪਰ ਹੋ ਗਈਆਂ। ਕਾਂਗਰਸ ਜੋ 2019 ਲੋਕ-ਸਭਾ ਚੋਣਾਂ ਵਿੱਚ ਜਲੰਧਰ ਦੇ 5 ਵਿਧਾਨ ਸਭਾ ਹਲਕਿਆਂ ਵਿੱਚ ਜੇਤੂ ਰਹੀ ਸੀ, ਉਹ ਇਸ ਜ਼ਿਮਨੀ ਚੋਣ ਵਿੱਚ ਪ੍ਰਗਟ ਸਿੰਘ ਜਹੇ ਸੀਨੀਅਰ ਕਾਂਗਰਸੀ ਆਗੂ ਸਮੇਤ ਆਪਣੇ ਸਾਰੇ ਹਲਕਿਆਂ ਤੋਂ ਬੁਰੀ ਤਰ੍ਹਾਂ ਹਾਰ ਗਈ।
ਮਲਵਿੰਦਰ ਕੰਗ ਨੇ ਇਸ ਜਿੱਤ ਦਾ ਸਿਹਰਾ 'ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਦਿੰਦਿਆਂ ਕਿਹਾ ਕਿ ਪਾਰਟੀ ਦੇ ਦੋਵੇਂ ਮੁੱਖ ਆਗੂਆਂ ਨੇ ਖ਼ੁਦ ਦਿਨ-ਰਾਤ ਲੋਕਾਂ ਵਿੱਚ ਵਿਚਰਦਿਆਂ ਵਰਕਰਾਂ ਵਿੱਚ ਉਤਸ਼ਾਹ ਭਰਿਆ। ਇਹੀ ਕਾਰਨ ਹੈ ਕਿ ਜਲੰਧਰ ਵਾਸੀਆਂ ਨੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ 'ਆਪ ਪਾਰਟੀ ਨੂੰ ਸੰਸਦ ਵਿੱਚ ਆਪਣੀ ਨੁਮਾਇੰਦਗੀ ਕਰਨ ਲਈ ਚੁਣਿਆ।
'ਸਰਕਾਰ ਤੁਹਾਡੇ ਦੁਆਰ' ਅਧੀਨ ਮੁੱਖ-ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਭਲਕੇ ਜਲੰਧਰ ਵਿੱਚ ਹੋਣ ਜਾ ਰਹੀ ਕੈਬਨਿਟ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸ. ਕੰਗ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਜਲੰਧਰ ਲੋਕ-ਸਭਾ ਦੇ ਸਾਰੇ ਹਲਕਿਆਂ ਦੇ ਨੁਮਾਇੰਦੇ, ਅਫ਼ਸਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਮੰਤਰੀ ਸਹਿਬਾਨ ਸ਼ਾਮਿਲ ਹੋਣਗੇ। ਜੋ ਕਿ ਜਲੰਧਰ ਵਿੱਚ ਚੱਲ ਰਹੇ ਪ੍ਰੋ਼ਜੈਕਟਾਂ ਸਮੇਤ ਇਸਦੇ ਵਿਕਾਸ ਲਈ ਚਰਚਾ ਕਰਨਗੇ। ਅੰਤ ਵਿੱਚ ਕੰਗ ਨੇ ਕਿਹਾ ਕਿ ਮਾਨ ਸਰਕਾਰ ਜਲੰਧਰ ਦੇ ਸਰਵਪੱਖੀ ਵਿਕਾਸ ਲਈ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਸਾਡਾ ਇਹ ਟੀਚਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਸੀਂ ਜਲੰਧਰ ਨੂੰ ਇੱਕ ਮਾਡਲ ਦੇ ਤੌਰ ਤੇ ਪੂਰੇ ਦੇਸ਼ ਅੱਗੇ ਪੇਸ਼ ਕਰਾਂਗੇ।