ਗਲਤੀਆਂ ਲਈ ਮੈਨੂੰ ਮਾਫ ਕਰੋ ਪਰ ਪਾਰਟੀ ਚ ਵਾਪਸ ਆ ਜਾਓ-Sukhbir Badal ਨੇ SAD ਛੱਡ ਕੇ ਗਏ ਲੀਡਰਾਂ ਨੂੰ ਕੀਤੀ ਅਪੀਲ
ਬੀਬੀ ਜਗੀਰ ਕੌਰ ਦੀ ਉਮੀਦਵਾਰੀ ਦੀ ਹਮਾਇਤ ਕਰਨ ਵਾਲੇ ਦੋ ਸ਼੍ਰੋਮਣੀ ਕਮੇਟੀ ਮੈਂਬਰ ਅਕਾਲੀ ਦਲ ’ਚ ਸ਼ਾਮਲ
- ਬੀਬੀ ਜਗੀਰ ਕੌਰ ਦੀ ਹਮਾਇਤ ਕਰਨ ਵਾਲੇ 10 ਤੋਂ 15 ਹੋਰ ਸ਼੍ਰੋਮਣੀ ਕਮੇਟੀ ਮੈਂਬਰ ਅਕਾਲੀ ਦਲ ਵਿਚ ਸ਼ਾਮਲ ਹੋਣਗੇ: ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 8 ਜੂਨ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕੀਤਾ। ਇਹਨਾਂ ਦੋਵਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵੇਲੇ ਬੀਬੀ ਜਗੀਰ ਕੌਰ ਦੀ ਉਮੀਦਵਾਰੀ ਦੀ ਹਮਾਇਤ ਕੀਤੀ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਵੀਡੀਓ: ਗਲਤੀਆਂ ਲਈ ਮੈਨੂੰ ਮਾਫ ਕਰੋ ਪਰ ਪਾਰਟੀ ਚ ਵਾਪਸ ਆ ਜਾਓ-Sukhbir Badal ਨੇ SAD ਛੱਡ ਕੇ ਗਏ ਲੀਡਰਾਂ ਨੂੰ ਕੀਤੀ ਅਪੀਲ (ਵੀਡੀਓ ਵੀ ਦੇਖੋ)
ਉਹਨਾਂ ਨੇ ਪਾਇਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲਾ ਅਤੇ ਅੰਬਾਲਾ ਤੋਂ ਮੈਂਬਰਅਮਰੀਕ ਸਿੰਘ ਜਨੈਤਪੁਰਾ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਉਹਨਾਂ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬੀਬੀ ਜਗੀਰ ਕੌਰ ਦੀ ਉਮੀਦਵਾਰੀ ਦੀ ਹਮਾਇਤ ਕਰਨ ਵਾਲੇ 10 ਤੋਂ 15 ਹੋਰ ਸ਼੍ਰੋਮਣੀ ਕਮੇਟੀ ਮੈਂਬਰ ਆਉਂਦੇ ਦਿਨਾਂ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਣਗੇ।
ਉਹਨਾਂ ਨੇ ਪਿਛਲੇ ਸਾਲਾਂ ਦੌਰਾਨ ਅਕਾਲੀ ਦਲ ਛੱਡ ਕੇ ਗਏ ਸਾਰੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਪਾਰਟੀ ਵਿਚ ਮੁੜ ਸ਼ਾਮਲ ਹੋਣ। ਉਹਨਾਂ ਕਿਹਾ ਕਿ ਜੇਕਰ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਉਸ ਲਈ ਮੁਆਫੀ ਮੰਗਦਾ ਹਾਂ ਪਰ ਪੰਥ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚਣ ਵਾਲੀਆਂ ਤਾਕਤਾਂ ਨੂੰ ਮਾਤ ਪਾਉਣ ਲਈ ਸਾਡਾ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ।
ਜਿਥੇ ਹਰਪਾਲ ਸਿੰਘ ਜੱਲਾ ਅਕਾਲੀ ਦਲ ਵਿਚ ਮੁੜ ਸ਼ਾਮਲ ਹੋਏ ਹਨ, ਉਥੇ ਹੀ ਅਮਰੀਕ ਸਿੰਘ ਜਨੈਤਪੁਰ ਇਕ ਆਜ਼ਾਦ ਜਿੱਤੇ ਹੋਏ ਮੈਂਬਰ ਹਨ। ਦੋਵਾਂ ਮੈਂਬਰਾਂ ਨੇ ਅਕਾਲੀ ਦਲ ਪ੍ਰਧਾਨ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟ ਕੀਤਾ ਤੇ ਭਰੋਸਾ ਦੁਆਇਆ ਕਿ ਉਹ ਹਰ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰਨਗੇ।
ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਵਿਚ ਇਕ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਹਰਪ੍ਰੀਤ ਸਿੰਘ ਗਰਚਾ ਆਪਣੇ ਪਿਤਾ ਤੇ ਸਾਬਕਾ ਮੰਤਰੀ ਸਰਦਾਰ ਜਗਦੀਪ ਸਿੰਘ ਗਰਚਾ ਦੇ ਨਾਲ ਮੁੜ ਪਾਰਟੀ ਵਿਚ ਸ਼ਾਮਲ ਹੋਏ ਸਨ। ਉਹਨਾਂ ਕਿਹਾ ਕਿ ਹੋਰ ਵੀ ਮੈਂਬਰ ਜਲਦੀ ਪਾਰਟੀ ਵਿਚ ਮੁੜ ਸ਼ਾਮਲ ਹੋਣਗੇ। ਉਹਨਾਂ ਜ਼ੋਰਦੇ ਕੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਮਹਿਸੂਸ ਕਰ ਲਿਆ ਹੈ ਕਿ ਬੀਬੀ ਜਗੀਰ ਕੌਰ ਸਿੱਖ ਕੌਮ ਨੂੰ ਵੰਡਣ ਤੇ ਪੰਥ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸਨ। ਉਹਨਾਂ ਕਿਹਾ ਕਿ ਸਮੂਹ ਮੈਂਬਰਾਂ ਨੇ ਇਹਨਾਂ ਪੰਥ ਵਿਰੋਧੀ ਤਾਕਤਾਂ ਖਿਲਾਫ ਇਕਜੁੱਟ ਹੋਣ ਦਾ ਫੈਸਲਾ ਲਿਆ ਹੈ।