ਭਾਜਪਾ ਨੇ ਸੁਨੀਲ ਜਾਖੜ ਨੂੰ ਸੌਂਪੀ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ
ਹਿੰਦੂ ਨੇਤਾ ਹੋਣ ਦੇ ਬਾਵਜੂਦ ਮਸ਼ਹੂਰ ਚਿਹਰਾ, ਜਿਸ ਨੂੰ ਸਿੱਖ ਵੀ ਪਸੰਦ ਕਰਦੇ ਹਨ
ਸੀਨੀਅਰ ਕਾਂਗਰਸੀ ਆਗੂ ਬਲਰਾਮ ਜਾਖੜ ਦੇ ਪੁੱਤਰ ਅਤੇ ਉੱਘੇ ਹਿੰਦੂ ਆਗੂ
ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ
ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਮ.ਬੀ.ਏ
ਅਬੋਹਰ ਤੋਂ ਲਗਾਤਾਰ 3 ਵਾਰ ਵਿਧਾਇਕ ਰਹੇ ਅਤੇ 2017 ਵਿੱਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਚੁਣੇ ਗਏ
ਦਲਜੀਤ ਕੌਰ
ਚੰਡੀਗੜ੍ਹ, 4 ਜੁਲਾਈ, 2023: ਪੰਜਾਬ ਭਾਜਪਾ ਦੀ ਲੀਡਰਸ਼ਿਪ ਵਿੱਚ ਵੱਡੀ ਤਬਦੀਲੀ ਆਈ ਹੈ। 2024 ਦੀਆਂ ਲੋਕ ਸਭਾ ਚੋਣਾਂ ਤੋਂ ਮਹਿਜ਼ ਇੱਕ ਸਾਲ ਪਹਿਲਾਂ ਭਾਜਪਾ ਦੀ ਹਾਈਕਮਾਂਡ ਨੇ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਥਾਪ ਦਿੱਤਾ ਹੈ। ਬੀਤੇ ਦਿਨ ਅਸ਼ਵਨੀ ਸ਼ਰਮਾ ਦੇ ਅਸਤੀਫ਼ੇ ਦੀ ਗੱਲ ਚਲੀ ਸੀ ਪਰ ਸ੍ਰੀ ਸ਼ਰਮਾ ਨੇ ਇਸ ਨੂੰ ਅਫ਼ਵਾਹ ਦੱਸਿਆ ਸੀ। ਅੱਜ ਇਸ ਗੱਲ ਤੇ ਪੱਕੀ ਮੋਹਰ ਲੱਗ ਗਈ ਹੈ ਕਿ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਹੋਣਗੇ। ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਦਿੱਗਜ ਨੇਤਾ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪੀ ਗਈ ਹੈ। ਹਾਲ ਹੀ 'ਚ ਗੁਰਦਾਸਪੁਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਤੋਂ ਬਾਅਦ ਸੁਨੀਲ ਜਾਖੜ ਦੇ ਨਾਂ 'ਤੇ ਮੰਥਨ ਸ਼ੁਰੂ ਹੋ ਗਿਆ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........
ਭਾਜਪਾ ਨੇ ਸੁਨੀਲ ਜਾਖੜ ਨੂੰ ਸੌਂਪੀ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ (ਵੀਡੀਓ ਵੀ ਦੇਖੋ)
ਜ਼ਿਕਰਯੋਗ ਹੈ ਕਿ ਸ੍ਰੀ ਸੁਨੀਲ ਜਾਖੜ ਕਾਂਗਰਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੀਨੀਅਰ ਆਗੂ ਵਜੋਂ ਸੇਵਾ ਨਿਭਾਅ ਰਹੇ ਸਨ ਪਰ ਪਿਛਲੇ ਸਾਲ ਹੀ ਕਾਂਗਰਸ ਦੀ ਹਾਰ ਤੋਂ ਬਾਅਦ ਉਹ ਮਈ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਹ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਸਨ। ਸ੍ਰੀ ਸੁਨੀਲ ਜਾਖੜ ਪਿਛਲੇ ਸਮੇਂ ਵਿੱਚ ਅਬੋਹਰ ਤੋਂ ਦੋ ਵਾਰ ਵਿਧਾਇਕ ਅਤੇ ਇੱਕ ਵਾਰ ਗੁਰਦਾਸਪੁਰ ਹਲਕੇ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਜਾਖੜ 2012 ਤੋਂ 2017 ਤੱਕ ਸੂਬਾ ਕਾਂਗਰਸ ਪ੍ਰਧਾਨ ਵੀ ਰਹਿ ਚੁੱਕੇ ਹਨ।
ਭਾਜਪਾ ਵਿੱਚ ਸ਼ਾਮਲ ਹੋਏ 7 ਚਿਹਰਿਆਂ ਵਿੱਚੋਂ ਇੱਕ
ਸੁਨੀਲ ਜਾਖੜ ਉਨ੍ਹਾਂ 7 ਅਹਿਮ ਚਿਹਰਿਆਂ 'ਚੋਂ ਇਕ ਹਨ, ਜੋ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਨ। ਸਾਬਕਾ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਤੋਂ ਇਲਾਵਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਰਾਜਕੁਮਾਰ ਵੇਰਕਾ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ ਅਤੇ ਰਾਣਾ ਗੁਰਮੀਤ ਸੋਢੀ ਸ਼ਾਮਲ ਹਨ। ਭਾਜਪਾ ਨੂੰ ਉਮੀਦ ਹੈ ਕਿ ਇਹ ਉਹ ਚਿਹਰੇ ਹਨ ਜੋ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਦੇ ਟੀਚੇ ਤੱਕ ਪਹੁੰਚਣ ਵਿੱਚ ਉਸਦੀ ਮਦਦ ਕਰ ਸਕਦੇ ਹਨ।