ਆਹ ਵੇਖ ਲਓ, ਅਸ਼ਵਨੀ ਸੇਖੜੀ ਦੇ ਭਾਜਪਾ ਚ ਸ਼ਾਮਲ ਹੋਣ 'ਤੇ ਕਾਂਗਰਸੀਆਂ ਨੇ ਖੁਦ ਹੀ ਵੰਡ ਦਿੱਤੇ ਲੱਡੂ
- ਕਹਿੰਦੇ ਅੱਜ ਬਟਾਲਾ ਕਾਂਗਰਸ ਹੋਈ ਅਜ਼ਾਦ,,
ਰਿਪੋਰਟਰ..... ਰੋਹਿਤ ਗੁਪਤਾ
ਗੁਰਦਾਸਪੁਰ, 16 ਜੁਲਾਈ 2023 - ਜਿਵੇਂ ਹੀ ਬਟਾਲਾ ਤੋਂ ਸੀਨੀਅਰ ਕਾਂਗਰਸੀ ਆਗੂ, ਤਿੰਨ ਵਾਰ ਦੇ ਵਿਧਾਇਕ ਅਤੇ ਮੰਤਰੀ ਰਹੇ ਅਸ਼ਵਨੀ ਸੇਖੜੀ ਦੇ ਭਾਜਪਾ ਚ ਸ਼ਾਮਿਲ ਹੋਣ ਦੀ ਖਬਰ ਸਾਹਮਣੇ ਆਈ ਤਾਂ ਬਟਾਲਾ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਕਾਂਗਰਸ ਭਵਨ ਬਟਾਲਾ ਚ ਇਕੱਠੇ ਹੋ ਕੇ ਖੁਸ਼ੀ ਮਨਾਈ ਅਤੇ ਲੱਡੂ ਵੰਡ ਕੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਮੁਬਾਰਕਾਂ ਦਿੱਤੀਆਂ।ਇਸ ਮੌਕੇ ਬਟਾਲਾ ਚ ਅਸ਼ਵਨੀ ਸੇਖੜੀ ਅਤੇ ਤ੍ਰਿਪਤ ਬਾਜਵਾ ਦੇ ਧੜਿਆਂ ਨਾਲ ਜੁੜੇ ਮੰਨੇ ਜਾਂਦੇ ਕਾਂਗਰਸੀ ਆਗੂ ਪਹਿਲੀ ਵਾਰ ਇਕ ਮੰਚ ਤੇ ਖੁੱਲ ਕੇ ਨਾਲ ਨਜ਼ਰ ਆਏ।ਸਾਰੀ ਲੀਡਰਸ਼ਿਪ ਵੱਲੋਂ ਗਰਮਜੋਸ਼ੀ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਦੇ ਨਾਅਰੇ ਲਾਏ ਗਏ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.......
ਆਹ ਵੇਖ ਲਓ, ਅਸ਼ਵਨੀ ਸੇਖੜੀ ਦੇ ਭਾਜਪਾ ਚ ਸ਼ਾਮਲ ਹੋਣ 'ਤੇ ਕਾਂਗਰਸੀਆਂ ਨੇ ਖੁਦ ਹੀ ਵੰਡ ਦਿੱਤੇ ਲੱਡੂ (ਵੀਡੀਓ ਵੀ ਦੇਖੋ)
ਗੱਲਬਾਤ ਦੌਰਾਨ ਬਟਾਲਾ ਸਿਟੀ ਕਾਂਗਰਸ ਪ੍ਰਧਾਨ ਸੰਜੀਵ ਸ਼ਰਮਾ,ਨਗਰ ਨਿਗਮ ਬਟਾਲਾ ਮੇਅਰ ਸੁੱਖਦੀਪ ਸਿੰਘ ਤੇਜਾ ਨੇ ਸਾਂਝੇ ਤੌਰ ਤੇ ਕਿਹਾ ਕਿ ਅਸ਼ਵਨੀ ਸੇਖੜੀ ਦੇ ਭਾਜਪਾ ਚ ਜਾਣ ਨਾਲ ਕਾਂਗਰਸ ਅਤੇ ਖਾਸਕਰ ਬਟਾਲਾ ਕਾਂਗਰਸ ਨੂੰ ਕੋਈ ਘਾਟਾ ਨਹੀਂ ਪਿਆ ਸਗੋਂ ਕਾਂਗਰਸ ਮਜਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਬਟਾਲਾ ਕਾਂਗਰਸ ਦੀ ਧੜੇਬੰਦੀ ਖ਼ਤਮ ਹੋਈ ਹੈ ਜੋ ਅਸ਼ਵਨੀ ਸੇਖੜੀ ਵੱਲੋਂ ਪਾਈ ਗਈ ਸੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸੇਖੜੀ ਨੂੰ ਬਹੁਤ ਮਾਨ-ਸਨਮਾਨ ਦਿੱਤਾ ਵੱਡੇ ਅਹੁਦੇ ਦਿੱਤੇ ਪਰ ਅੱਜ ਸੇਖੜੀ ਵੱਲੋਂ ਕਿਹਾ ਜਾ ਰਿਹਾ ਹੈ ਮੇਰਾ ਪਾਰਟੀ ਚ ਸਾਹ ਘੁੱਟਦਾ ਸੀ।
ਉਨ੍ਹਾਂ ਕਿਹਾ ਕਿ ਪਹਿਲਾਂ ਸੇਖੜੀ ਅਕਾਲੀ-ਦਲ ਚ ਸ਼ਾਮਲ ਹੋਣ ਜਾ ਰਹੇ ਸਨ ਫਿਰ ਖਬਰਾਂ ਆਈਆਂ ਕਿ ਇਨ੍ਹਾਂ ਦੀ ਗੱਲ ਆਮ ਆਦਮੀ ਪਾਰਟੀ ਨਾਲ ਹੋ ਰਹੀ ਹੈ ਅਤੇ ਅੱਜ ਇਹ ਭਾਜਪਾ ਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਸ਼ਵਨੀ ਸੇਖੜੀ ਵੱਲੋਂ ਕਾਂਗਰਸ ਪਾਰਟੀ ਲਈ ਕਦੇ ਕੋਈ ਸਹਿਯੋਗ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸ਼ਵਨੀ ਸੇਖੜੀ ਨੇ ਕਦੇ ਕਿਸੇ ਦੀ ਖੁਸ਼ੀ ਗਮੀ ਚ ਹਿੱਸਾ ਨਹੀਂ ਲਿਆ ਬਸ ਵੋਟਾਂ ਤੋਂ ਛੇ ਮਹੀਨੇ ਪਹਿਲਾਂ ਆ ਕੇ ਟਿਕਟ ਲੈਕੇ ਦੱਸਦੇ ਸਨ ਕਿ ਮੈ ਚੋਣਾਂ ਲੜ ਰਿਹਾ ਹਾਂ।
ਉਨ੍ਹਾਂ ਕਿਹਾ ਅਜਿਹੇ ਨੇਤਾ ਨੇ ਕੀ ਜਿੱਤਣਾ ਜੋ ਜਨਤਾ ਜਾਂ ਪਾਰਟੀ ਵਰਕਰਾਂ ਚ ਆ ਕੇ ਨਹੀਂ ਵਿਚਰਦਾ। ਉਨ੍ਹਾਂ ਇਹ ਵੀ ਕਿਹਾ ਕਿ ਐਮਸੀ ਚੋਣਾਂ ਚ ਅਸ਼ਵਨੀ ਸੇਖੜੀ ਵੱਲੋਂ ਆਪਣੇ ਖੜੇ ਨੇਤਾਵਾਂ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ।ਅੰਤ ਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਾਈਕਮਾਨ ਨੂੰ ਹੁਣ ਬਟਾਲਾ ਚ ਇਕ ਅਜਿਹਾ ਨੇਤਾ ਦੇਣਾ ਚਾਹੀਦਾ ਹੈ ਜੋ ਸਭ ਨੂੰ ਸਾਥ ਲੈਕੇ ਚੱਲੇ ਕਿਉਂਕਿ ਸਭ ਬਟਾਲਾ ਕਾਂਗਰਸੀ ਆਗੂ ਅਤੇ ਵਰਕਰ ਇਕ ਹਨ ਅਤੇ ਪਾਰਟੀ ਨਾਲ ਚੱਟਾਨ ਵਾਂਗ ਖ਼ੜੇ ਹਨ।ਇਸ ਮੌਕੇ ਬਟਾਲਾ ਕਾਂਗਰਸ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਚ ਹਾਜ਼ਰ ਸਨ।