ਪੰਜਾਬ ਦੇ ਗਵਰਨਰ ਨੇ ਪੀਜੀਆਈ ਵਿਖੇ ਗੁਰਦੁਆਰੇ ਦਾ ਕੀਤਾ ਦੌਰਾ, ਇਸਦੀ ਨਿਰਸਵਾਰਥ ਸੇਵਾ ਦੀ ਕੀਤੀ ਸ਼ਲਾਘਾ
ਹਰਜਿੰਦਰ ਸਿੰਘ ਭੱਟੀ
- ਚੰਡੀਗੜ੍ਹ ਵੈਲਫੇਅਰ ਟਰੱਸਟ (CWT), ਪੀਜੀਆਈ ਵਿਖੇ ਸਥਿਤ ਗੁਰਦੁਆਰਾ ਪ੍ਰਤੱਖ ਦਰਸ਼ਨ ਪਾਤਸ਼ਾਹੀ ਛੇਵੀਂ ਨਾਲ ਮਿਲਕੇ ਕਰੇਗਾ ਮਰੀਜ਼ਾਂ ਦੀ ਸੇਵਾ
- ਬਨਵਾਰੀਲਾਲ ਪੁਰੋਹਿਤ ਨੇ ਪੀਜੀਆਈ ਵਿਖੇ ਗੁਰਦੁਆਰੇ ਦੇ ਦੌਰੇ ਦੌਰਾਨ ਯੂਟੀ ਪ੍ਰਸ਼ਾਸਨ ਤੋਂ ਪੂਰਨ ਸਮਰਥਨ ਦਾ ਦਿੱਤਾ ਭਰੋਸਾ
- ਚੰਡੀਗੜ੍ਹ ਨੂੰ ਮੈਡੀਸਿਟੀ ਵੱਜੋਂ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ; ਸਤਨਾਮ ਸਿੰਘ ਸੰਧੂ
ਚੰਡੀਗੜ੍ਹ, 21 ਜੁਲਾਈ 2023 - ਚੰਡੀਗੜ੍ਹ ਦੇ ਸੈਕਟਰ 12 ਸਥਿਤ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐੱਮ.ਈ.ਆਰ.) ਦੇ ਅੰਦਰ ਸਥਿਤ ਗੁਰਦੁਆਰਾ ਪ੍ਰਤੱਖ ਦਰਸ਼ਨ ਪਾਤਸ਼ਾਹੀ ਛੇਵੀਂ, ਦੂਰ-ਦੁਰਾਡੇ ਅਤੇ ਪਛੜੇ ਖੇਤਰਾਂ ਤੋਂ ਇਲਾਜ ਲਈ ਪੀਜੀਆਈ ਆਉਣ ਵਾਲੇ ਮਰੀਜ਼ਾਂ ਲਈ ਉਮੀਦ ਦੀ ਇੱਕ ਕਿਰਨ ਹੈ। ਇਸ ਗੁਰਦੁਆਰਾ ਨੇ ਸਿੱਖ ਧਰਮ ਦੀ ਸੇਵਾ ਦੀ ਵਿਲੱਖਣ ਵਿਸ਼ੇਸ਼ਤਾ ਨੂੰ ਜਿਉਂਦਾ ਰੱਖਿਆ ਹੋਇਆ ਹੈ। ਇੱਥੇ ਮਰੀਜਾਂ ਦੀ ਰਿਹਾਇਸ਼ ਅਤੇ ਭੋਜਨ ਦੀਆਂ ਬਹੁਤ ਹੀ ਵਧੀਆਂ ਸਹੂਲਤਾਂ ਬਿਲਕੁਲ ਮੁਫਤ ਮਹੱਈਆ ਕਰਵਾਈਆਂ ਜਾਂਦੀਆਂ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ..........
ਪੰਜਾਬ ਦੇ ਗਵਰਨਰ ਨੇ ਪੀਜੀਆਈ ਵਿਖੇ ਗੁਰਦੁਆਰੇ ਦਾ ਕੀਤਾ ਦੌਰਾ, ਇਸਦੀ ਨਿਰਸਵਾਰਥ ਸੇਵਾ ਦੀ ਕੀਤੀ ਸ਼ਲਾਘਾ (ਵੀਡੀਓ ਵੀ ਦੇਖੋ)
ਦੱਸਣਯੋਗ ਹੈ ਕਿ ਪਿਛਲੇ ਲਗਭਗ ਬਾਰਾਂ ਸਾਲਾਂ ਤੋਂ, ਗੁਰਦੁਆਰਾ ਹਰ ਰੋਜ਼ ਲਗਭਗ 6000 ਲੋਕਾਂ ਨੂੰ ਲੰਗਰ ਵਰਤਾਉਂਦਾ ਹੈ, ਜਿਸ ਵਿੱਚ ਮੁੱਖ ਤੌਰ 'ਤੇ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ। ਹਰ ਰਾਤ ਲਗਭਗ 1500 ਲੋਕਾਂ ਨੂੰ ਰਿਹਾਇਸ਼ ਪ੍ਰਦਾਨ ਕਰਦਾ ਹੈ।
ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਗੁਰਦੁਆਰੇ ਦੀ ਨਿਰਸਵਾਰਥ ਸੇਵਾ ਦੀ ਸ਼ਲਾਘਾ ਕੀਤੀ, ਉਹਨਾਂ ਨੇ ਚੰਡੀਗੜ੍ਹ ਵੈਲਫੇਅਰ ਟਰੱਸਟ (ਸੀਡਬਲਿਊਟੀ) ਦੇ ਸੰਸਥਾਪਕ ਸਤਨਾਮ ਸਿੰਘ ਸੰਧੂ ਅਤੇ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਨਾਲ 21 ਜੁਲਾਈ ਨੂੰ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਅਤੇ ਸੰਗਤ ਨੂੰ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ।
ਸੀਡਬਲਿਊਟੀ ਦੁਆਰਾ ਆਯੋਜਿਤ ਇਸ ਦੌਰੇ ਦੌਰਾਨ, ਪੁਰੋਹਿਤ ਨੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੂੰ ਹਰ ਰੋਜ਼ ਵੱਖ-ਵੱਖ ਰਾਜਾਂ ਤੋਂ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋਂ ਜਾਣੂ ਕਰਵਾਇਆ ਗਿਆ।
ਇੱਥੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਮਰੀਜ਼ਾਂ ਨੂੰ ਮੁਫਤ ਦਵਾਈ ਤੋਂ ਲੈ ਕੇ ਮੈਡੀਕਲ ਟੈਸਟਾਂ ਤੱਕ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਲੋੜ ਪੈਣ 'ਤੇ ਮਰੀਜ਼ਾਂ ਨੂੰ ਸਪੈਸ਼ਲ ਡਾਈਟ ਵੀ ਦਿੱਤੀ ਜਾਂਦੀ ਹੈ। ਕੁਝ ਲੋਕਾਂ ਨੂੰ ਆਉਣ-ਜਾਣ ਦਾ ਖਰਚਾ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਗੁਰਦੁਆਰਾ ਪੀਜੀਆਈ ਦੇ ਬਾਹਰ ਵੀ ਕੀਮੋਥੈਰੇਪੀ ਅਤੇ ਡਾਇਲਸਿਸ ਵਰਗੇ ਹੋਰ ਪ੍ਰਬੰਧਾਂ ਨਾਲ ਮਰੀਜ਼ਾਂ ਦੀ ਮਦਦ ਕਰਦਾ ਹੈ।
ਗੁਰਦੁਆਰੇ ਦਾ ਦੌਰਾ ਕਰਦਿਆਂ ਰਾਜਪਾਲ ਨੂੰ ਗੁਰਦੁਆਰੇ ਨੂੰ ਦਰਪੇਸ਼ ਕਈ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਗਈ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਬਨਵਾਰੀਲਾਲ ਪੁਰੋਹਿਤ, ਜਿਨ੍ਹਾਂ ਨੇ ਗੁਰੂਦੁਆਰਾ ਸਾਹਿਬ ਦੇ ਮਨੁੱਖਤਾ ਦੀ ਸੇਵਾ ਲਈ ਅਣਥੱਕ ਯਤਨਾਂ ਨੂੰ ਸਵੀਕਾਰ ਕੀਤਾ, ਕਿਹਾ, “ਗੁਰਦੁਆਰਾ ‘ਸੇਵਾ’ ਦੀ ਪਰੰਪਰਾ ਨੂੰ ਅੱਗੇ ਵਧਾ ਰਿਹਾ ਹੈ ਜੋ ਸਿੱਖ ਧਰਮ ਦੀਆਂ ਸਰਵਉੱਚ ਸੇਵਾਵਾਂ ਵਿੱਚੋਂ ਇੱਕ ਹੈ। ਲੋੜਵੰਦਾਂ ਦੀ ਮਦਦ ਕਰਨ ਵਿੱਚ ਸਿੱਖ ਕੌਮ ਹਮੇਸ਼ਾ ਮੋਹਰੀ ਰਹੀ ਹੈ। ਇਹ ਸ਼ਲਾਘਾਯੋਗ ਹੈ ਕਿ ਕਿਸ ਤਰ੍ਹਾਂ ਇਹ ਗੁਰਦੁਆਰਾ ਅਤੇ ਇਸਦੀ ਪ੍ਰਬੰਧਕ ਕਮੇਟੀ ਉਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ ਜੋ ਦੁਖੀ ਅਤੇ ਨਿਰਾਸ਼ ਹੋ ਕੇ ਇਸ ਹਸਪਤਾਲ ਆਉਂਦੇ ਹਨ।
ਉਨ੍ਹਾਂ ਕਿਹਾ, “ਚੰਡੀਗੜ੍ਹ ਪ੍ਰਸ਼ਾਸਨ ਗੁਰਦੁਆਰਾ ਸਾਹਿਬ ਦੀਆਂ ਸਹੂਲਤਾਂ ਨੂੰ ਵਧਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਜੋ ਲੋੜ ਦੇ ਸਮੇਂ ਵੱਧ ਤੋਂ ਵੱਧ ਲੋਕਾਂ ਨੂੰ ਮਦਦ ਮਿਲ ਸਕੇ।”
ਚੰਡੀਗੜ੍ਹ ਵੈਲਫੇਅਰ ਟਰੱਸਟ (ਸੀਡਬਲਿਊਟੀ) ਦੇ ਸੰਸਥਾਪਕ ਸਤਨਾਮ ਸਿੰਘ ਸੰਧੂ ਨੇ ਗੁਰਦੁਆਰੇ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਗੁਰਦੁਆਰਾ ਪਿਛਲੇ 12 ਸਾਲਾਂ ਤੋਂ ਪੀਜੀਆਈ ਆਉਣ ਵਾਲੇ ਮਰੀਜ਼ਾਂ ਅਤੇ ਰਿਸ਼ਤੇਦਾਰਾਂ ਦੀ ਸੇਵਾ ਕਰ ਰਿਹਾ ਹੈ ਜੋ ਕਿ ਮਾਨਵਤਾ ਦੀ ਅਨੌਖੀ ਮਸਾਲ ਹੈ।
ਉਹਨਾਂ ਕਿਹਾ ਕਿ ਸੀਡਬਲਿਊਟੀ ਚੰਡੀਗੜ੍ਹ ਸ਼ਹਿਰ ਦੀ ਭਲਾਈ ਲਈ ਵੀ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਹੁਣ ਗੁਰੂਦੁਆਰਾ ਸਾਹਿਬ ਨੂੰ ਮਨੁੱਖਤਾ ਦੀ ਸੇਵਾ ਕਰਨ ਦੇ ਆਪਣੇ ਮਿਸ਼ਨ ਵਿੱਚ ਹਰ ਸੰਭਵ ਸਹਾਇਤਾ ਵੀ ਪ੍ਰਦਾਨ ਕਰੇਗਾ।” ਉਹਨਾਂ ਦੱਸਿਆ ਕਿ ਦੇਸ਼ ਦੇ ਪ੍ਰਮੁੱਖ ਮੈਡੀਕਲ ਅਦਾਰਿਆਂ ਵਿੱਚੋਂ ਇੱਕ ਹੋਣ ਕਰਕੇ ਇੱਥੇ ਹਜਾਰਾ ਮਰੀਜ਼ ਆਉਂਦੇ ਹਨ। 2021-22 ਦੇ ਅੰਕੜਿਆਂ ਮੁਤਾਬਕ ਹਰ ਸਾਲ 1552894 ਮਰੀਜ਼ ਪੀਜੀਆਈ ਆਉਂਦੇ ਹਨ ਅਤੇ 81387 ਮਰੀਜ ਹਰ ਸਾਲ ਦਾਖਲ ਹੁੰਦੇ ਹਨ। ਮਰੀਜ਼ਾਂ ਦੀ ਇੰਨੀ ਵੱਡੀ ਤਾਦਾਦ ਦਾ ਭਾਰ ਕਈ ਵਾਰ ਹਸਪਤਾਲ ਵਿੱਚ ਸਿਹਤ ਸੇਵਾਵਾਂ ਨੂੰ ਪ੍ਰਭਾਵਿਤ ਕਰਦਾ ਹੈ।
ਸਤਨਾਮ ਸਿੰਘ ਸੰਧੂ ਨੇ ਕਿਹਾ, “ਅਸੀਂ ਗੁਰਦੁਆਰਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਰਮਿਆਨ ਇੱਕ ਪੁਲ ਵਜੋਂ ਕੰਮ ਕਰਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਇਸ ਦੀਆਂ ਸੇਵਾਵਾਂ ਨੂੰ ਹੋਰ ਵਧਾਉਣ ਲਈ ਪ੍ਰਸ਼ਾਸਨ ਤੋਂ ਲੋੜੀਂਦੀ ਮਦਦ ਮਿਲੇ।
ਉਹਨਾਂ ਕਿਹਾ, “ਚੰਡੀਗੜ੍ਹ ਨੂੰ ਮੈਡੀਸਿਟੀ ਬਣਾਇਆ ਜਾ ਸਕਦਾ ਹੈ। ਮੋਹਾਲੀ ਨੇ ਇਸ ਉਦੇਸ਼ ਵੱਲ ਕਾਫੀ ਕੰਮ ਕੀਤਾ ਹੈ ਅਤੇ ਹੁਣ ਚੰਡੀਗੜ੍ਹ ਦੀ ਵਾਰੀ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਕੋਲ ਇੱਕ ਮੈਡੀਸਿਟੀ ਬਣਨ ਦੀਆਂ ਸਾਰੀਆਂ ਖੂਬੀਆਂ ਹਨ। ਉਹਨਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਇਸ ਸਮੇਂ ਪੀਜੀਆਈ, 4 ਸਰਕਾਰੀ ਹਸਪਤਾਲ, 16 ਪ੍ਰਾਈਵੇਟ ਹਸਪਤਾਲ, 3 ਪ੍ਰਾਇਮਰੀ ਹੈਲਥ ਸੈਂਟਰ, ਅਤੇ 34 ਡਿਸਪੈਂਸਰੀਆਂ, 7 ਮੈਡੀਕਲ ਸੈਂਟਰ ਅਤੇ 17 ਸਬ-ਸੈਂਟਰ ਹਨ। ਇਸ ਤੋਂ ਇਲਾਵਾ 12 ਚੈਰੀਟੇਬਲ ਹਸਪਤਾਲ ਅਤੇ ਟਰੱਸਟ ਹਨ ਅਤੇ ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ ਦੁਆਰਾ ਪ੍ਰਬੰਧਿਤ 70 ਡਾਇਗਨਿਸਟਿਕ ਲੈਬਾਂ ਹਨ।
ਇਸਤੋਂ ਇਲਾਵਾ ਦੇਸ਼ ਦੇ ਲਗਭਗ ਸਾਰੇ ਰਾਜਾਂ ਨਾਲ ਇਸ ਸ਼ਹਿਰ ਦੀ ਕਨੈਕਟਿਵਿਟੀ ਬਹੁਤ ਵਧੀਆ ਹੈ। ਇਸਨੂੰ ਧਿਆਨ ਵਿੱਚ ਰੱਖਦੇ ਹੋਏ, ਇੱਥੇ ਮੈਡਿਕਲ ਟੂਰਿਜ਼ਮ ਨੂੰ ਵੀ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ। ਸੋ, ਸੀਡਬਲਿਊਟੀ ਸ਼ਹਿਰ ਵਿੱਚ ਮੈਡੀਕਲ ਟੂਰਿਜ਼ਮ ਨੂੰ ਹੁਲਾਰਾ ਦੇਣ 'ਤੇ ਧਿਆਨ ਕੇਂਦਰਿਤ ਕਰੇਗਾ ਅਤੇ ਇਸਨੂੰ ਇੱਕ ਮੈਡੀਕਲ ਹੱਬ ਬਣਾਉਣ ਦੀ ਕੋਸ਼ਿਸ਼ ਕਰੇਗਾ।“
ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਨੇ ਕਿਹਾ ਕਿ ਪੀ.ਜੀ.ਆਈ.ਐਮ.ਈ.ਆਰ. ਕੈਂਪਸ ਦਾ ਗੁਰਦੁਆਰਾ ਪਿਛਲੇ ਸਾਲਾਂ ਦੌਰਾਨ ਆਪਣੀਆਂ ਨਿਰਸਵਾਰਥ ਸੇਵਾਵਾਂ ਰਾਹੀਂ ਮਨੁੱਖਤਾ ਦੇ ਮੁਕਤੀਦਾਤਾ ਵਜੋਂ ਉਭਰਿਆ ਹੈ। “ਸਿੱਖ ਭਾਈਚਾਰਾ ਜਾਤ, ਰੰਗ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਸਭ ਦੀ ਸੇਵਾ ਕਰਨ ਦੀ ਆਪਣੀ ਅਮੀਰ ਜੀਵਣ ਪਰੰਪਰਾ ਲਈ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਸਿੱਖ ਧਰਮ ਦਾ ਅਧਾਰ ਹੈ। ਇਹ ਗੁਰਦੁਆਰਾ ਦੂਰ-ਦੁਰਾਡੇ ਤੋਂ ਇਲਾਜ ਲਈ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਆਸਰਾ ਅਤੇ ਭੋਜਨ ਪ੍ਰਦਾਨ ਕਰਕੇ ਮਨੁੱਖਤਾ ਦੀ ਮਹਾਨ ਸੇਵਾ ਕਰ ਰਿਹਾ ਹੈ।