ਵੱਡੀ ਖ਼ਬਰ: ਸੰਗਰੂਰ ਦੇ ਲੌਂਗੋਵਾਲ 'ਚ ਪੁਲਿਸ ਅਤੇ ਕਿਸਾਨਾਂ 'ਚ ਝੜਪ, ਭਗਦੜ ਦੌਰਾਨ ਟਰਾਲੀ ਹੇਠ ਆਏ ਕਿਸਾਨ ਦੀ ਮੌਤ
ਸੰਗਰੂਰ, 21 ਅਗਸਤ 2023 - ਕਿਸਾਨ ਜਥੇਬੰਦੀਆਂ ਦਾ 22 ਅਗਸਤ ਨੂੰ ਪ੍ਰਦਰਸ਼ਨ ਚੰਡੀਗੜ੍ਹ ਦਾ ਘਿਰਾਓ ਕਰਨ ਦੀ ਕਾਲ ਦਿੱਤੀ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਅੱਜ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ 'ਚ ਲਿਆ ਹੈ। ਜਿਸ ਦਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........
ਵੱਡੀ ਖ਼ਬਰ: ਸੰਗਰੂਰ ਦੇ ਲੌਂਗੋਵਾਲ 'ਚ ਪੁਲਿਸ ਅਤੇ ਕਿਸਾਨਾਂ 'ਚ ਝੜਪ, ਭਗਦੜ ਦੌਰਾਨ ਟਰਾਲੀ ਹੇਠ ਆਏ ਕਿਸਾਨ ਦੀ ਮੌਤ (ਵੀਡੀਓ ਵੀ ਦੇਖੋ)
ਇਸ ਦੌਰਾਨ ਸੰਗਰੂਰ ਦੇ ਲੌਂਗੋਵਾਲ 'ਚ ਵੀ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਹਿਰਾਸਤ 'ਚ ਲਏ ਜਾਣ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ, ਇਸ ਦੌਰਾਨ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਵਿਚਕਾਰ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਮੱਚੀ ਭਗਦੜ ਦੌਰਾਨ ਇੱਕ ਬਜ਼ੁਰਗ ਕਿਸਾਨ ਟਰਾਲੀ ਹੇਠਾਂ ਆ ਕੇ ਗੰਭੀਰ ਜ਼ਖਮੀ ਹੋ ਗਿਆ ਅਤੇ ਦੱਸਿਆ ਜਾ ਰਿਹਾ ਹੈ ਕੇ ਉਸ ਦਾ ਇੱਕ ਪੈਰ ਬਿਲਕੁਲ ਵੱਖ ਹੋ ਗਿਆ ਸੀ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਬਜ਼ੁਰਗ ਕਿਸਾਨ ਦੀ ਪਛਾਣ ਪ੍ਰੀਤਮ ਸਿੰਘ ਵੱਲੋਂ ਹੋਈ ਹੋਈ ਹੈ। ਇਸ ਸੰਬੰਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਕਿ ਕਿਵੇਂ ਬਜ਼ੁਰਗ ਕਿਸਾਨ ਟਰਾਲੀ ਦੇ ਟਾਇਰ ਹੇਠ ਆ ਕੇ ਜ਼ਖਮੀ ਹੋ ਗਿਆ।
ਇਸ ਸੰਬੰਧੀ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਕਿਸਾਨ ਟਰਾਲੀ 'ਚ ਸੀ ਅਤੇ ਉਹ ਟਰਾਲੀ ਤੋਂ ਬੁੜਕ ਕੇ ਹੇਠਾਂ ਡਿੱਗ ਗਿਆ ਅਤੇ ਉਸ ਦਾ ਪੈਰ ਟਾਇਰ ਹੇਠਾਂ ਆ ਕੇ ਲੱਤ ਨਾਲੋਂ ਵੱਖ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਸੰਗਰੂਰ ਤੋਂ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ ਸੀ ਅਤੇ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ, ਜਦਕਿ ਮੰਡੇਰ ਕਲਾਂ ਦਾ ਇਕ ਹੋਰ ਕਿਸਾਨ ਗੁਰਜੰਟ ਸਿੰਘ ਵੀ ਪ੍ਰਦਰਸ਼ਨਕਾਰੀਆਂ ਦੀ ਗੱਡੀ ਦੀ ਲਪੇਟ ਵਿਚ ਆ ਕੇ ਜ਼ਖਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਵਿਚ ਦਾਖਲ ਕਰਵਾਇਆ ਗਿਆ ਹੈ।
ਕਿਸਾਨਾਂ ਦੇ ਚੰਡੀਗੜ੍ਹ ਧਰਨੇ ਦੇ ਐਲਾਨ ਤੋਂ ਬਾਅਦ ਅੱਜ ਪੰਜਾਬ ਪੁਲਿਸ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੂੰ ਤਰਨਤਾਰਨ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਗ੍ਰਿਫ਼ਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਕਈ ਕਿਸਾਨ ਆਗੂਆਂ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਕਿਸਾਨਾਂ ਵੱਲੋਂ ਕੇਂਦਰ ਤੋੋਂ ਹੜ੍ਹਾਂ ਦੇ ਹੋਏ ਨੁਕਸਾਨ ਦਾ 50 ਹਜ਼ਾਰ ਕਰੋੜ ਦਾ ਵਿਸ਼ੇਸ਼ ਪੈਕੇਜ ਮੰਗਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ ਘੱਗਰ ਸਮੇਤ ਸਾਰੇ ਦਰਿਆਵਾਂ ਦਾ ਪੱਕਾ ਹੱਲ ਕਰੇ । ਹੜ੍ਹਾਂ ਦਾ ਮੁਆਵਜ਼ਾ 50 ਹਜ਼ਾਰ ਪ੍ਰਤੀ ਏਕੜ ਦਿੱਤਾ ਜਾਵੇ। ਮਾਰੇ ਗਏ ਪਸ਼ੂ ਧਨ ਦਾ 1 ਲੱਖ ਰੁਪਏ ਮੁਆਵਜ਼ਾ ਮਿਲੇ । ਢਹਿ ਚੁੱਕੇ ਘਰਾਂ ਦਾ 5 ਲੱਖ ਤੇ ਜਾਨੀ ਨੁਕਸਾਨ ਦਾ 10 ਲੱਖ ਦਿੱਤਾ ਜਾਵੇ।