ਭਗਵੰਤ ਮਾਨ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਮੁੱਖ ਮੰਤਰੀ - ਅਰਵਿੰਦ ਕੇਜਰੀਵਾਲ
- ਪਹਿਲਾਂ ਮੁੱਖ ਮੰਤਰੀ ਹੜ੍ਹਾਂ ਵੇਲੇ ਹੈਲੀਕਾਪਟਰ ਰਾਹੀਂ ਜਾਂਦੇ ਸਨ, ਪਰ ਹੜ੍ਹ ਪੀੜਤਾਂ ਦਾ ਹਾਲ ਜਾਣਨ ਲਈ ਭਗਵੰਤ ਮਾਨ ਖੁਦ ਕਿਸ਼ਤੀ ਵਿਚ ਸਵਾਰ ਹੋ ਕੇ ਨਿਕਲੇ-ਕੇਜ਼ਰੀਵਾਲ
- ਉਦਯੋਗ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਮਾਨ ਸਰਕਾਰ ਦਾ 'ਗਰੀਨ ਸਟੈਂਪ ਪੇਪਰ' ਇਤਿਹਾਸਕ ਕਦਮ, ਇਹ ਹੈ ਦੇਸ਼ ਦਾ ਸਭ ਤੋਂ ਵਧੀਆ ਸਿੰਗਲ ਵਿੰਡੋ ਸਿਸਟਮ - ਕੇਜਰੀਵਾਲ
- ਪੰਜਾਬ 'ਚ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ, ਉਦਯੋਗ ਵਧ ਰਹੇ ਹਨ, ਡੇਢ ਸਾਲ 'ਚ 3.5 ਲੱਖ ਐਮਐਸਐਮਈ ਰਜਿਸਟ੍ਰੇਸ਼ਨਾਂ ਹੋਈਆਂ-ਕੇਜਰੀਵਾਲ
ਚੰਡੀਗੜ੍ਹ/ਅੰਮ੍ਰਿਤਸਰ, 14 ਸਤੰਬਰ 2023 - ਅੰਮ੍ਰਿਤਸਰ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ‘ਸਰਕਾਰ-ਸੰਨਅਤਕਾਰ ਮਿਲਨੀ’ ਪ੍ਰੋਗਰਾਮ ਦੌਰਾਨ ਵਪਾਰੀਆਂ ਤੇ ਕਾਰੋਬਾਰੀਆਂ ਦੇ ਇੱਕ ਸਮੂਹ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵਧੀਆ ਮੁੱਖ ਮੰਤਰੀ ਦੱਸਿਆ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੇ ਕਈ ਮਹਾਨ ਨੇਤਾ ਪੈਦਾ ਕੀਤੇ ਹਨ। ਕਈ ਮਹਾਨ ਮੁੱਖ ਮੰਤਰੀ ਦਿੱਤੇ ਹਨ ਪਰ ਭਗਵੰਤ ਮਾਨ ਨੇ ਆਪਣੇ ਕੰਮਾਂ ਰਾਹੀਂ ਸਾਬਤ ਕਰ ਦਿੱਤਾ ਹੈ ਕਿ ਉਹ ਅੱਜ ਤੱਕ ਦੇ ਪੰਜਾਬ ਦੇ ਸਭ ਤੋਂ ਵਧੀਆ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਹੜ੍ਹਾਂ ਜਾਂ ਹੋਰ ਕੁਦਰਤੀ ਆਫ਼ਤਾਂ ਵੇਲੇ ਹੈਲੀਕਾਪਟਰ ਰਾਹੀਂ ਦਰਸ਼ਨਾਂ ਲਈ ਨਿਕਲਦੇ ਸਨ, ਪਰ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹੈਲੀਕਾਪਟਰ ਦੀ ਬਜਾਏ ਕਿਸ਼ਤੀ ਵਿੱਚ ਬੈਠ ਕੇ ਲੋਕਾਂ ਦਾ ਹਾਲ ਜਾਣਨ ਲਈ ਨਿਕਲੇ ਸਨ ਅਤੇ ਖੁਦ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ।
ਵੀਡੀਓ ਦੇਖਣ ਲਈ ਹੇਠਾਂ ਚਿੱਟੇ ਲਿੰਕ 'ਤੇ ਕਲਿੱਕ ਕਰੋ..........
https://fb.watch/n2WTFV3wZm/
ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਕਈ ਲੋਕ ਕਹਿੰਦੇ ਸਨ ਕਿ ਭਗਵੰਤ ਮਾਨ ਕਾਮੇਡੀਅਨ ਹੈ। ਉਹ ਸਰਕਾਰ ਨਹੀਂ ਚਲਾ ਸਕਦਾ। ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਕਈ ਅਜਿਹੇ ਇਤਿਹਾਸਕ ਫੈਸਲੇ ਲਏ, ਜਿਨ੍ਹਾਂ ਨਾਲ ਪੰਜਾਬ ਦੀਆਂ ਵੱਡੀਆਂ ਸਮੱਸਿਆਵਾਂ ਹੱਲ ਹੋ ਗਈਆਂ। ਮਾਨ ਸਰਕਾਰ ਨੇ ਉਦਯੋਗ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ 'ਗਰੀਨ ਸਟੈਂਪ ਪੇਪਰ' ਪ੍ਰਣਾਲੀ ਲਾਗੂ ਕੀਤੀ। ਇਹ ਦੇਸ਼ ਦਾ ਸਭ ਤੋਂ ਵਧੀਆ ਸਿੰਗਲ ਵਿੰਡੋ ਸਿਸਟਮ ਹੈ। ਪੂਰੇ ਦੇਸ਼ ਵਿੱਚ ਕਿਤੇ ਵੀ ਅਜਿਹੀ ਵਿਵਸਥਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਵੀ ਸਾਰੀਆਂ ਵਿਰੋਧੀ ਪਾਰਟੀਆਂ ਸਾਡਾ ਮਜ਼ਾਕ ਉਡਾਉਂਦੀਆਂ ਸਨ ਪਰ ਦਿੱਲੀ ਵਿੱਚ ਅਸੀਂ ਪਿਛਲੇ ਸਾਢੇ ਅੱਠ ਸਾਲਾਂ ਤੋਂ ਸ਼ਾਨਦਾਰ ਸਰਕਾਰ ਚਲਾ ਰਹੇ ਹਾਂ। ਸਾਡੀ ਸਰਕਾਰ ਵੇਲੇ ਦਿੱਲੀ ਵਿੱਚ ਬਿਜਲੀ ਖੇਤਰ ਵਿੱਚ ਕ੍ਰਾਂਤੀ ਆਈ। ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀ ਆਈ। ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਨੇ ਵੀ ਸਾਨੂੰ ਵੋਟਾਂ ਪਾ ਕੇ ਸਾਡੀ ਸਰਕਾਰ ਬਣਾਈ ਹੈ। ਹੁਣ ਦਿੱਲੀ ਵਾਂਗ ਪੰਜਾਬ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਬਿਜਲੀ, ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਰਹੀ ਹੈ।
ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਪਿਛਲੀਆਂ ਸਰਕਾਰਾਂ ਦੌਰਾਨ ਭ੍ਰਿਸ਼ਟਾਚਾਰ ਦਾ ਪੈਸਾ ਹੇਠਾਂ ਤੋਂ ਉੱਪਰ ਤੱਕ ਆਉਂਦਾ ਸੀ ਪਰ ਹੁਣ ਇਹ ਸਿਸਟਮ ਖ਼ਤਮ ਹੋ ਗਿਆ ਹੈ। ਹੇਠਲੇ ਪੱਧਰ 'ਤੇ ਕੁਝ ਭ੍ਰਿਸ਼ਟ ਲੋਕ ਜ਼ਰੂਰ ਹਨ, ਪਰ ਉਹ ਵੀ ਹੁਣ ਕਾਰਵਾਈ ਤੋਂ ਡਰਦੇ ਹਨ।
ਭ੍ਰਿਸ਼ਟਾਚਾਰ ਖਤਮ ਹੋਣ ਕਾਰਨ ਪੰਜਾਬ ਵਿੱਚ ਉਦਯੋਗਾਂ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਪਿਛਲੇ ਡੇਢ ਸਾਲ ਦੌਰਾਨ ਪੰਜਾਬ ਵਿੱਚ ਤਿੰਨ ਲੱਖ ਤੋਂ ਵੱਧ ਸੂਖਮ ਲਘੂ ਅਤੇ ਦਰਮਿਆਨੇ ਉਦਯੋਗ (ਐਮਐਸਐਮਈ) ਰਜਿਸਟਰਡ ਹੋਏ ਹਨ। ਇਸ ਤੋਂ ਇਲਾਵਾ ਹਜ਼ਾਰਾਂ ਕਰੋੜ ਰੁਪਏ ਦੇ ਨਵੇਂ ਨਿਵੇਸ਼ ਕੀਤੇ ਗਏ ਹਨ।
ਟ੍ਰੈਫਿਕ ਸਮੱਸਿਆ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਚੱਜੇ ਪ੍ਰਬੰਧਾਂ ਕਾਰਨ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਵੱਡੇ ਸ਼ਹਿਰਾਂ 'ਚ ਟ੍ਰੈਫਿਕ ਸਮੱਸਿਆ ਖਤਮ ਹੋ ਗਈ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਅਤੇ ਕਾਰੋਬਾਰੀਆਂ ਨੂੰ ਆਵਾਜਾਈ 'ਚ ਕਾਫੀ ਸਹੂਲਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵੀ ਆਵਾਜਾਈ ਦੀ ਸਮੱਸਿਆ ਹੈ। ਹੁਣ ਅਸੀਂ ਦਿੱਲੀ ਵਿੱਚ ਟ੍ਰੈਫਿਕ ਸਮੱਸਿਆ ਨੂੰ ਖਤਮ ਕਰਨ ਲਈ ਪੰਜਾਬ ਦਾ ਫਾਰਮੂਲਾ ਲਾਗੂ ਕਰਾਂਗੇ।