ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸੰਧੂ ਨੇ ਦਿੱਲੀ ਵਿਖੇ ਨਵੀਂ ਸੰਸਦ ਵਿੱਚ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ
ਹਰਜਿੰਦਰ ਸਿੰਘ ਭੱਟੀ
- ਨਵੀਂ ਸੰਸਦ ਵਿੱਚ ਪਹਿਲੇ ਬਜਟ ਸੈਸ਼ਨ ਦੇ ਪਹਿਲੇ ਦਿਨ ਸਤਨਾਮ ਸਿੰਘ ਸੰਧੂ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਮੋਹਾਲੀ, 31 ਜਨਵਰੀ 2024 - ਸਾਲ 2024-25 ਦੇ ਅੰਤਰਿਮ ਬਜਟ ਸੈਸ਼ਨ ਦੇ ਪਹਿਲੇ ਦਿਨ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਦੌਰਾਨ ਹੋਏ ਰਾਸ਼ਟਰਪਤੀ ਦੇ ਸੰਬੋਧਨ ਤੋਂ ਬਾਅਦ, ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਦੇ ਸੰਸਥਾਪਕ-ਚਾਂਸਲਰ, ਸਤਨਾਮ ਸਿੰਘ ਸੰਧੂ ਨੇ ਬੁੱਧਵਾਰ (31 ਜਨਵਰੀ) ਨੂੰ ਨਵੀਂ ਦਿੱਲੀ ਵਿਖੇ ਨਵੀਂ ਸੰਸਦ ਵਿੱਚ ਰਾਜ ਸਭਾ ਮੈਂਬਰ (ਐਮਪੀ) ਵਜੋਂ ਸਹੁੰ ਚੁੱਕੀ।
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸੰਧੂ ਨੇ ਦਿੱਲੀ ਵਿਖੇ ਨਵੀਂ ਸੰਸਦ ਵਿੱਚ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ (ਵੀਡੀਓ ਵੀ ਦੇਖੋ)
https://www.facebook.com/BabushahiDotCom/videos/942641033384475
ਸਹੁੰ ਚੁੱਕ ਸਮਾਗਮ ਭਾਰਤ ਦੇ ਮਾਨਯੋਗ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਜਗਦੀਪ ਧਨਖੜ ਦੁਆਰਾ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਨਵੇਂ ਸੰਸਦ ਭਵਨ 'ਚ ਇਹ ਪਹਿਲਾ ਬਜਟ ਸੈਸ਼ਨ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ-ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਮੰਗਲਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਿੱਖਿਆ ਅਤੇ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਲਈ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ।
ਕਿਸਾਨ ਦੇ ਪੁੱਤਰ, ਸਤਨਾਮ ਸਿੰਘ ਸੰਧੂ ਨੇ ਆਪਣੇ ਮੁੱਢਲੇ ਜੀਵਨ ਵਿੱਚ ਕਈ ਵਿਦਿਅਕ ਚੁਣੌਤੀਆਂ ਦਾ ਸਾਹਮਣਾ ਕੀਤਾ। ਹਾਲਾਂਕਿ, ਆਪਣੀ ਲਗਨ ਅਤੇ ਦ੍ਰਿੜਤਾ ਦੁਆਰਾ, ਉਹਨਾਂ ਨੇ ਆਪਣੀ ਯਾਤਰਾ ਨੂੰ ਇੱਕ ਸ਼ਾਨਦਾਰ ਸਫਲਤਾ ਦੀ ਕਹਾਣੀ ਵਿੱਚ ਬਦਲ ਦਿੱਤਾ। 2001 ਵਿੱਚ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਦੀ ਸਥਾਪਨਾ ਤੋਂ ਬਾਅਦ, ਉਹਨਾਂ ਨੇ 2012 ਵਿੱਚ ਵਿਸ਼ਵ ਪੱਧਰੀ ਚੰਡੀਗੜ੍ਹ ਯੂਨੀਵਰਸਿਟੀ ਸਥਾਪਤ ਕੀਤੀ।
ਸਿੱਖਿਆ ਵਿੱਚ ਆਪਣੇ ਯੋਗਦਾਨ ਤੋਂ ਇਲਾਵਾ, ਸੰਧੂ ਇੱਕ ਸਮਾਜ ਸੇਵੀ ਵਜੋਂ ਉਭਰੇ ਅਤੇ ਦੇਸ਼ ਵਿੱਚ ਸਿਹਤ ਅਤੇ ਤੰਦਰੁਸਤੀ ਨੂੰ ਵਧਾਉਣ ਲਈ ਭਾਈਚਾਰਕ ਪਹਿਲਕਦਮੀਆਂ ਵਿੱਚ ਸਰਗਰਮੀ ਭਾਗ ਲਿਆ। ਸਤਨਾਮ ਸਿੰਘ ਸੰਧੂ ਆਪਣੀਆਂ ਦੋ ਗੈਰ-ਸਰਕਾਰੀ ਸੰਸਥਾਵਾਂ, 'ਨਿਊ ਇੰਡੀਆ ਡਿਵੈਲਪਮੈਂਟ (ਐਨਆਈਡੀ) ਫਾਊਂਡੇਸ਼ਨ' ਅਤੇ 'ਇੰਡੀਅਨ ਘੱਟ ਗਿਣਤੀ ਫਾਊਂਡੇਸ਼ਨ' ਰਾਹੀਂ, ਦੇਸ਼ ਵਿੱਚ ਫਿਰਕੂ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਸਤਨਾਮ ਸਿੰਘ ਸੰਧੂ ਤੋਂ ਇਲਾਵਾ ਨਰਾਇਣ ਦਾਸ ਗੁਪਤਾ ਅਤੇ ਸਵਾਤੀ ਮਾਲੀਵਾਲ ਨੇ ਵੀ ਦਿੱਲੀ ਤੋਂ ਨਿਰਵਿਰੋਧ ਚੁਣੇ ਜਾਣ ਤੋਂ ਬਾਅਦ ਰਾਜ ਸਭਾ ਮੈਂਬਰਾਂ ਵਜੋਂ ਆਪਣੇ ਅਹੁਦਿਆਂ ਦੀ ਸਹੁੰ ਚੁੱਕੀ।