ਸੜਕ 'ਤੇ ਬੇਹੋਸ਼ੀ ਦੀ ਹਾਲਤ 'ਚ ਮਿਲੀ ਸਰਕਾਰੀ ਅਧਿਆਪਕਾਂ ਦੀ ਹੋਈ ਮੌਤ, ਸੜਕ ਦੁਰਘਟਨਾ ਦਾ ਸ਼ੱਕ
ਰਿਪੋਰਟਰ---ਰੋਹਿਤ ਗੁਪਤਾ
ਗੁਰਦਾਸਪੁਰ, 30 ਮਾਰਚ 2024 - ਗੁਰਦਾਸਪੁਰ ਦੇ ਪਿੰਡ ਭੁੱਲੇਚੱਕ ਨੇੜੇ ਸੜਕ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਬੇਹੋਸ਼ੀ ਦੀ ਹਾਲਤ 'ਚ ਮਿਲੀ, ਜਿਸ ਨੂੰ ਲੋਕਾਂ ਨੇ ਚੁੱਕ ਕੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਵਾਹਨ ਨੇ ਉਸ ਨੂੰ ਸਾਈਡ ਜਾਂ ਟੱਕਰ ਮਾਰ ਦਿੱਤੀ ਹੋਵੇ।ਫਿਲਹਾਲ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਿਸ ਵੱਲੋਂ ਅਧਿਆਪਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਮ੍ਰਿਤਕ ਦੀ ਪਛਾਣ ਬਲਜੀਤ ਕੌਰ (38) ਪਤਨੀ ਸਵਰਗੀ ਹਰਜਿੰਦਰ ਸਿੰਘ ਵਾਸੀ ਰਾਮ ਦਾਸ ਕਲੋਨੀ, ਸਾਹਮਣੇ ਸਰਕਾਰੀ ਆਈ.ਟੀ.ਆਈ ਗੁਰਦਾਸਪੁਰ ਵਜੋਂ ਹੋਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/7222884084474410
ਮ੍ਰਿਤਕ ਦੇ ਪਿਤਾ ਤੀਰਥ ਸਿੰਘ ਵਾਸੀ ਨਵਾਂ ਸ਼ਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾ ਸੀ। ਸ਼ੁੱਕਰਵਾਰ ਨੂੰ ਉਹ ਆਪਣੇ ਪੇਕੇ ਪਿੰਡ ਨਵਾਂ ਸ਼ਾਲਾ ਆਈ ਸੀ ਅਤੇ ਸ਼ਨੀਵਾਰ ਸਵੇਰੇ ਕਰੀਬ 7.30 ਵਜੇ ਉਹ ਨਵਾਂ ਸ਼ਾਲਾ ਤੋਂ ਆਪਣੇ ਸਕੂਲ ਪਿੰਡ ਮਚਲੇ ਲਈ ਚਲੀ ਗਈ। ਕੁਝ ਸਮੇਂ ਬਾਅਦ ਉਨਾ ਨੂੰ ਕਿਸੇ ਦਾ ਫੋਨ ਆਇਆ ਕਿ ਬਲਜੀਤ ਕੌਰ ਪਿੰਡ ਭੁੱਲੇਚੱਕ ਕੋਲ ਸੜਕ ’ਤੇ ਪਈ ਹੈ। ਅਸੀਂ ਮੌਕੇ 'ਤੇ ਪਹੁੰਚੇ ਅਤੇ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕਾ ਦੇ ਪਿਤਾ ਤੀਰਥ ਸਿੰਘ ਨੇ ਦੱਸਿਆ ਕਿ ਬਲਜੀਤ ਕੌਰ ਦਾ ਪਤੀ ਫੌਜ ਵਿੱਚ ਸੀ, ਕਰੀਬ ਦੋ ਸਾਲ ਪਹਿਲਾਂ ਜਦੋਂ ਉਹ ਛੁੱਟੀ ’ਤੇ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਟਰੇਨ ਦੀ ਲਪੇਟ ਵਿੱਚ ਆਉਣ ਨਾਲ ਉਸ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਹੁਣ ਕੇਵਲ ਬਲਜੀਤ ਕੌਰ ਹੀ ਆਪਣੇ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ। ਉਨਾ ਨੇ ਦੱਸਿਆ ਕਿ ਬਲਜੀਤ ਕੌਰ ਦੇ ਤਿੰਨ ਬੱਚੇ ਹਨ, ਜਿਨ੍ਹਾਂ 'ਚੋਂ ਇਕ 13 ਸਾਲ ਦੀ ਬੇਟੀ, ਦੂਸਰੀ 10 ਸਾਲ ਦੀ ਬੇਟੀ ਅਤੇ ਇਕ 8 ਸਾਲ ਦਾ ਬੇਟਾ ਹੈ। ਉਸ ਦੇ ਤਿੰਨ ਬੱਚੇ ਆਰਮੀ ਸਕੂਲ ਵਿੱਚ ਹੀ ਪੜ੍ਹਦੇ ਹਨ।