ਰੂਸ ਚ ਫਸੇ ਨੌਜਵਾਨਾਂ ਦੀ ਅਪੀਲ,"ਬਚਾਅ ਲਓ ਨਹੀਂ ਤਾਂ ਸਾਡੀਆਂ ਲਾਸ਼ਾਂ ਵੀ ਨਹੀਂ ਮਿਲਣੀਆਂ"
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 31 ਮਾਰਚ 2024 - ਭਾਰਤ ਦੇ ਸੱਤ ਪੰਜ਼ਾਬੀ ਨੌਜਵਾਨ ਜਿਹਨਾਂ ਦੀ ਰਸ਼ਿਆ ਤੋ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਰੀਬ ਇਕ ਮਹੀਨੇ ਪਹਿਲਾਂ ਵਾਇਰਲ ਹੋਈ ਸੀ ।ਜਿਸ ਵਿੱਚ ਨੌਜਵਾਨ ਜੋ ਆਪਣੇ ਆਪ ਨੂੰ ਪੰਜਾਬ ਅਤੇ ਹਰਿਆਣਾ ਸੂਬੇ ਦੇ ਦੱਸਦੇ ਹੋਏ ਕਹਿ ਰਹੇ ਸਨ ਕਿ ਉਹ ਰੂਸ ਵਿੱਚ ਘੁੰਮਣ ਲਈ ਆਏ ਸਨ, ਜਿੱਥੇ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਜ਼ਬਰਦਸਤੀ ਫੌਜ ਵਿੱਚ ਭਰਤੀ ਕਰ ਯੁਕਰੇਨ ਲਿਆਂਦਾ ਗਿਆ ਹੈ, ਅਤੇ ਜੰਗ ਵਿੱਚ ਭੇਜਿਆ ਜਾ ਰਿਹਾ ਹੈ। ਭਾਵੇ ਕਿ ਵੀਡੀਓ ਦੇ ਵਾਇਰਲ ਹੋਣ ਤੋ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਜਲਦ ਨੌਜਵਾਨਾਂ ਦੀ ਮਦਦ ਲਈ ਪਰਿਵਾਰਾਂ ਨੂੰ ਅਸ਼ਵਾਸ਼ਨ ਦਿੱਤਾ ਸੀ ਲੇਕਿਨ ਹੁਣ ਦੋਬਾਰਾ ਉਹਨਾਂ ਨੌਜਵਾਨਾਂ ਦੀਆ ਦੋ ਹੋਰ ਨਵੀਆਂ ਵੀਡੀਓ ਆਈਆਂ ਹਨ ਜਿਸ ਚ ਨੌਜਵਾਨ ਦੱਸ ਰਹੇ ਹਨ ਕਿ ਉਹ ਫੌਜ ਕੋਲ ਹੀ ਹਨ ਅਤੇ ਉਹਨਾਂ ਨੂੰ ਜ਼ਬਰਦਸਤੀ ਉਸ ਜਗ੍ਹਾ ਤੇ ਭੇਜਿਆ ਗਿਆ ਹੈ ਜਿੱਥੇ ਜੰਗ ਲੱਗੀ ਹੋਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/959654735525643
ਉਥੇ ਹੀ ਵੀਡੀਓ ਚ ਮੌਜੂਦ ਨੌਜਵਾਨਾਂ ਚੋਂ ਇਕ ਨੌਜਵਾਨ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਕਿਰਨ ਦਾ ਗਗਨਦੀਪ ਸਿੰਘ ਹੈ ਅਤੇ ਪਿੱਛੇ ਉਸਦੇ ਪਰਿਵਾਰ ਚ ਮਾਤਾ ਪਿਤਾ ਦਾ ਬੁਰਾ ਹਾਲ ਹੈ। ਗਗਨਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਗੱਲਬਾਤ ਕਰਦੇ ਆਪਣੇ ਬੇਟੇ ਅਤੇ ਉਸਦੇ ਨਾਲ ਜੋ ਸਾਥੀ ਸਨ ਉਹਨਾਂ ਦਾ ਹਾਲ ਬਿਆਨ ਕੀਤਾ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਗਗਨਦੀਪ ਨੇ ਫ਼ੋਨ ਕਰ ਹਾਲਾਤ ਦੱਸੇ ਹਨ ਕਿ ਉਹਨਾ ਨੂੰ ਰੂਸੀ ਸੈਨਾ ਵੱਲੋਂ ਅੱਗੇ ਭੇਜਿਆ ਗਿਆ ਸੀ ਅਤੇ ਉਹਨਾਂ ਨੂੰ ਬੰਕਰਾਂ ਚ ਰੱਖਿਆ ਗਿਆ ਅਤੇ ਬੰਦੂਕਾਂ ਅਤੇ ਗੋਲੇ ਫੜਾ ਦਿਤੇ ਗਏ ਹਨ।ਪਿਤਾ ਬਲਵਿੰਦਰ ਸਿੰਘ ਦੱਸਦੇ ਹਨ ਕਿ ਉਹਨਾਂ ਆਪਣੇ ਪੁੱਤ ਦੀ ਘਰ ਵਾਪਿਸੀ ਲਈ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਅਤੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਘਰ ਆ ਕੇ ਅਸ਼ਵਾਸ਼ਨ ਦੇਕੇ ਗਏ ਸਨ ਲੇਕਿਨ ਹੁਣ ਤੱਕ ਕੁਝ ਨਹੀਂ ਹੋਇਆ ਹੈ ।ਉਹ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰ ਰਹੇ ਹਨ ਕਿ ਉਹ ਇਸ ਮਾਮਲੇ ਚ ਜਲਦ ਕਦਮ ਚੁਕਣ ਅਤੇ ਜਲਦ ਉਹਨਾਂ ਦੇ ਬੱਚੇ ਅਤੇ ਹੋਰਨਾਂ ਜੋ ਨੌਜਵਾਨ ਜੋ ਉਥੇ ਫਸੇ ਹਨ ਨੂੰ ਭਾਰਤ ਵਾਪਿਸ ਲਿਆਂਦਾ ਜਾਵੇ |