ਭਾਜਪਾ ਨੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ 'ਤੇ ਜਤਾਇਆ ਭਰੋਸਾ
- ਦਿਨੇਸ਼ ਬੱਬੂ ਨੇ ਕਿਹਾ, ਮੈਂ ਇਸ ਭਰੋਸੇ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ
ਰਿਪੋਰਟਰ---ਰੋਹਿਤ ਗੁਪਤਾ
ਗੁਰਦਾਸਪੁਰ, 31 ਮਾਰਚ 2024 - ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ, ਜਿਸ ਦੇ ਚੱਲਦਿਆਂ ਭਾਜਪਾ ਨੇ ਪੰਜਾਬ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਵਸਨੀਕ ਦਿਨੇਸ਼ ਸਿੰਘ ਬੱਬੂ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਲਈ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ। ਦਿਨੇਸ਼ ਸਿੰਘ ਬੱਬੂ ਦਾ ਨਾਮ ਲਿਸਟ ਵਿੱਚ ਆਉਂਦੇ ਹੀ ਉਨ੍ਹਾਂ ਦੇ ਘਰ ਵਰਕਰਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਅਤੇ ਉਹਨਾਂ ਨੇ ਢੋਲ ਦੀ ਥਾਪ ਤੇ ਭੰਗੜੇ ਵੀ ਪਾਏ ਅਤੇ ਖੂਬ ਆਤਿਸ਼ਬਾਜ਼ੀ ਵੀ ਕੀਤੀ।ਦੱਸ ਦੇਈਏ ਕਿ ਦਿਨੇਸ਼ ਸਿੰਘ ਬੱਬੂ ਲਗਾਤਾਰ ਤਿੰਨ ਵਾਰ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ। ਹੁਣ ਭਾਜਪਾ ਵਲੋਂ ਉਨ੍ਹਾਂ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/729218439391363
ਇਸ ਸਬੰਧੀ ਜਦੋਂ ਦਿਨੇਸ਼ ਸਿੰਘ ਬੱਬੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਮੇਰੇ 'ਤੇ ਭਰੋਸਾ ਜਤਾਇਆ ਹੈ, ਮੈਂ ਵੀ ਪਾਰਟੀ ਦੀਆਂ ਉਮੀਦਾਂ 'ਤੇ ਖਰਾ ਉਤਰਾਂਗਾ ਅਤੇ ਗੁਰਦਾਸਪੁਰ ਲੋਕ ਸਭਾ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂਗਾ। ਉਹਨਾਂ ਕਿਹਾ ਕਿ ਓਹ ਕਈ ਸਥਾਨਕ ਮੁੱਦੇ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਣਗੇ। ਉਹਨਾਂ ਕਿਹਾ ਕਿ ਭਾਜਪਾ ਤੋਂ ਇਲਾਵਾ ਕਿਸੇ ਵੀ ਪਾਰਟੀ ਨੇ ਪੰਜਾਬ ਲਈ ਕਦੇ ਸੋਚਿਆ ਵੀ ਨਹੀਂ ਹੈ। ਲੋਕ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕਰਕੇ ਉਸ ਨੂੰ ਪੰਜਾਬ ਦੀ ਸੱਤਾ ਸੌਂਪ ਕੇ ਵੀ ਆਪਣੀ ਗਲਤੀ ਦਾ ਅਹਿਸਾਸ ਕਰ ਰਹੇ ਹਨ। ਕੇਂਦਰ ਵਿੱਚ ਮੁੜ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਰਿਕਾਰਡ ਸੀਟਾਂ ਜਿੱਤ ਕੇ ਸਰਕਾਰ ਬਣਾਏਗੀ।