ਕੇਂਦਰ ਦੇ ਖਰੀਦ ਮੰਡੀਆਂ ਖ਼ਤਮ ਕਰਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਕਿਸਾਨ ਆਪ ਦਾ ਬਾਈਕਾਟ ਕਰਨ: ਸੁਖਬੀਰ ਬਾਦਲ ਨੇ ਕੀਤੀ ਅਪੀਲ
- ਕਿਹਾ ਕਿ ਆਪ ਸਰਕਾਰ ਸਰਕਾਰੀ ਖਰੀਦ ਕੇਂਦਰ ਕਾਰਪੋਰੇਟਾਂ ਹਵਾਲੇ ਕਰ ਰਹੀ ਹੈ
ਸੰਗਰੂਰ, 31 ਮਾਰਚ 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਸਰਕਾਰੀ ਖਰੀਦ ਮੰਡੀਆਂ ਖਤਮ ਕਰਨ ਦਾ ਕੇਂਦਰ ਸਰਕਾਰ ਦਾ ਏਜੰਡਾ ਲਾਗੂ ਕਰਨ ਲਈ ਆਮ ਆਦਮੀ ਪਾਰਟੀ (ਆਪ) ਦਾ ਬਾਈਕਾਟ ਕਰਨ ਕਿਉਂਕਿ ਆਪ ਸਰਕਾਰ ਨੇ ਪੰਜਾਬ ਦੇ 9 ਜ਼ਿਲ੍ਹਿਆਂ ਵਿਚ 11 ਗੋਦਾਮਾਂ ਨੂੰ ਕਣਕ ਦੀ ਖਰੀਦ, ਵਿਕਰੀ, ਸਟੋਰੇਜ ਤੇ ਪ੍ਰੋਸੈਸਿੰਗ ਲਈ ਖਰੀਦ ਕੇਂਦਰ ਐਲਾਨ ਦਿੱਤਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1152078499145048
ਅਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਗੁਰਬਚਨ ਸਿੰਘ ਬਚੀ ਦੇ ਪਿਤਾ ਜਥੇਦਾਰ ਅਮਰੀਕ ਸਿੰਘ ਮੰਡੇਰ ਦੇ ਭੋਗ ਸਮਾਗਮ ਵਿਚ ਹਾਜ਼ਰੀ ਲੁਆਈ,ਮਾਲੇਰਕੋਟਲਾ ਵਿਚ ਇਫਤਾਰ ਪਾਰਟੀ ਵਿਚ ਸ਼ਮੂਲੀਅਤ ਕੀਤੀ ਅਤੇ ਸੰਗਰੂਰ ਵੱਖ-ਵੱਖ ਜਨਤਕ ਇਕੱਠਾਂ ਨੂੰ ਸੰਬੋਧਨ ਵੀ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਣ ਬੁਝ ਕੇ ਸੂਬੇ ਵਿਚ ਮੰਡੀਆਂ ਦੀ ਪ੍ਰਣਾਲੀ ਖਤਮ ਕਰ ਰਹੇ ਹਨ ਅਤੇ ਸਰਕਾਰੀ ਖਰੀਦ ਮੰਡੀਆਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਜਿਹੜੇ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਸਨ ਜਿਹਨਾਂ ਖਿਲਾਫ ਕਿਸਾਨ ਅੰਦੋਲਨ ਹੋਇਆ ਸੀ, ਵਿਚ ਵੀ ਇਹੀ ਵਿਵਸਥਾ ਸੀ ਕਿ ਸਰਕਾਰੀ ਖਰੀਦ ਮੰਡੀਆਂ ਨੂੰ ਖ਼ਤਮ ਕਰ ਕੇ ਇਹਨਾਂ ਦਾ ਨਿੱਜੀਕਰਨ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਵਿਚ ਚਲ ਰਹੇ ਇਸ ਸਿਸਟਮ ਨੂੰ ਰੋਕਣ ਵਾਸਤੇ ਇਕਜੁੱਟ ਹੋਣਾ ਪਵੇਗਾ ਕਿਉਂਕਿ ਇਸ ਨਾਲ ਤਿੰਨ ਖੇਤੀ ਕਾਨੂੰਨ ਵੇਲੇ ਹੋਈਆਂ ਸ਼ਹਾਦਤਾਂ ਦਾ ਮੁੱਲ ਖ਼ਤਮ ਹੋ ਜਾਵੇਗਾ ਤੇ ਸੂਬੇ ਵਿਚ ਅਨਾਜ ਖਰੀਦ ਮੰਡੀਆਂ ਦਾ ਨਿੱਜੀਕਰਨ ਸ਼ੁਰੂ ਹੋ ਜਾਵੇਗਾ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣ ਕਿ ਸਾਰੀਆਂ ਫਸਲਾਂ ਦੀ ਐਮ ਐਸ ਪੀ ’ਤੇ ਖਰੀਦ ਲਈ ਹੁਣ ਉਹਨਾਂ ਦਾ ਕੀ ਬਿਆਨ ਹੈ ਕਿਉਂਕਿ ਭਗਵੰਤ ਮਾਨੇ 2022 ਦੀਆਂ ਚੋਣਾਂ ਵਿਚ ਸਪਸ਼ਟ ਬਿਆਨ ਦਿੱਤਾ ਸੀ ਕਿ ਜੇਕਰ ਸੂਬੇ ਵਿਚ ਆਪ ਦੀ ਸਰਕਾਰ ਬਣੀ ਤਾਂ ਸਾਰੀਆਂ 22 ਫਸਲਾਂ ਦੀ ਖਰੀਦ ਐਮ ਐਸ ਪੀ ’ਤੇ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਆਪ ਦੀ ਸਰਕਾਰ ਬਣਦਿਆਂ ਹੀ ਇਹ ਵਾਅਦਾ ਵਿਸਾਰ ਦਿੱਤਾ ਗਿਆ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਖਾਲਸਾ ਪੰਥ ਤੇ ਪੰਜਾਬੀਆਂ ਦੀ ਸਹੀ ਪ੍ਰਤੀਨਿਧ ਜਮਾਤ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਦੀਆਂ ਆਸਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਅਸੀਂ ਉਹਨਾਂ ਦੀ ਪੂਰਤੀ ਵਾਸਤੇ ਸਭ ਕੁਝ ਕਰਾਂਗੇ।
ਉਹਨਾਂ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਨੂੰ ਸਿਰਫ ਸੱਤਾ ਵਿਚ ਦਿਲਚਸਪੀ ਹੈ ਤਾਂ ਜੋ ਕੌਮੀ ਹਿੱਤਾਂ ਦੀ ਪੂਰਤੀ ਕੀਤੀ ਜਾਵੇ ਅਤੇ ਇਹ ਕਦੇ ਵੀ ਪੰਜਾਬ ਨੂੰ ਨਿਆਂ ਨਹੀਂ ਦੇਣਗੀਆਂ।
ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀਆਂ ਕੌਮੀ ਇੱਛਾਵਾਂ ਦੀ ਪੂਰਤੀ ਵਾਸਤੇ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕਰ ਰਹੀ ਹੈ। ਉਹਨਾਂ ਕਿਹਾ ਕਿ ਬਿਲਡਿਰਾਂ ਨੂੰ ਸੱਦ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਖ਼ਾਤੇ ਵਿਚ ਪੰਜ-ਪੰਜ ਕਰੋੜ ਰੁਪਏ ਜਮ੍ਹਾਂ ਕਰਨ ਵਾਸਤੇ ਆਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਨੇਕਾਂ ਥਾਵਾਂ ’ਤੇ ਮੁੱਖ ਮੰਤਰੀ ਦੇ ਪਰਿਵਾਰ ਨੇ ਕੇਬਲ ਨੈਟਵਰਕ ’ਤੇ ਕਬਜ਼ਾ ਕਰ ਲਿਆ ਹੈ ਤੇ ਇਸਦੇ ਮੈਂਬਰਾਂ ਦੇ ਆਪਣੇ ਘੁਟਾਲੇ ਸ਼ੁਰੂ ਹੋ ਗਏ ਹਨ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਵੱਲੋਂ ਜਿਹਨਾਂ ਕਿਸਾਨਾਂ ਦੀ ਕਣਕ ਦੀ ਫਸਲ ਦਾ ਬੇਮੌਸਮੀ ਬਰਸਾਤਾਂ ਤੇ ਗੜ੍ਹੇਮਾਰੀ ਕਾਰਨ ਦੂਜੀ ਵਾਰ ਨੁਕਸਾਨ ਹੋਇਆ ਹੈ, ਉਹਨਾਂ ਦੀ ਮਦਦ ਲਈ ਨਾ ਨਿਤਰਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਕੋਲ ਕਿਸਾਨਾਂ ਵਾਸਤੇ ਹਮਦਰਦੀ ਦੇ ਦੋ ਬੋਲ ਨਹੀਂ ਹਨ ਤੇ ਨਾ ਹੀ ਉਹਨਾਂ ਨੂੰ ਫਸਲਾਂ ਦੇ ਨੁਕਸਾਨ ਬਾਰੇ ਕੀਤੇ ਵਾਅਦੇ ਅਨੁਸਾਰ ਅੰਤਰਿਮ ਰਾਹਤ ਮਿਲੀ ਹੈ।
ਉਹਨਾਂ ਨੇ ਮੰਗ ਕੀਤੀ ਕਿ ਫਸਲਾਂ ਦੇ ਨੁਕਸਾਨ ਦੇ ਜਾਇਜ਼ੇ ਲਈ ਤੁਰੰਤ ਗਿਰਦਾਵਰੀਆਂ ਸ਼ੁਰੂ ਕੀਤੀਆਂ ਜਾਣ ਤੇ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਸਰਦਾਰ ਇਕਬਾਲ ਸਿੰਘ ਝੂੰਦਾ, ਸਰਦਾਰ ਗੋਬਿੰਦ ਸਿੰਘ ਲੌਂਗੋਵਾਲ, ਸਰਦਾਰ ਬਲਦੇਵ ਸਿੰਘ ਮਾਨ, ਸ੍ਰੀ ਪ੍ਰਕਾਸ਼ ਚੰਦ ਗਰਗ, ਸਰਦਾਰ ਗਗਨਜੀਤ ਸਿੰਘ ਬਰਨਾਲਾ, ਸਰਦਾਰ ਤੇਜਿੰਦਰ ਸਿੰਘ ਸੰਘੇੜੀ, ਸ੍ਰੀ ਵਿਨਰਜੀਤ ਸਿੰਘ ਗੋਲਡੀ, ਸ੍ਰੀ ਰਾਜਿੰਦਰ ਦੀਪਾ ਅਤੇ ਜ਼ਾਹਿਦਾ ਸੁਲੇਮਾਨ ਵੀ ਮੌਜੂਦ ਸਨ।