ਵਿਧਵਾ ਮਾਂ ਨੇ ਕਰਜ਼ਾ ਚੁੱਕ ਕੇ ਇੱਕ ਸਾਲ ਪਹਿਲਾਂ ਇਕਲੌਤੇ ਪੁੱਤ ਨੂੰ ਭੇਜਿਆ ਕੈਨੇਡਾ, ਉੱਥੇ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਰਿਪੋਰਟਰ..... ਰੋਹਿਤ ਗੁਪਤਾ
ਗੁਰਦਾਸਪੁਰ, 2 ਅਪ੍ਰੈਲ 2024 - ਗੁਰਦਾਸਪੁਰ ਦੇ ਥਾਣਾ ਕਲਾਨੌਰ ਅਧੀਨ ਪੈਂਦੇ ਪਿੰਡ ਸ਼ੇਖ ਮੀਰ ਦੇ ਰਹਿਣ ਵਾਲੇ ਵਿਧਵਾ ਮਾਂ ਦੇ ਪੁੱਤ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਕਾਰਨ ਵਿਧਵਾ ਮਾਂ ’ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਵਿਧਵਾ ਮਾਂ ਨੇ ਇਕ ਸਾਲ ਪਹਿਲਾਂ ਹੀ ਕਰਜ਼ਾ ਚੁੱਕ ਕੇ ਪੁੱਤ ਦੇ ਚੰਗੇ ਭਵਿੱਖ ਲਈ ਕੈਨੇਡਾ ਭੇਜਿਆ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/431007752771716
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਂ ਸਰਬਜੀਤ ਕੌਰ ਅਤੇ ਪਰਿਵਾਰਕ ਮੈਂਬਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਤਿੰਦਰ ਸਿੰਘ (23) ਪੁੱਤਰ ਦਲਬੀਰ ਸਿੰਘ ਇਕ ਸਾਲ ਪਹਿਲਾਂ 5 ਅਪ੍ਰੈਲ 2023 ਨੂੰ ਰੋਜ਼ੀ-ਰੋਟੀ ਲਈ ਵਿੰਡਸਰ, ਓਨਟਾਰੀਓ, ਕੈਨੇਡਾ ਗਿਆ ਸੀ। ਸਤਿੰਦਰ ਸਿੰਘ ਹਰ ਰੋਜ਼ ਸਵੇਰੇ ਆਪਣੀ ਮਾਂ ਨੂੰ ਫੋਨ ਕਰਦਾ ਸੀ ਅਤੇ ਪਰ ਹੁਣ ਜਦੋਂ ਫੋਨ ਨਹੀਂ ਆਇਆ ਤਾਂ ਮਾਤਾ ਸਰਬਜੀਤ ਕੌਰ ਨੇ ਕਈ ਵਾਰ ਫੋਨ ਕੀਤਾ ਪਰ ਕਿਸੇ ਨੇ ਨਹੀਂ ਚੁੱਕਿਆ। ਇਸ ਤੋਂ ਬਾਅਦ ਇਕ ਹੋਰ ਨੌਜਵਾਨ ਨੇ ਫੋਨ 'ਤੇ ਦੱਸਿਆ ਕਿ ਸਤਿੰਦਰ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।
ਮ੍ਰਿਤਕ ਦੇ ਚਾਚੇ ਦੇ ਲੜਕੇ ਤੇਜਬੀਰ ਨੇ ਦੱਸਿਆ ਕਿ ਉਸ ਦਾ ਭਰਾ ਗੁਰਦਾਸ ਮਾਡਰਨ ਸੀਨੀਅਰ ਸਕੂਲ ਲੱਖਣਕਲਾਂ ਤੋਂ ਕੰਪਿਊਟਰ ਡਿਪਲੋਮਾ ਕਰ ਕੇ ਕੈਨੇਡਾ ਚਲਾ ਗਿਆ ਸੀ। ਇੱਥੇ ਦੱਸ ਦੇਈਏ ਕਿ ਮ੍ਰਿਤਕ ਸਤਿੰਦਰ ਸਿੰਘ ਦੇ ਪਿਤਾ ਦੀ ਕਰੀਬ 5 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਆਪਣੀ ਮਾਂ ਦੀ ਮਦਦ ਨਾਲ ਪੜ੍ਹਾਈ ਕਰ ਰਿਹਾ ਸੀ। ਸਤਿੰਦਰ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੱਸਿਆ ਕਿ ਸਤਿੰਦਰ ਸਿੰਘ ਕੋਲ ਸਿਰਫ਼ ਇੱਕ ਏਕੜ ਜ਼ਮੀਨ ਸੀ ਇਸ ਲਈ ਉਹ ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਚਲਾ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਪੰਜਾਬ, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਨੌਜਵਾਨਾਂ ਨੂੰ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਵਿੱਚ ਮਦਦ ਦੀ ਅਪੀਲ ਕੀਤੀ ਹੈ।